ਝਬਾਲ/ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ,ਨਰਿੰਦਰ) : ਤਰਨਤਾਰਨ ਦੇ ਪਿੰਡ ਮੂਸੇ ਕਲਾਂ ਵਿਖੇ ਹਰ ਸਾਲ ਕਰਵਾਏ ਜਾਂਦੇ ਧਾਰਮਿਕ ਸਮਾਗਮ 'ਚ ਸ਼ਾਮਲ ਹੋਣ ਲਈ ਪਹੁੰਚ ਰਹੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਕਾਫਲੇ ਨੂੰ ਜ਼ਿਲਾ ਪ੍ਰਸ਼ਾਸਨ ਵਲੋਂ ਉਸ ਵੇਲੇ ਰਸਤੇ 'ਚੋਂ ਹੀ ਵਾਪਸ ਮੋੜ ਦਿੱਤਾ ਜਦੋਂ ਪ੍ਰਸ਼ਾਸਨ ਨੂੰ ਸਿੱਖ ਜਥੇਬੰਦੀਆਂ ਵਲੋਂ ਵਿਰੋਧ ਕੀਤੇ ਜਾਣ ਦੀ ਭਣਕ ਲੱਗੀ। ਦੱਸਣਯੋਗ ਹੈ ਕਿ ਪਿੰਡ ਮੂਸੇ ਕਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁਰਖਿਆਂ ਦਾ ਪਿੰਡ ਹੈ ਜਿਥੇ ਹਰ ਸਾਲ ਪਿੰਡ ਦੇ ਇਕ ਪਰਿਵਾਰ ਵਲੋਂ ਬਾਬਾ ਨੰਦ ਸਿੰਘ ਜੀ ਦੀ ਯਾਦ 'ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਕੇ ਧਾਰਮਿਕ ਸਮਾਗਮ ਕਰਾਇਆ ਜਾਂਦਾ ਹੈ। ਇਸ ਸਮਾਗਮ 'ਚ ਜਿਥੇ ਕਈ ਵਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਪਹੁੰਚ ਚੁੱਕੇ ਹਨ, ਉੱਥੇ ਹੀ ਪਿੱਛਲੇ ਕਈ ਸਾਲਾਂ ਤੋਂ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸਮੇਤ ਉਨ੍ਹਾਂ ਦਾ ਸਮੁੱਚਾ ਪਰਿਵਾਰ ਸ਼ਮੂਲੀਅਤ ਕਰ ਰਿਹਾ ਹੈ। ਅੱਜ ਵੀ ਹਰ ਸਾਲ ਦੀ ਤਰ੍ਹਾਂ ਸਮਾਗਮ ਕਰਾਇਆ ਜਾ ਰਿਹਾ ਸੀ, ਜਿਥੇ ਬਿਕਰਮ ਸਿੰਘ ਮਜੀਠੀਆ ਅਤੇ ਹਰਸਿਮਰਤ ਕੌਰ ਦੇ ਪਹੁੰਚਣ ਵਾਲੇ ਸਨ। ਬੁੱਧਵਾਰ ਨੂੰ ਸਵੇਰੇ 10:30 ਵਜੇ ਜਦੋਂ ਬੀਬਾ ਹਰਸਿਮਰਤ ਕੌਰ ਅਤੇ ਬਿਕਰਮ ਸਿੰਘ ਮਜੀਠੀਆ ਦਾ ਕਾਫਲਾ ਤਰਨਤਾਰਨ ਰੋਡ ਅੱਡਾ ਝਬਾਲ ਵਿਖੇ ਪੁੱਜਾ ਤਾਂ ਐੱਸ.ਪੀ. (ਐੱਚ) ਗੁਰਨਾਮ ਸਿੰਘ ਅਤੇ ਡੀ.ਐੱਸ.