ਚੰਡੀਗੜ੍ਹ : ਪੰਜਾਬ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਲੰਬੇ ਸਮੇਂ ਬਾਅਦ ਆਪਣੇ ਦਫ਼ਤਰ 'ਚ ਵਾਪਸੀ ਕੀਤੀ ਹੈ। ਸੁਰੇਸ਼ ਕੁਮਾਰ ਨੇ ਦਫ਼ਤਰ ਜਾ ਕੇ ਮੁੜ ਆਪਣੇ ਕੰਮ ਦਾ ਕਾਰਜ ਭਾਰ ਸੰਭਾਲ ਲਿਆ ਹੈ। ਦੱਸ ਦੇਈਏ ਕਿ ਹਾਈਕੋਰਟ 'ਚ ਉਨ੍ਹਾਂ ਨੂੰ ਲੈ ਕੇ ਚੱਲ ਰਹੇ ਕੇਸ ਦੀ ਸਹੀ ਤਰੀਕੇ ਨਾਲ ਪੈਰਵੀ ਨਾ ਹੋਣ ਕਾਰਨ ਉਹ ਨਾਰਾਜ਼ ਸਨ ਅਤੇ ਉਨ੍ਹਾਂ ਨੇ ਦਫ਼ਤਰ ਆਉਣਾ ਬੰਦ ਕਰ ਦਿੱਤਾ ਸੀ।
ਇਸ ਤੋਂ ਬਾਅਦ ਉਹ ਪੰਜਾਬ ਭਵਨ 'ਚ ਬੈਠਣ ਲੱਗ ਗਏ ਸਨ ਅਤੇ ਉੱਥੋਂ ਆਪਣਾ ਦਫ਼ਤਰੀ ਕੰਮ ਕਰਨ ਲੱਗ ਪਏ। ਹਾਲ ਹੀ 'ਚ ਸੁਰੇਸ਼ ਕੁਮਾਰ ਨੇ ਉੱਥੋਂ ਆਪਣਾ ਦਫ਼ਤਰ ਬੰਦ ਕਰ ਦਿੱਤਾ ਸੀ ਅਤੇ ਸਰਕਾਰੀ ਵਾਹਨ ਵੀ ਵਾਪਸ ਕਰ ਦਿੱਤਾ ਸੀ। ਮੰਗਲਵਾਰ ਨੂੰ ਉਨ੍ਹਾਂ ਮੁੱਖ ਮੰਤਰੀ ਨੂੰ ਡਾਕ ਰਾਹੀਂ ਅਸਤੀਫਾ ਭੇਜਿਆ ਸੀ। ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਡੇਢ ਘੰਟਾ ਚੱਲੀ ਮੀਟਿੰਗ ਤੋਂ ਬਾਅਦ ਉਨ੍ਹਾਂ ਦਾ ਅਸਤੀਫਾ ਬਿਨਾਂ ਕਿਸੇ ਰਸਮੀ ਬਿਆਨ ਦੇ ਵਾਪਸ ਹੋ ਗਿਆ ਸੀ।
ਸੂਤਰਾਂ ਅਨੁਸਾਰ ਉਨ੍ਹਾਂ ਦੀ ਨਾਰਾਜ਼ਗੀ ਐਡਵੋਕੇਟ ਜਨਰਲ ਦਫ਼ਤਰ ਨਾਲ ਦੱਸੀ ਜਾ ਰਹੀ ਹੈ, ਜੋ ਉਨ੍ਹਾਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਦੱਸਣਯੋਗ ਹੈ ਕਿ ਸੁਰੇਸ਼ ਕੁਮਾਰ ਦਾ ਕੇਸ 24 ਫਰਵਰੀ ਨੂੰ ਅਦਾਲਤ 'ਚ ਲੱਗਾ ਸੀ। ਉਸ ਦਿਨ ਐਡਵੋਕੇਟ ਜਨਰਲ ਅਤੁਲ ਨੰਦਾ ਅਦਾਲਤ 'ਚ ਪੇਸ਼ ਨਹੀਂ ਹੋਏ ਅਤੇ ਉਨ੍ਹਾਂ ਐਡੀਸ਼ਨਲ ਐਡਵੋਕੇਟ ਜਨਰਲ ਅਨੂੰ ਚਤਰਥ ਨੂੰ ਭੇਜ ਦਿੱਤਾ ਸੀ, ਜਿਨ੍ਹਾਂ ਸੁਰੇਸ਼ ਕੁਮਾਰ ਦੇ ਮਾਮਲੇ 'ਚ ਅਦਾਲਤ ਤੋਂ ਸਮਾਂ ਮੰਗਿਆ ਸੀ।
ਹਾਈਕੋਰਟ ਨੇ ਕੇਸ ਦੀ ਸੁਣਵਾਈ ਦੀ ਅਗਲੀ ਤਾਰੀਖ਼ 18 ਮਈ ਪਾ ਦਿੱਤੀ ਸੀ। ਇਸ ਤੋਂ ਬਾਅਦ ਹੁਣ ਅਦਾਲਤ 14 ਸਤੰਬਰ ਨੂੰ ਇਸ ਮਾਮਲੇ ਦੀ ਸੁਣਵਾਈ ਕਰੇਗਾ। ਸੁਰੇਸ਼ ਕੁਮਾਰ ਨੇ ਮੁੱਖ ਮੰਤਰੀ ਨੂੰ ਕਿਹਾ ਸੀ ਕਿ ਇਸ ਮਾਮਲੇ 'ਚ ਤੇਜ਼ੀ ਲਿਆਂਦੀ ਜਾਵੇ ਅਤੇ ਜੇਕਰ ਸਰਕਾਰ ਮਾਮਲੇ 'ਚ ਤੇਜ਼ੀ ਨਾਲ ਕਾਰਵਾਈ ਕਰਦੀ ਹੈ ਤਾਂ ਉਹ ਵਾਪਸ ਆਉਣ ਲਈ ਤਿਆਰ ਹਨ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਸੀ ਕਿ ਇਸ ਮਾਮਲੇ 'ਚ ਉਹ ਲੋੜੀਂਦੀ ਕਾਰਵਾਈ ਕਰਨਗੇ। ਇਸ ਤੋਂ ਬਾਅਦ ਸੁਰੇਸ਼ ਕੁਮਾਰ ਨੇ ਆਪਣੇ ਦਫ਼ਤਰ 'ਚ ਵਾਪਸੀ ਕਰ ਲਈ ਹੈ।
ਬਿਨਾਂ ਪ੍ਰੀਖਿਆ ਲਏ ਇਕੱਠੀ ਕੀਤੀ ਫੀਸ ਵਿਦਿਆਰਥੀਆਂ ਨੂੰ ਵਾਪਸ ਕਰੇ ਸਰਕਾਰ : 'ਆਪ'
NEXT STORY