ਅੰਮ੍ਰਿਤਸਰ/ਚੰਡੀਗੜ੍ਹ, (ਛੀਨਾ, ਮਮਤਾ, ਅਸ਼ਵਨੀ)— ਸ਼੍ਰੋਮਣੀ ਅਕਾਲੀ ਦਲ (ਬਾਦਲ) ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕਰਨ ਵਾਲੇ ਮਾਝੇ ਦੇ ਟਕਸਾਲੀ ਅਕਾਲੀ ਆਗੂ ਮੈਂਬਰ ਪਾਰਲੀਮੈਂਟ ਜਥੇ. ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਸਾਬਕਾ ਮੈਂਬਰ ਪਾਰਲੀਮੈਂਟ ਡਾ. ਰਤਨ ਸਿੰਘ ਅਜਨਾਲਾ, ਅਮਰਪਾਲ ਸਿੰਘ ਬੋਨੀ ਅਜਨਾਲਾ, ਰਵਿੰਦਰ ਸਿੰਘ ਬ੍ਰਹਮਪੁਰਾ ਤੇ ਮਨਮੋਹਨ ਸਿੰਘ ਸਠਿਆਲਾ (ਤਿੰਨੇ) ਸਾਬਕਾ ਵਿਧਾਇਕਾਂ ਨੇ ਇਕ ਨਵਾਂ ਸ਼੍ਰੋਮਣੀ ਅਕਾਲੀ ਦਲ ਬਣਾਉਣ ਦਾ ਐਲਾਨ ਕਰ ਦਿੱਤਾ ਹੈ, ਜਿਸ ਦਾ ਸੰਵਿਧਾਨ 1920 'ਚ ਬਣੇ ਅਕਾਲੀ ਦਲ ਵਾਲਾ ਹੀ ਹੋਵੇਗਾ। ਜਥੇ. ਬ੍ਰਹਮਪੁਰਾ ਤੇ ਸੇਖਵਾਂ ਨੇ ਕਿਹਾ ਕਿ ਨਵੇਂ ਅਕਾਲੀ ਦਲ 'ਚ ਸੁਖਪਾਲ ਸਿੰਘ ਖਹਿਰਾ ਤੇ ਸਿਮਰਜੀਤ ਸਿੰਘ ਬੈਂਸ ਨੂੰ ਵੀ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਵੇਗਾ ਤੇ ਪਾਰਟੀ ਦੀ ਅਗਲੀ ਰੂਪ-ਰੇਖਾ ਦਾ ਐਲਾਨ 2 ਦਿਨਾਂ 'ਚ ਹੋਵੇਗਾ।

ਸੁਖਬੀਰ ਬਾਦਲ ਤੇ ਮਜੀਠੀਆ 'ਤੇ ਨਿਸ਼ਾਨਾ :

