ਮਾਛੀਵਾੜਾ ਸਾਹਿਬ (ਟੱਕਰ) : ਹਲਕਾ ਸਾਹਨੇਵਾਲ ਅਧੀਨ ਪੈਂਦੇ ਸਤਲੁਜ ਦਰਿਆ ਦੇ ਖੇਤਰ 'ਚੋਂ ਨਿਯਮਾਂ ਦੇ ਉਲਟ ਜਾ ਕੇ ਹੋ ਰਹੀ ਰੇਤ ਮਾਈਨਿੰਗ ਕਾਰਨ ਧੁੱਸੀ ਬੰਨ੍ਹ ਨੂੰ ਖ਼ਤਰਾ ਹੋ ਰਿਹਾ ਹੈ ਜਿਸ 'ਤੇ ਦਰਜਨਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕਰਕੇ ਇਹ ਰੇਤ ਮਾਈਨਿੰਗ ਬੰਦ ਕਰਵਾਉਣ ਦੀ ਮੰਗ ਕੀਤੀ ਹੈ ਤਾਂ ਜੋ ਕਮਜ਼ੋਰ ਧੁੱਸੀ ਬੰਨ੍ਹ ਨੂੰ ਬਚਾਇਆ ਜਾ ਸਕੇ। ਹਲਕਾ ਸਾਹਨੇਵਾਲ ਦੀ ਪੰਚਾਇਤ ਮੱਤੇਵਾੜਾ, ਗੜ੍ਹੀ ਫਾਜ਼ਲ, ਮੰਗਲੀ ਖਾਸ, ਮੰਗਲੀ ਟਾਂਡਾ, ਗੜ੍ਹੀ ਸ਼ੇਰੂ, ਗੌਂਸਗੜ੍ਹ, ਰੌੜ, ਸਸਰਾਲੀ, ਬਲੀਪੁਰ, ਬੂਥਗੜ੍ਹ ਵਣਜਾਰਾ ਤੋਂ ਇਲਾਵਾ ਬਲਾਕ ਸੰਮਤੀ ਮੈਂਬਰਾਂ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦਿੰਦਿਆਂ ਕਿਹਾ ਕਿ ਥਾਣਾ ਮੇਹਰਬਾਨ ਅਧੀਨ ਪੈਂਦੇ ਖੇਤਰ 'ਚੋਂ ਵੱਡੀਆਂ-ਵੱਡੀਆਂ ਮਸ਼ੀਨਾਂ ਨਾਲ ਓਵਰਲੋਡ ਰੇਤ ਦੇ ਟਿੱਪਰ ਭਰੇ ਜਾ ਰਹੇ ਹਨ ਜੋ ਧੁੱਸੀ ਬੰਨ੍ਹ ਤੋਂ ਲੰਘ ਕੇ ਉਸ ਦੀ ਮਿੱਟੀ ਨੂੰ ਖੋਰਾ ਲਗਾ ਰਹੇ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਬਰਸਾਤਾਂ ਦੌਰਾਨ ਸਤਲੁਜ ਦਰਿਆ 'ਚ ਪਾਣੀ ਆਉਣ ਨਾਲ ਧੁੱਸੀ ਬੰਨ੍ਹ ਨੂੰ ਪਾੜ ਪੈ ਗਿਆ ਸੀ ਜਿਸ ਨੂੰ ਬੜੀ ਮੁਸ਼ਕਿਲ ਨਾਲ ਲੋਕਾਂ ਅਤੇ ਪ੍ਰਸ਼ਾਸਨ ਨੇ ਬਚਾਇਆ ਪਰ ਹੁਣ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਦਰਿਆ 'ਚੋਂ ਰੇਤੇ ਦੀ ਮਾਈਨਿੰਗ ਜਾਰੀ ਹੈ, ਉਥੇ ਓਵਰਲੋਡ ਭਰੇ ਟਿੱਪਰ ਬੰਨ੍ਹ ਨੂੰ ਢਾਹ ਲਗਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ 'ਚ ਬਾਰਿਸ਼ਾਂ ਦੌਰਾਨ ਧੁੱਸੀ ਬੰਨ੍ਹ ਨੂੰ ਪਾੜ ਪੈ ਗਿਆ ਤਾਂ ਵੱਡਾ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ। ਇਨ੍ਹਾਂ ਲੋਕਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਤਲੁਜ ਦਰਿਆ 'ਚ ਹੋਰ ਵੀ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਰੇਤ ਮਾਈਨਿੰਗ ਹੋ ਰਹੀ ਹੈ ਜਿਸ 'ਤੇ ਉਨ੍ਹਾਂ ਮੇਹਰਬਾਨ ਪੁਲਸ ਥਾਣਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਪਰ ਰੇਤ ਮਾਫ਼ੀਆ ਅੱਗੇ ਪੁਲਸ ਪ੍ਰਸ਼ਾਸਨ ਇੰਨਾ ਬੇਵੱਸ ਹੈ ਕਿ ਕੋਈ ਵੀ ਇਸ ਨੂੰ ਨੱਥ ਪਾਉਣ ਲਈ ਅੱਗੇ ਨਹੀਂ ਆ ਰਿਹਾ। ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਤੇ ਕਾਂਗਰਸ ਆਗੂ ਤਾਜਪਿੰਦਰ ਸਿੰਘ ਸੋਨੂੰ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸਾਸ਼ਨ ਨੇ ਸਤਲੁਜ ਦਰਿਆ 'ਚੋਂ ਰੇਤ ਮਾਈਨਿੰਗ ਬੰਦ ਨਾ ਕਰਵਾਈ ਤਾਂ ਉਹ ਮਜ਼ਬੂਰਨ ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ। ਇਸ ਤੋਂ ਇਲਾਵਾ ਪੁਲਸ ਪ੍ਰਸ਼ਾਸਨ ਦੀ ਲਾਪ੍ਰਵਾਹੀ ਅਤੇ ਰੇਤ ਮਾਈਨਿੰਗ ਵਾਲਿਆਂ ਦੀ ਧੱਕੇਸ਼ਾਹੀ ਕਾਰਨ ਜੇਕਰ ਧੁੱਸੀ ਬੰਨ੍ਹ ਟੁੱਟ ਗਿਆ ਅਤੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਇਸ ਲਈ ਇਹ ਸਾਰੇ ਜ਼ਿੰਮੇਵਾਰ ਹੋਣਗੇ।
ਜੰਗਲਾਤ ਵਿਭਾਗ ਦੇ ਪੁਲਸ ਨੂੰ ਪੱਤਰ ਲਿਖਣ ਦੇ ਬਾਵਜੂਦ ਵੀ ਰੇਤ ਮਾਈਨਿੰਗ ਨਾ ਰੁਕੀ
ਜੰਗਲਾਤ ਵਿਭਾਗ ਦੇ ਰੇਂਜ ਅਫ਼ਸਰ ਪ੍ਰਿਤਪਾਲ ਅਨੁਸਾਰ ਸਤਲੁਜ ਦਰਿਆ 'ਚ ਮੱਤੇਵਾੜਾ ਜੰਗਲਾਂ ਨੇੜ੍ਹੇ ਜੋ ਰੇਤ ਦੀ ਮਾਈਨਿੰਗ ਹੋ ਰਹੀ ਹੈ ਉਹ ਜ਼ਮੀਨ ਜੰਗਲਾਤ ਵਿਭਾਗ ਦੀ ਜਾਪਦੀ ਹੈ। ਅਧਿਕਾਰੀ ਅਨੁਸਾਰ ਉਸ ਨੇ ਰੇਤ ਮਾਈਨਿੰਗ ਕਰਨ ਵਾਲਿਆਂ ਨੂੰ ਰੋਕਿਆ ਸੀ ਪਰ ਉਨ੍ਹਾਂ ਕੋਈ ਪ੍ਰਵਾਹ ਨਾ ਕੀਤੀ ਜਿਸ ਕਾਰਨ ਉਨ੍ਹਾਂ ਮੇਹਰਬਾਨ ਪੁਲਸ ਥਾਣਾ ਨੂੰ ਇਕ ਸ਼ਿਕਾਇਤ ਵੀ ਦਿੱਤੀ ਕਿ ਜਦੋਂ ਤੱਕ ਜ਼ਮੀਨ ਦੀ ਨਿਸ਼ਾਨਦੇਹੀ ਨਹੀਂ ਹੋ ਜਾਂਦੀ ਉਦੋਂ ਤੱਕ ਰੇਤ ਮਾਈਨਿੰਗ ਦਾ ਕੰਮ ਰੋਕਿਆ ਜਾਵੇ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜੰਗਲਾਤ ਵਿਭਾਗ ਵਲੋਂ ਪੁਲਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਮੇਹਰਬਾਨ ਪੁਲਸ ਨੇ ਇਹ ਮਾਈਨਿੰਗ ਬੰਦ ਕਰਵਾਉਣ ਦੀ ਹਿੰਮਤ ਨਾ ਪਈ ਜਿਸ ਤੋਂ ਜੱਗ-ਜ਼ਾਹਿਰ ਹੈ ਕਿ ਰੇਤ ਮਾਫ਼ੀਏ ਦੀਆਂ ਤਰ੍ਹਾਂ ਸੱਤਾ ਧਿਰ ਅਤੇ ਚੰਡੀਗੜ੍ਹ 'ਚ ਬੈਠੇ ਉਚ ਅਧਿਕਾਰੀਆਂ ਨਾਲ ਪੂਰੀਆਂ ਜੁੜੀਆਂ ਹਨ।
ਬਾਲ ਸਾਹਿਤ ਵਿਸ਼ੇਸ਼-4 : ਜਨਮ ਦਿਨ
NEXT STORY