ਝਬਾਲ/ਸਰਾਏ ਅਮਾਨਤ ਖਾਂ, (ਨਰਿੰਦਰ)- 21 ਜੁਲਾਈ 1987 ਦੀ ਕਾਲੀ ਬੋਲੀ ਤੇ ਕਹਿਰ ਭਰੀ ਰਾਤ ਦਾ ਦ੍ਰਿਸ਼ ਅੱਜ ਵੀ ਜਦੋਂ ਅੱਖਾਂ ਸਾਹਮਣੇ ਆਉਂਦਾ ਹੈ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਇਹ ਕਾਲੀ ਬੋਲੀ ਤੇ ਡਰਾਉਣੀ ਉਹ ਕਹਿਰ ਭਰੀ ਰਾਤ ਸੀ ਜਦੋਂ ਲੋਕ ਲਹਿਰਾਂ ਦੇ ਮੋਢੀ, ਗਰੀਬਾਂ ਦੇ ਹਮਦਰਦ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਜੁਝਾਰੂ ਆਗੂ ਕਾਮਰੇਡ ਸਵਰਨ ਸਿੰਘ ਸੋਹਲ ਨੂੰ ਦੇਸ਼ ਦੀ ਅਖੰਡਤਾ ਖਾਤਰ ਆਵਾਜ਼ ਉਠਾਉਣ ਤੇ ਦਹਿਸ਼ਤਗਰਦਾਂ ਦੀਆਂ ਘਟੀਆ ਕਾਰਵਾਈਆਂ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨ ਲਈ ਦੇਸ਼ ਦੇ ਦੁਸ਼ਮਣ ਅੱਤਵਾਦੀਆਂ ਨੇ ਪਰਿਵਾਰ ਦੇ ਚਾਰ ਜੀਆਂ ਤੇ ਇਕ ਮਿਹਨਤੀ ਕਾਮੇ ਸਮੇਤ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਇਨ੍ਹਾਂ ਦੇਸ਼ ਦੇ ਦੁਸ਼ਮਣਾਂ ਨੇ ਬੇਸ਼ਕ ਇਕ ਯੋਧੇ ਨੂੰ ਸਾਡੇ ਕੋਲੋਂ ਸਰੀਰਕ ਤੌਰ 'ਤੇ ਤਾਂ ਖੋਹ ਲਿਆ ਪਰ ਉਸ ਦੀ ਸੋਚ ਅੱਜ ਵੀ ਸਾਨੂੰ ਅਗਵਾਈ ਦੇ ਰਹੀ ਹੈ, ਜਿਸ ਨੂੰ ਉਸ ਦੀ ਪਾਰਟੀ ਦੇ ਆਗੂ, ਵਰਕਰ ਅਤੇ ਬੇਟਾ ਕਾਮਰੇਡ ਗੁਰਬਿੰਦਰ ਸਿੰਘ ਸੋਹਲ, ਕਾਮਰੇਡ ਸੁਖਚੈਨ ਸਿੰਘ, ਕਾਮਰੇਡ ਦਵਿੰਦਰ ਸੋਹਲ ਤੇ ਉਨ੍ਹਾਂ ਦੀ ਬੇਟੀ ਨਰਿੰਦਰਪਾਲ ਸੋਹਲ ਅੱਜ ਵੀ ਅਗਾਂਹ ਲੈ ਕੇ ਚੱਲ ਰਹੇ ਹਨ। ਕਾਮਰੇਡ ਸਵਰਨ ਸਿੰਘ ਸੋਹਲ ਇਕ ਨਿਡਰ ਤੇ ਲੋਕ ਹਿੱਤਾਂ ਲਈ ਲੜਨ ਵਾਲੇ ਕਮਿਊਨਿਸਟ ਤੇ ਅਜਿਹੇ ਆਗੂ ਸਨ ਜਿਨ੍ਹਾਂ ਅੱਤਵਾਦ ਦਾ ਪੂਰਾ ਜ਼ੋਰ ਹੁੰਦਿਆਂ ਪਿੰਡ ਵਿਚ ਰਹਿ ਕੇ ਕਿਰਤੀਆਂ ਦੇ ਹੱਕ ਵਿਚ ਡਟਣ ਦੀ ਹਿੰਮਤ ਕੀਤੀ, ਜਿਸ ਦੀ ਕੀਮਤ ਉਸ ਨੂੰ 21 ਜੁਲਾਈ 1987 ਦੀ ਕਹਿਰ ਭਰੀ ਰਾਤ ਨੂੰ ਤਾਰਨੀ ਪਈ। ਜਦੋਂ ਕਾਮਰੇਡ ਸਵਰਨ ਸਿੰਘ ਸੋਹਲ ਰਾਤ ਨੂੰ ਪਰਿਵਾਰ ਸਮੇਤ ਆਪਣੇ ਘਰ ਪਿੰਡ ਸੋਹਲ ਵਿਖੇ ਸੁੱਤਾ ਪਿਆ ਸੀ ਕਿ ਰਾਤ ਨੂੰ ਦਹਿਸ਼ਤਗਰਦਾਂ ਦੇ ਟੋਲੇ ਨੇ ਸੁੱਤੇ ਪਏ ਸ਼ੇਰ 'ਤੇ ਹਮਲਾ ਕਰ ਕੇ ਪਹਿਲਾਂ ਕਾਮਰੇਡ ਸਵਰਨ ਸਿੰਘ ਸੋਹਲ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਫਿਰ ਉਸ ਦੀ ਘਰ ਵਾਲੀ, ਫਿਰ ਮਾਤਾ ਤੇ ਲੜਕੀ ਨੂੰ, ਉਪਰੰਤ ਘਰ 'ਚ ਕੰੰਮਕਾਰ ਲਈ ਰੱਖੇ ਇਕ ਕਾਮੇ (ਕਿਰਤੀ) ਨੂੰ ਵੀ ਆਪਣੀ ਦਹਿਸ਼ਤ ਦਾ ਸ਼ਿਕਾਰ ਬਣਾਉਂਦਿਆਂ ਸ਼ਹੀਦੀ ਦਾ ਜਾਮ ਪਿਆ ਦਿੱਤਾ, ਜਦੋਂ ਕਿ ਉਨ੍ਹਾਂ ਦੇ ਉਸ ਵੇਲੇ ਛੋਟੇ ਜਿਹੇ ਬੇਟੇ ਗੁਰਬਿੰਦਰ ਸਿੰਘ ਸੋਹਲ ਅਤੇ ਬੇਟੀਆਂ ਨੇ ਲੁਕ ਕੇ ਜਾਨ ਬਚਾਈ। ਕਾਮਰੇਡ ਸਵਰਨ ਸਿੰਘ ਸੋਹਲ ਤੇ ਉਨ੍ਹਾਂ ਦੇ ਪਰਿਵਾਰ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਾਮਰੇਡ ਸੋਹਲ ਨੂੰ ਸ਼ਰਧਾਂਜਲੀ ਦੇਣ ਲਈ ਇਕ ਬਹੁਤ ਵੱਡੀ ਕਾਨਫਰੰਸ ਕੀਤੀ ਜਾ ਰਹੀ ਹੈ, ਜਿਸ ਵਿਚ ਪਾਰਟੀ ਦੇ ਸੂਬਾਈ ਆਗੂ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।
ਨਾਜਾਇਜ਼ ਸ਼ਰਾਬ ਸਮੇਤ ਕਾਬੂ
NEXT STORY