ਤਰਨਤਾਰਨ (ਰਮਨ) : ਤਰਨਤਾਰਨ 'ਚ ਸਿਹਤ ਵਿਭਾਗ ਦੀ ਨਾਲਾਇਕੀ ਕਾਰਨ ਦਰਦ ਨਾਲ ਤੜਪ ਰਹੀ ਗਰਭਵਤੀ ਜਨਾਨੀ ਵਲੋਂ ਹਸਪਤਾਲ ਦੇ ਮੁੱਖ ਗੇਟ 'ਤੇ ਹੀ ਬੱਚੇ ਨੂੰ ਜਨਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਵਲੋਂ ਮਾਮਲਾ ਹਸਪਤਾਲ ਪ੍ਰਸ਼ਾਸਨ ਦੇ ਧਿਆਨ 'ਚ ਲਿਆਉਣ ਉਪਰੰਤ ਜਾਂਚ ਲਈ ਤਿੰਨ ਮੈਂਬਰੀ ਬੋਰਡ ਦੀ ਟੀਮ ਗਠਿਤ ਕਰ ਦਿੱਤੀ ਗਈ ਹੈ, ਜੋ ਦੋ ਦਿਨਾਂ 'ਚ ਆਪਣੀ ਰਿਪੋਰਟ ਐੱਸ.ਐੱਮ.ਓ ਨੂੰ ਸੌਂਪੇਗੀ। ਜ਼ਿਕਰਯੋਗ ਹੈ ਕਿ ਜੱਚਾ ਬੱਚਾ ਵਾਰਡ 'ਚ ਮੌਜੂਦ ਸਟਾਫ਼ ਨੇ ਜਨਾਨੀ ਦੀ ਦੇਖ ਭਾਲ ਕਰਨ ਲਈ ਗਰੀਬ ਪਤੀ ਪਾਸੋਂ 300 ਰੁਪਏ ਤੱਕ ਵਸੂਲ ਕਰ ਲਏ।
ਇਹ ਵੀ ਪੜ੍ਹੋ : ਪੁੱਤ ਦਾ ਜਨਮ ਦਿਨ ਮਨਾਉਣ ਦੀ ਜਿੱਦ ਅੱਗੇ ਹਾਰੀ ਜ਼ਿੰਦਗੀ, ਗੁੱਸੇ 'ਚ ਆਏ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਗ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਪਿੰਡ ਸ਼ੇਰੋਂ ਨੇ ਦੱਸਿਆ ਕਿ ਉਹ ਆਪਣੀ ਗਰਭਵਤੀ ਪਤਨੀ ਕੁਲਦੀਪ ਕੌਰ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਸੀ, ਜਿਸ ਦੇ ਚੱਲਦੇ ਸਵੇਰੇ 4 ਵਜੇ ਆਪਣੇ ਬੱਚਿਆਂ ਉਹ ਉਸ ਨੂੰ ਸਰਕਾਰੀ ਹਸਪਤਾਲ ਤਰਨਤਾਰਨ ਲੈ ਕੇ ਆਇਆ। ਉਸ ਨੇ ਸਰਕਾਰੀ ਹਸਪਤਾਲ ਦੀ ਜੱਚਾ ਬੱਚਾ ਵਾਰਡ 'ਚ ਮੌਜੂਦ ਸਟਾਫ਼ ਨਰਸ ਅਤੇ ਮਾਹਿਰ ਡਾਕਟਰ ਨੂੰ ਸਾਰੀ ਜਾਣਕਾਰੀ ਦੇ ਦਿੱਤੀ, ਜਿਸ ਤੋਂ ਬਾਅਦ ਸਟਾਫ਼ ਨਰਸ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਹਸਪਤਾਲ ਤੋਂ ਇਲਾਜ ਕਰਵਾਉਣ ਸਬੰਧੀ ਰੈਫ਼ਰ ਕਰਨ ਦੀ ਗੱਲ ਆਖਦੇ ਹੋਏ ਵਾਪਸ ਮੋੜ ਦਿੱਤਾ। ਭਾਗ ਸਿੰਘ ਨੇ ਦੱਸਿਆ ਕਿ ਉਹ ਮਜ਼ਬੂਰ ਹੋ ਕੇ ਆਪਣੀ ਗਰਭਵਤੀ ਪਤਨੀ ਅਤੇ ਬੱਚਿਆਂ ਨੂੰ ਤਿੰਨ ਮੰਜ਼ਿਲਾਂ ਇਮਾਰਤ 'ਤੇ ਸਥਿਤ ਜੱਚਾ ਬੱਚਾ ਵਾਰਡ ਤੋਂ ਪੌੜੀਆਂ ਰਾਹੀ ਜ਼ਮੀਨੀ ਮੰਜ਼ਿਲ ਤੱਕ ਹਤਾਸ਼ ਹੋ ਕੇ ਪੁੱਜ ਗਿਆ। ਇਸ ਤੋਂ ਬਾਅਦ ਉਸ ਨੂੰ ਕੋਈ ਵੀ ਐਂਬੂਲੈਂਸ ਦੀ ਮਦਦ ਨਹੀਂ ਦਿੱਤੀ ਗਈ, ਜਿਸ ਕਾਰਨ ਉਹ ਆਪਣੀ ਦਰਦ ਨਾਲ ਤੜਫ ਰਹੀ ਪਤਨੀ ਨਾਲ ਹਸਪਤਾਲ ਦੇ ਮੁੱਖ ਗੇਟ ਉੱਪਰ ਕਿਸੇ ਵਾਹਨ ਦਾ ਇੰਤਜ਼ਾਰ ਕਰਨ ਲੱਗਾ। ਇਸੇ ਦੌਰਾਨ ਦਰਦ ਨਾਲ ਤੜਪ ਰਹੀ ਉਸ ਦੀ ਪਤਨੀ ਨੇ ਹਸਪਤਾਲ ਦੇ ਮੇਨ ਗੇਟ ਉੱਪਰ ਰਸਤੇ ਵਿਚਕਾਰ ਹੀ ਇਕ ਬੇਟੀ ਨੂੰ ਜਨਮ ਦੇ ਦਿੱਤਾ। ਇਸ ਦੌਰਾਨ ਆਲੇ-ਦੁਆਲੇ ਦੇ ਲੋਕਾਂ ਨੇ ਮਦਦ ਕਰਦੇ ਹੋਏ ਜਨਾਨੀ ਅਤੇ ਨਵਜੰਮੀ ਬੱਚੀ ਨੂੰ ਹਸਪਤਾਲ ਅੰਦਰ ਦਾਖ਼ਲ ਕਰਵਾਇਆ। ਭਾਗ ਸਿੰਘ ਨੇ ਦੋਸ਼ ਲਗਾਇਆ ਕਿ ਸਟਾਫ਼ ਵਲੋਂ ਉਸ ਦੀ ਪਤਨੀ ਦੀ ਸਾਫ਼-ਸਫ਼ਾਈ ਲਈ 300 ਰੁਪਏ ਲੈ ਲਏ ਗਏ।
ਇਹ ਵੀ ਪੜ੍ਹੋ : ਗੁਰਦੁਆਰੇ ਤੇ ਮੰਦਰਾਂ ਨੂੰ ਲੈ ਕੇ ਦਾਵਤ-ਏ-ਇਸਲਾਮੀ ਅੱਤਵਾਦੀ ਸੰਗਠਨ ਨੇ ਦਿੱਤੀ ਧਮਕੀ
ਇਸ ਸਬੰਧੀ ਸਿਵਲ ਹਸਪਤਾਲ ਦੇ ਐੱਸ.ਐੱਮ.ਓ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਇਸ ਕੇਸ ਸਬੰਧੀ ਵਰਤੀ ਗਈ ਲਾਪਰਵਾਹੀ ਦੀ ਜਾਂਚ ਲਈ ਤਿੰਨ ਮੈਂਬਰੀ ਡਾਕਟਰਾਂ ਦਾ ਬੋਰਡ ਤਿਆਰ ਕਰ ਦਿੱਤਾ ਗਿਆ ਹੈ, ਜੋ ਦੋ ਦਿਨਾਂ 'ਚ ਆਪਣੀ ਸਾਰੀ ਰਿਪੋਰਟ ਉਨ੍ਹਾਂ ਨੂੰ ਸੌਂਪੇਗੀ। ਜਿਸ ਤੋਂ ਬਾਅਦ ਬਣਦੀ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਸ਼ਹਿਰ 'ਚ ਡੇਂਗੂ ਦਾ ਕਹਿਰ ਜਾਰੀ, 72 ਸਾਲਾ ਔਰਤ ਦੀ ਮੌਤ
NEXT STORY