ਪੀ. ਸਿਟੀ ਤਰਨਤਾਰਨ ਸੁੱਚਾ ਸਿੰਘ ਬੱਲ ਦੀ ਅਗਵਾਈ 'ਚ ਪੁੱਜੀ ਪੁਲਸ ਫੋਰਸ ਵਲੋਂ ਉਕਤ ਕਾਫਲੇ ਨੂੰ ਰਸਤੇ 'ਚ ਹੀ ਰੋਕ ਲਿਆ ਗਿਆ ਅਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਵਾਪਸ ਭੇਜ ਦਿੱਤਾ ਗਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਪੰਜਾਬ ਪ੍ਰਧਾਨ ਭਾਈ ਤਰਲੋਚਨ ਸਿੰਘ ਸੋਹਲ ਅਤੇ ਭਾਈ ਮਨਜੀਤ ਸਿੰਘ ਝਬਾਲ ਦੀ ਅਗਵਾਈ 'ਚ ਸਿੱਖ ਆਗੂ ਮਜੀਠੀਆ ਅਤੇ ਬੀਬਾ ਬਾਦਲ ਦਾ ਵਿਰੋਧ ਕਰਨ ਲਈ ਪਿੰਡ ਮੂਸੇ ਕਲਾਂ ਦੇ ਨਹਿਰ ਵਾਲੇ ਪੁੱਲ 'ਤੇ ਤਿਆਰ ਬਰ ਤਿਆਰ ਖੜ੍ਹੇ ਸਨ। ਸਿੱਖ ਆਗੂਆਂ ਨੇ ਹੱਥਾਂ 'ਚ ਗੋਹੇ ਵਾਲੀਆਂ ਥੈਲੀਆਂ, ਪਾਥੀਆਂ ਸਮੇਤ 'ਅਕਾਲੀ ਦਲ ਰਾਮ ਰਹੀਮ ਦੇ ਚੇਲੇ ਅਤੇ ਸ੍ਰੀ ਗੁਰੂ ਗੰਥ ਸਾਹਿਬ ਦੇ ਦੋਸ਼ੀ ਅਕਾਲੀ ਦਲ...ਮੁਰਦਾਬਾਦ' ਆਦਿ ਦੇ ਸਲੋਗਨ ਫੜ੍ਹੇ ਹੋਏ ਸਨ। ਭਾਈ ਤਰਲੋਚਨ ਸਿੰਘ ਸੋਹਲ ਅਤੇ ਭਾਈ ਮਨਜੀਤ ਸਿੰਘ ਝਬਾਲ ਨੇ ਦੱਸਿਆ ਕਿ ਮੰਗਵਾਰ ਵਿਧਾਨ ਸਭਾ 'ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਸਾਹਮਣੇ ਆਈ ਰਿਪੋਰਟ ਤੋਂ ਸਾਫ ਪਤਾ ਚੱਲ ਗਿਆ ਹੈ ਕਿ ਬਹਿਬਲ ਕਲਾਂ ਅਤੇ ਬੜਗਾੜੀ ਵਿਖੇ ਸ੍ਰ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਅਤੇ ਬੇਦੋਸ਼ੇ ਸਿੱਖਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਨ ਪਿੱਛੇ ਬਾਦਲ ਪਰਿਵਾਰ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵਲੋਂ ਸਦਨ 'ਚੋਂ ਭੱਜ ਨਿਕਲਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਬਾਦਲਾਂ ਨੂੰ ਆਪਣੇ ਗੁਨਾਹਾਂ ਦਾ ਡਰ ਸਤਾ ਰਿਹਾ ਹੈ। ਬੇਸ਼ੱਕ ਅੱਜ ਬਿਕਰਮ ਸਿੰਘ ਮਜੀਠੀਆ ਅਤੇ ਹਰਸਿਮਰਤ ਕੌਰ ਬਾਦਲ ਸਿੱਖਾਂ ਦੇ ਵਿਰੋਧ ਤੋਂ ਬਚ ਗਏ ਹਨ ਪਰ ਬਾਦਲ ਪਰਿਵਾਰ ਅਤੇ ਅਕਾਲੀ ਨੁਮਾਇੰਦਿਆਂ ਦਾ ਵਿਰੋਧ ਜਾਰੀ ਰਹੇਗਾ ਅਤੇ ਇਨ੍ਹਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਿੱਤਾ ਜਾਵੇਗਾ।

