ਚੰਡੀਗਡ਼੍ਹ, (ਹਾਂਡਾ)- ਸੈਕਟਰ-45 ਦੇ ਬੁਡ਼ੈਲ ’ਚ ਇਕ ਅਜਿਹੀ ਸ਼ਰਮਸਾਰ ਘਟਨਾ ਸਾਹਮਣੇ ਆਈ ਹੈ, ਜਿਸ ਨੇ ਮਨੁੱਖਤਾ ਦੀਆਂ ਸਾਰੀ ਹੱਦਾਂ ਤੋਡ਼ ਦਿੱਤੀਆਂ। ਇਕ ਔਰਤ 6 ਮਹੀਨਿਆਂ ਤੋਂ ਗਰਭਵਤੀ ਸੀ, ਜਿਸ ਨੂੰ ਖੰਘ ਅਤੇ ਜ਼ੁਕਾਮ ਦੀ ਸ਼ਿਕਾਇਤ ਸੀ। ਔਰਤ ਜਦੋਂ ਹਸਪਤਾਲ ’ਚ ਚੈੱਕਅਪ ਤੋਂ ਬਾਅਦ ਘਰ ਪਰਤੀ ਤਾਂ ਪਤੀ ਨੇ ਉਸ ਨੂੰ ਘਰ ’ਚ ਦਾਖਲ ਨਹੀਂ ਹੋਣ ਦਿੱਤਾ। ਪੁਲਸ ਮੌਕੇ ’ਤੇ ਪਹੁੰਚੀ ਅਤੇ ਪਰਿਵਾਰ ਨੂੰ ਸਮਝਾ ਕੇ ਘਰ ’ਚ ਦਾਖਲ ਕਰਵਾਇਆ ਪਰ ਪਰਿਵਾਰ ਨੇ ਉਸ ਨੂੰ ਅਜੇ ਵੀ ਵੱਖਰਾ ਹੀ ਰੱਖਿਆ ਹੋਇਆ ਹੈ।
ਪਰਿਵਾਰ ਵਾਲਿਆਂ ਨੂੰ ਕਿਸੇ ਨੇ ਸੂਚਿਤ ਨਹੀਂ ਕੀਤਾ
ਔਰਤ ਪਹਿਲਾਂ ਤਾਂ ਇਕੱਲੀ ਸੈਕਟਰ-45 ਦੇ ਸਿਵਲ ਹਸਪਤਾਲ ਚਲੀ ਗਈ, ਜਿੱਥੇ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਅਤੇ ‘ਕੋਰੋਨਾ ਵਾਇਰਸ’ ਦੇ ਲੱਛਣ ਦੱਸ ਕੇ ਉਸ ਨੂੰ ਐਂਬੂਲੈਂਸ ’ਚ ਜੀ. ਐੱਮ. ਐੱਸ. ਐੱਚ.-16 ਪਹੁੰਚਾ ਦਿੱਤਾ, ਹਾਲਾਂਕਿ ਔਰਤ ਨੇ ਪਤੀ ਅਤੇ ਘਰ ਵਾਲਿਆਂ ਨੂੰ ਸੂਚਨਾ ਦੇਣ ਦੀ ਗੱਲ ਕਹੀ ਪਰ ਹਸਪਤਾਲ ਪ੍ਰਸ਼ਾਸਨ ਨੇ ਕਿਸੇ ਨੂੰ ਸੂਚਨਾ ਨਹੀਂ ਦਿੱਤੀ। ਔਰਤ ਕੋਲ ਫੋਨ ਨਹੀਂ ਸੀ। ਉਹ ਵਾਰ-ਵਾਰ ਡਾਕਟਰਾਂ ਅਤੇ ਹਸਪਤਾਲ ਸਟਾਫ ਨੂੰ ਉਸ ਦੇ ਘਰ ਵਾਲਿਆਂ ਨੂੰ ਸੂਚਨਾ ਦੇਣ ਦੀ ਗੱਲ ਕਹਿੰਦੀ ਰਹੀ ਪਰ ਉਸ ਨੂੰ ਇਹ ਕਹਿ ਕੇ ਸੈਕਟਰ-16 ਦੇ ਹਸਪਤਾਲ ਭੇਜ ਦਿੱਤਾ ਗਿਆ ਕਿ ਫੋਨ ਕਰਨ ਦਾ ਸਮਾਂ ਨਹੀਂ ਹੈ।
ਜ਼ੁਕਾਮ ਅਤੇ ਬੁਖਾਰ ਦੀ ਦਵਾਈ ਦਿੱਤੀ