ਜਥੇ. ਬ੍ਰਹਮਪੁਰਾ ਨੇ ਕਿਹਾ ਕਿ ਟਕਸਾਲੀ ਅਕਾਲੀਆਂ ਦੇ ਲਹੂ ਨਾਲ ਸਿੰਜ ਕੇ ਬਣੇ ਅਕਾਲੀ ਦਲ ਵਿਚ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੀਆਂ ਮਨਮਾਨੀਆਂ ਕਾਰਨ ਬੇਹੱਦ ਨਿਘਾਰ ਆ ਗਿਆ ਹੈ, ਜਿਸ ਕਾਰਨ ਅੱਜ ਪਾਰਟੀ ਦੇ ਸੀਨੀਅਰ ਆਗੂ ਘੁਟਣ ਮਹਿਸੂਸ ਕਰ ਰਹੇ ਹਨ।ਜਥੇ. ਬ੍ਰਹਮਪੁਰਾ ਤੇ ਸੇਖਵਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਸੱਤਾ ਦੇ ਨਸ਼ੇ 'ਚ ਚੂਰ ਜੀਜੇ-ਸਾਲੇ ਨੇ ਕੇਬਲ, ਸ਼ਰਾਬ, ਰੇਤ, ਟਰਾਂਸਪੋਰਟ ਤੇ ਭੋਂ ਮਾਫੀਆ ਬਣਾ ਕੇ ਪੰਜਾਬ 'ਚ ਗੁੰਡਾ ਅਨਸਰਾਂ ਨੂੰ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਸ਼ਹਿ ਦਿੱਤੀ।
ਬਾਦਲਾਂ ਕਾਰਨ ਹਾਰੇ ਵਿਧਾਨ ਸਭਾ ਚੋਣਾਂ :
ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਵੰਗਾਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਵਾਲੇ ਡੇਰਾ ਮੁਖੀ ਨੂੰ ਵੋਟਾਂ ਖਾਤਿਰ ਬਿਨਾਂ ਮੰਗਿਆਂ ਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਦੁਆ ਦਿੱਤੀ ਤੇ ਦੂਜੇ ਪਾਸੇ ਬਰਗਾੜੀ ਵਿਖੇ ਵਾਪਰੇ ਬੇਅਦਬੀ ਕਾਂਡ ਤੇ ਬੇਦੋਸ਼ੇ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ 14 ਮਹੀਨਿਆਂ 'ਚ ਵੀ ਗ੍ਰਿਫਤਾਰ ਨਾ ਕਰਨਾ ਸਿਰਫ ਡੇਰਾ ਮੁਖੀ ਨੂੰ ਹੀ ਖੁਸ਼ ਕਰਨਾ ਸੀ, ਜਿਸ ਕਾਰਨ ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾਂ 'ਚ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ।
14 ਦਸੰਬਰ ਨੂੰ ਹੋਵੇਗਾ ਨਵੇਂ ਅਕਾਲੀ ਦਲ ਦਾ ਐਲਾਨ :

ਉਨ੍ਹਾਂ ਕਿਹਾ ਕਿ 14 ਦਸੰਬਰ ਨੂੰ ਨਵੇਂ ਅਕਾਲੀ ਦਲ ਦੇ ਨਾਂ ਦਾ ਐਲਾਨ ਕੀਤਾ ਜਾਵੇਗਾ, ਜੋ ਕਿ 1920 'ਚ ਬਣੇ ਅਕਾਲੀ ਦਲ ਦੇ ਸੰਵਿਧਾਨ ਅਨੁਸਾਰ ਹੀ ਕੰਮ ਕਰੇਗਾ। ਇਹ ਅਕਾਲੀ ਦਲ ਗਰੀਬਾਂ, ਕਿਰਤੀਆਂ ਤੇ ਪੰਥ ਹਿਤੈਸ਼ੀਆਂ ਦਾ ਹੋਵੇਗਾ, ਜਿਸ ਵਿਚ ਸ਼ਾਮਿਲ ਹੋਣ ਵਾਲੇ ਹਰੇਕ ਵਿਅਕਤੀ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ।ਉਨ੍ਹਾਂ ਦਾਅਵਾ ਕੀਤਾ ਕਿ ਬਾਦਲ ਪਰਿਵਾਰ ਦੇ ਸਤਾਏ ਹੋਏ ਵੱਡੀ ਗਿਣਤੀ 'ਚ ਅਕਾਲੀ ਆਗੂ ਉਨ੍ਹਾਂ ਦੇ ਸੰਪਰਕ ਵਿਚ ਹਨ ਕਿ ਛੇਤੀ ਹੀ ਉਨ੍ਹਾਂ ਦੇ ਪਲੇਟਫਾਰਮ 'ਤੇ ਨਜ਼ਰ ਆਉਣਗੇ। ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਸਿਹਰਾ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਜਾਂਦਾ ਹੈ, ਜਿਸ ਦੇ ਯਤਨਾਂ ਨੂੰ ਬੂਰ ਪਿਆ ਹੈ।
ਰਾਹੁਲ ਗਾਂਧੀ ਤੇਲੰਗਾਨਾ ਦੌਰਾ 'ਤੇ (ਪੜੋ 3 ਦਸੰਬਰ ਦੀਆਂ ਖਾਸ ਖਬਰਾਂ)
NEXT STORY