ਐੱਸ.ਐੱਸ.ਪੀ. ਦਰਸ਼ਨ ਸਿੰਘ ਮਾਨ ਦੇ ਹੁਕਮਾਂ 'ਤੇ ਐੱਸ.ਪੀ.ਐੱਚ ਗੁਰਨਾਮ ਸਿੰਘ, ਡੀ.ਐੱਸ.ਪੀ. ਸਿਟੀ ਸੁੱਚਾ ਸਿੰਘ ਬੱਲ, ਐੱਸ.ਪੀ. ਟ੍ਰੈਫਿਕ ਜਸਵੰਤ ਕੌਰ, ਡੀ.ਐੱਸ.ਪੀ.(ਐੱਚ) ਰਵਿੰਦਰ ਕੁਮਾਰ ਸ਼ਰਮਾ, ਦੀ ਅਗਵਾਈ 'ਚ ਥਾਣਾ ਝਬਾਲ ਦੇ ਮੁੱਖੀ ਮਨੋਜ ਕੁਮਾਰ ਸ਼ਰਮਾ, ਥਾਣਾ ਸਹਿਰੀ ਤਰਨਤਾਰਨ ਦੇ ਮੁੱਖੀ ਚੰਦਰ ਭੂਸ਼ਣ, ਥਾਣਾ ਸਦਰ ਦੇ ਮੁੱਖੀ ਮਨਜਿੰਦਰ ਸਿੰਘ, ਥਾਣਾ ਕੱਚਾ ਪੱਕਾ (ਭਿੱਖੀਵਿੰਡ) ਤੋਂ ਰਜਿੰਦਰ ਸਿੰਘ, ਥਾਣਾ ਸਰਾਏ ਅਮਾਨਤ ਖਾਂ ਤੋਂ ਤਰਸੇਮ ਮਸੀਹ ਅਤੇ ਹੋਰ ਥਾਣਿਆਂ ਤੋਂ ਵੱਡੀ ਗਿਣਤੀ 'ਚ ਪੁਲਸ ਫੋਰਸ ਪਿੰਡ ਮੂਸੇ ਕਲਾਂ ਵਿਖੇ ਪਹੁੰਚ ਗਈ ਅਤੇ ਪਿੰਡ ਨੂੰ ਪੁਲਸ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ। ਤਰਨਤਾਰਨ, ਭਿੱਖੀਵਿੰਡ ਰੋਡਾਂ 'ਤੇ ਵੀ ਪੁਲਸ ਫੋਰਸ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਅਤੇ ਹਰ ਸਥਿਤੀ ਦਾ ਟਾਕਰਾ ਕਰਨ ਲਈ ਪੁਲਸ ਵਲੋਂ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ। ਐੱਸ.ਪੀ.(ਐੱਚ) ਗੁਰਨਾਮ ਸਿੰਘ ਅਤੇ ਡੀ.ਐੱਸ.ਪੀ. ਸਿਟੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਕਿਸੇ ਨੂੰ ਵੀ ਕਾਨੂੰਨ ਹੱਥ 'ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਮੁੱਖ ਰੱਖਦਿਆਂ ਉਕਤ ਪ੍ਰਬੰਧ ਕੀਤੇ ਗਏ ਸਨ ਅਤੇ ਸਖਤ ਪ੍ਰਬੰਧਾਂ ਕਾਰਨ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰ ਸਕੀ ਹੈ। ਸਿੱਖ ਜਥੇਬੰਦੀਆਂ ਵਲੋਂ ਵਿਰੋਧ ਕੀਤੇ ਜਾਣ ਦੀ ਜਾਣਕਾਰੀ ਮਿਲਣ ਉਪਰੰਤ ਬਿਕਰਮ ਸਿੰਘ ਮਜੀਠੀਆ ਅਤੇ ਹਰਸਿਮਰਤ ਕੌਰ ਬਾਦਲ ਦੇ ਕਾਫਲਿਆਂ ਨੂੰ ਪੂਰੀ ਸੁਰੱਖਿਆ ਸਹਿਤ ਰਸਤੇ 'ਚੋਂ ਹੀ ਵਾਪਸ ਰਵਾਨਾ ਕਰ ਦਿੱਤਾ ਗਿਆ ਸੀ।
ਖਰਾਬ ਮੌਸਮ ਦੇ ਕਾਰਨ ਦੁਬਈ-ਅੰਮ੍ਰਿਤਸਰ ਉਡਾਨ 2.35 ਘੰਟੇ ਲੇਟ
NEXT STORY