ਗਿੱਦੜਬਾਹਾ (ਚਾਵਲਾ/ਕਟਾਰੀਆ) : ਹਲਕੇ ਦੇ ਪਿੰਡ ਬੁੱਟਰ ਸ਼ਰੀਂਹ ਦੇ ਇਕ ਕਿਸਾਨ ਦੀ ਸਵਾਈਨ ਫਲੂ ਨਾਲ ਮੌਤ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਲ ਸਿੰਘ (60) ਪੁੱਤਰ ਵੀਰ ਸਿੰਘ ਜਿਸ ਨੂੰ ਸਵਾਈਨ ਫਲੂ ਹੋਣ ਕਰਕੇ ਪਹਿਲਾਂ ਲੁਧਿਆਣਾ ਦੇ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਸੀ ਪਰ ਬੈੱਡ ਨਾ ਮਿਲਣ ਕਰਕੇ ਮੈਕਸ ਹਸਪਤਾਲ ਬਠਿੰਡਾ ਭਰਤੀ ਕਰਵਾਇਆ ਗਿਆ। ਫ਼ਰਕ ਨਾ ਪੈਣ 'ਤੇ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਥੇ ਵੀ ਕੋਈ ਪੁੱਛਗਿੱਛ ਨਾ ਹੋਣ ਕਰਕੇ ਬੀਤੀ ਰਾਤ ਇਲਾਜ ਅਧੀਨ ਦਲ ਸਿੰਘ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਪਿਛਲੇ 10 ਦਿਨਾਂ ਵਿਚ ਗਿੱਦੜਬਾਹਾ ਹਲਕੇ ਵਿਚ ਸਵਾਈਨ ਫਲੂ ਨਾਲ ਇਹ ਤੀਸਰੀ ਮੌਤ ਹੈ। ਇਸ ਤੋਂ ਪਹਿਲਾਂ ਗਿੱਦੜਬਾਹਾ ਦੇ ਬੈਟਾਬਾਦ ਇਲਾਕੇ ਦੀ ਚਰਨਜੀਤ ਕੌਰ ਛਾਬੜਾ ਨਾਮਕ ਔਰਤ ਅਤੇ ਪਿੰਡ ਕੋਟਭਾਈ ਦੇ ਕੁਲਵੰਤ ਰਾਏ ਦੀ ਵੀ ਮੌਤ ਹੋ ਚੁੱਕੀ ਹੈ। ਉਧਰ ਸਥਾਨਕ ਸਿਵਲ ਹਸਪਤਾਲ ਵਿਖੇ ਪ੍ਰਬੰਧਾਂ ਅਤੇ ਸਟਾਫ ਦੀ ਘਾਟ ਹੋਣਾ ਵੀ ਇਕ ਵੱਡਾ ਮੁੱਦਾ ਹੈ। ਇਸ ਤੋ ਇਲਾਵਾ ਬੀਤੇ ਦਿਨੀਂ ਇਕ ਸ਼ੱਕੀ ਮਰੀਜ਼ ਨੂੰ ਸਿਵਲ ਹਸਪਤਾਲ ਵਲੋਂ ਫਰਵਰੀ 2019 ਮਹੀਨੇ ਦੀ ਐਕਸਪਾਇਰੀ ਵਾਲੀ ਦਵਾਈ ਦੇਣ ਨਾਲ ਵੀ ਸਿਹਤ ਵਿਭਾਗ ਦੇ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਹੈ। ਇਸ ਬਾਬਤ ਐੱਸ. ਐਮ. ਓ. ਪ੍ਰਦੀਪ ਸਚਦੇਵਾ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਬੁੱਟਰ ਸਰੀਹ ਵਿਖੇ ਸਵਾਈਨ ਫਲੂ ਨਾਲ ਹੋਈ ਕਿਸਾਨ ਦੀ ਮੌਤ ਬਾਬਤ ਕਿਹਾ ਕਿ ਉਕਤ ਮਰੀਜ਼ ਸਿਵਲ ਹਸਪਤਾਲ ਇਲਾਜ ਲਈ ਨਹੀਂ ਆਇਆ ਜਿਸ ਕਰਕੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ, ਇਸ ਤੋ ਇਲਾਵਾ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿਚ ਸਵਾਈਨ ਫਲੂ ਲਈ ਅਲੱਗ ਵਾਰਡ ਅਤੇ ਮਰੀਜ਼ਾਂ ਦੀ ਜਾਂਚ ਲਈ ਪੁੱਖਤਾ ਪ੍ਰਬੰਧ ਵੀ ਕੀਤੇ ਜਾ ਰਹੇ ਹਨ।
ਪਰਿਵਾਰਕ ਮੈਂਬਰਾਂ ਨੇ ਮਰੀਜ਼ ਦੀ ਮੌਤ ਦੇ ਹਸਪਤਾਲ 'ਤੇ ਲਾਏ ਗੰਭੀਰ ਦੋਸ਼
NEXT STORY