ਤਪਾ ਮੰਡੀ(ਸ਼ਾਮ) : ਸ਼੍ਰੋਮਣੀ ਅਕਾਲੀ ਦਲ ਦੇ ਲਹਿਰਾਗਾਗਾ ਤੋਂ ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਾਂਗਰਸ ਦਾ ਚੋਣ ਮੈਨੀਫੈਸਟੋ ਲੋਕਾਂ ਨੂੰ ਧੋਖਾ ਦੇਣ ਵਾਲਾ ਹੈ। ਉਨ੍ਹਾਂ ਕਿਹਾ ਕਿ ਕਿਸੇ ਸੂਬੇ ਵਿਚ ਤਸੱਲੀਬਖਸ਼ ਕਰਜ਼ਾ ਮੁਆਫ ਨਹੀਂ ਕੀਤਾ ਗਿਆ ਅਤੇ ਪੰਜਾਬ 'ਚ ਕਿਸਾਨਾਂ ਦੀ ਕਰਜ਼ਾ ਮੁਆਫੀ ਅੱਖਾਂ 'ਚ ਧੂੜ ਪਾਉਣ ਦੇ ਸਮਾਨ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਉਨ੍ਹਾਂ ਨੂੰ ਲੋਕ ਸਭਾ ਸੰਗਰੂਰ ਸੀਟ ਤੋਂ ਚੋਣ ਲੜਨ ਦਾ ਹੁਕਮ ਦੇਵੇਗੀ ਤਾਂ ਉਹ ਪਾਰਟੀ ਦੇ ਹੁਕਮਾਂ 'ਤੇ ਫੁੱਲ ਚੜ੍ਹਾਉਂਦੇ ਹੋਏ ਸੰਗਰੂਰ ਤੋਂ ਪਾਰਲੀਮਾਨੀ ਚੋਣ ਜਿੱਤ ਕੇ ਪਾਰਟੀ ਦੀ ਝੋਲੀ 'ਚ ਪਾਉਣਗੇ।
ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦਾ ਉੱਤਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿਤਾ ਵੱਲੋਂ ਅਕਾਲੀ ਦਲ ਦੀ ਟਿਕਟ 'ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਚੋਣ ਲੜਨ 'ਤੇ ਕੋਈ ਇੰਤਰਾਜ਼ ਨਹੀਂ ਹੈ, ਪਾਰਟੀ ਦੀਆਂ ਕੁਝ ਨੀਤੀਆਂ ਨਾਲ ਸਹਿਮਤੀ ਪ੍ਰਗਟ ਕਰਨ ਦਾ ਮਤਲਬ ਅਕਾਲੀ ਦਲ ਨਾਲੋਂ ਕਿਸੇ ਤਰ੍ਹਾਂ ਦਾ ਤੋੜ ਵਿਛੋੜਾ ਕਰਨ ਦਾ ਕੋਈ ਅਰਥ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਸ. ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਸਬੰਧੀ ਪ੍ਰਗਟ ਕੀਤੇ ਵਿਚਾਰਾਂ ਨੂੰ ਮੀਡੀਆ ਨੇ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਸ. ਢੀਂਡਸਾ ਨੇ ਇਹ ਵਿਚਾਰ ਪਿੰਡ ਉਗੋਕੇ ਅਤੇ ਮੋੜ ਨਾਭਾ ਵਿਖੇ ਸਮਾਜਕ ਸਮਾਗਮਾਂ 'ਚ ਸ਼ਿਰਕਤ ਕਰਨ ਉਪਰੰਤ ਪ੍ਰਗਟ ਕੀਤੇ। ਇਸ ਮੌਕੇ ਹਲਕਾ ਇੰਚਾਰਜ ਸਤਨਾਮ ਸਿੰਘ ਰਾਹੀ, ਜਥੇਦਾਰ ਸਾਧੂ ਸਿੰਘ ਧਾਲੀਵਾਲ, ਡੌਗਰ ਸਿੰਘ ਉਗੋਕੇ, ਰਾਮ ਸਿੰਘ ਧਾਲੀਵਾਲ ਆਦਿ ਵੱਡੀ ਗਿਣਤੀ 'ਚ ਵਰਕਰ ਹਾਜ਼ਰ ਸਨ।
ਥੋੜ੍ਹੀ ਦੇਰ 'ਚ ਦੇਖੋ ਨਵਜੋਤ ਸਿੱਧੂ ਦਾ ਲਾਈਵ ਇੰਟਰਵਿਊ
NEXT STORY