ਜੀ. ਐੱਮ. ਐੱਸ. ਐੱਚ.-16 ’ਚ ਔਰਤ ਦੀ ਜਾਂਚ ਹੋਈ, ਜਿਸ ’ਚ ਉਸ ਨੂੰ ਜ਼ੁਕਾਮ ਅਤੇ ਬੁਖਾਰ ਪਾਇਆ ਗਿਆ। ਡਾਕਟਰਾਂ ਨੇ ਉਸ ਨੂੰ ਦਵਾਈ ਦਿੱਤੀ ਅਤੇ ਜਾਂਚ ਕੀਤੀ। ਇਸ ਤੋਂ ਬਾਅਦ ਔਰਤ ਨੂੰ ਪੀ. ਸੀ. ਆਰ. ਗੱਡੀ ਉਸ ਦੇ ਘਰ ਕੋਲ ਛੱਡ ਗਈ।
ਪਤੀ ਅਤੇ ਸੱਸ ਨੇ ਕੱਢਿਆ, 2 ਘੰਟੇ ਬਾਹਰ ਬੈਠੀ ਰਹੀ
ਔਰਤ ਘਰ ਪਹੁੰਚੀ ਅਤੇ ਸਾਰੀ ਘਟਨਾ ਦੀ ਜਾਣਕਾਰੀ ਪਤੀ ਨੂੰ ਦਿੱਤੀ ਪਰ ਪਤੀ ਅਤੇ ਸੱਸ ਨੇ ਉਸ ਦੇ ਘਰ ਅੰਦਰ ਆਉਣ ਤੋਂ ਮਨ੍ਹਾ ਕਰ ਕੇ ਉਸ ਨੂੰ ਬਾਹਰ ਕੱਢ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਉਸ ’ਚ ‘ਕੋਰੋਨਾ’ ਦੇ ਲੱਛਣ ਦਿਸ ਰਹੇ ਹਨ। ਔਰਤ 2 ਘੰਟੇ ਘਰ ਦੇ ਬਾਹਰ ਹੀ ਬੈਠੀ ਰਹੀ। ਇਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਔਰਤ ਨੂੰ ਬੈਠੀ ਵੇਖ ਕੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਬੁਡ਼ੈਲ ਚੌਕੀ ਇੰਚਾਰਜ ਅਤੇ ਬੀਟ ਪੁਲਸ ਪਹੁੰਚੀ, ਜਿਨ੍ਹਾਂ ਨੇ ਪਤੀ ਅਤੇ ਸੱਸ ਨੂੰ ਕਾਫ਼ੀ ਸਮਝਾਇਆ ਅਤੇ ਔਰਤ ਨੂੰ ਘਰ ’ਚ ਦਾਖਲ ਕਰਵਾਇਆ। ਇੱਥੇ ਹਸਪਤਾਲ ਪ੍ਰਸ਼ਾਸਨ ਦੀ ਭੁੱਲ ਵੀ ਸਾਹਮਣੇ ਆਈ ਹੈ ਕਿਉਂਕਿ ਸੈਕਟਰ-16 ਹਸਪਤਾਲ ਤੋਂ ਔਰਤ ਨੂੰ ਐਂਬੂਲੈਂਸ ਦੀ ਥਾਂ ਪੀ. ਸੀ. ਆਰ. ਵਾਹਨ ’ਚ ਘਰ ਭੇਜਿਆ ਗਿਆ। ਉਥੇ ਹੀ ਔਰਤ ਦਾ ਸੈਂਪਲ ਵੀ ਹਸਪਤਾਲ ’ਚ ਡਾਕਟਰਾਂ ਨੇ ਨਹੀਂ ਲਿਆ।
'ਪੰਜਾਬ ਰਾਜ 'ਚ ਬੀਤੇ ਚਾਰ ਦਿਨਾਂ 'ਚ 7,72,605 ਗੈਸ ਸਿਲੰਡਰ ਵੰਡੇ ਗਏ'
NEXT STORY