ਭਵਾਨੀਗੜ੍ਹ(ਵਿਕਾਸ/ਅੱਤਰੀ)— ਸਵੱਛ ਭਾਰਤ ਮੁਹਿੰਮ ਤਹਿਤ ਜਿੱਥੇ ਸਰਕਾਰਾਂ ਜਨਤਾ ਨੂੰ ਸਾਫ-ਸੁਥਰਾ ਆਲਾ-ਦੁਆਲਾ ਦੇਣ ਲਈ ਲੱਖਾਂ ਰੁਪਏ ਖਰਚ ਕਰ ਕੇ ਅੱਡੀ-ਚੋਟੀ ਦਾ ਜ਼ੋਰ ਲਾ ਰਹੀਆਂ ਹਨ, ਉਥੇ ਹੀ ਪ੍ਰਸ਼ਾਸਨ ਦੀ ਲਾਪਰਵਾਹੀ ਕਰਕੇ ਇਨ੍ਹੀਂ ਦਿਨੀਂ ਸਬ-ਡਿਵੀਜ਼ਨ 'ਚ ਸਾਬਕਾ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਦੇ ਰਿਹਾਇਸ਼ੀ ਮੁਹੱਲੇ ਦਸਮੇਸ਼ ਨਗਰ 'ਚ ਸਫਾਈ ਮੁਹਿੰਮ ਦਮ ਤੋੜਦੀ ਨਜ਼ਰ ਆ ਰਹੀ ਹੈ, ਜਿਸ ਕਾਰਨ ਇਥੋਂ ਦੇ ਵਸਨੀਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਮੁਹੱਲੇ 'ਚ ਸਾਫ-ਸਫਾਈ ਦੇ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਹਰ ਪਾਸੇ ਫੈਲੀ ਗੰਦਗੀ ਜਿੱਥੇ ਭਿਆਨਕ ਬੀਮਾਰੀਆਂ ਨੂੰ ਸੱਦਾ ਦੇ ਰਹੀ ਹੈ, ਉਥੇ ਹੀ ਥਾਂ-ਥਾਂ 'ਤੇ ਰੁਕੇ ਗੰਦੇ ਪਾਣੀ 'ਤੇ ਭਿਣਕ ਰਹੇ ਮੱਖੀ-ਮੱਛਰ ਗਰਮੀ ਦੇ ਇਸ ਮੌਸਮ 'ਚ ਲੋਕਾਂ ਦੀ ਸਿਹਤ 'ਤੇ ਹਮਲਾ ਕਰ ਸਕਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਮੁਹੱਲੇ ਵਿਚ ਫੈਲੀ ਗੰਦਗੀ ਨੂੰ ਹਟਾਉਣ ਅਤੇ ਥਾਂ-ਥਾਂ ਜਮ੍ਹਾ ਪਾਣੀ ਨੂੰ ਕੱਢਣ ਲਈ ਨਾ ਤਾਂ ਨਗਰ ਕੌਂਸਲ ਅਤੇ ਨਾ ਹੀ ਸਿਹਤ ਵਿਭਾਗ ਦੇ ਅਧਿਕਾਰੀ ਕੋਈ ਠੋਸ ਕਦਮ ਚੁੱਕ ਰਹੇ ਹਨ। ਸਾਬਕਾ ਵਿਧਾਇਕ ਦੀ ਕੋਠੀ ਨੇੜੇ ਪਿਛਲੇ ਕਾਫੀ ਦਿਨਾਂ ਤੋਂ ਰੁਕੇ ਪਾਣੀ ਨੇ ਮੁਹੱਲੇ ਦੀ ਦਿੱਖ ਹੋਰ ਵੀ ਵਿਗਾੜ ਕੇ ਰੱਖ ਦਿੱਤੀ ਹੈ। ਲੋਕਾਂ ਨੇ ਦੱਸਿਆ ਕਿ ਇਥੇ ਖੜ੍ਹਾ ਪਾਣੀ ਹੁਣ ਦਲਦਲ ਦਾ ਰੂਪ ਧਾਰਨ ਕਰ ਚੁੱਕਿਆ ਹੈ, ਜਿਸ ਨੂੰ ਪੈਦਲ ਪਾਰ ਕਰਨਾ ਤਾਂ ਦੂਰ ਵਾਹਨ ਚਾਲਕਾਂ ਦਾ ਵੀ ਲੰਘਣਾ ਮੁਸ਼ਕਲ ਹੈ। ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਨੂੰ ਲਾਪਰਵਾਹੀ ਵਾਲਾ ਰਵੱਈਆ ਛੱਡ ਕੇ ਦਸਮੇਸ਼ ਨਗਰ ਵਿਚਲੀ ਸਥਿਤੀ ਨੂੰ ਜਲਦ ਸੁਧਾਰਨ ਦੀ ਮੰਗ ਕੀਤੀ ਹੈ।
ਉਧਰ ਹੀ ਇਸ ਸੰਬੰਧੀ ਦਲਵੀਰ ਭਾਰਦਵਾਜ ਤਹਿਸੀਲਦਾਰ ਭਵਾਨੀਗੜ੍ਹ ਨੇ ਸੰਪਰਕ ਕਰਨ 'ਤੇ ਕਿਹਾ ਕਿ ਉਹ ਐੱਸ. ਡੀ. ਐੱਮ. ਨਾਲ ਗੱਲਬਾਤ ਕਰਕੇ ਦਸਮੇਸ਼ ਨਗਰ ਦੀਆਂ ਮੁਸ਼ਕਲਾਂ ਹੱਲ ਕਰਨ ਦੇ ਯਤਨ ਕਰਨਗੇ।
ਕ੍ਰਿਕਟ ਦਾ ਅਜਿਹਾ ਜਨੂੰਨ ਕਿ ਵਿਆਹ ਦੀਆਂ ਖੁਸ਼ੀਆਂ ਨੂੰ ਭੁੱਲ ਮੈਚ 'ਚ ਰੁੱਝੇ ਬਾਰਾਤੀ
NEXT STORY