ਚੌਂਕ ਮਹਿਤਾ (ਮਨਦੀਪ,ਪਾਲ) : ਸਿੱਖਿਆ ਮੰਤਰੀ ਓ.ਪੀ. ਸੋਨੀ ਵੱਲੋਂ ਸਕੂਲਾਂ ਵਿਚ ਕੀਤੇ ਸੁਧਾਰ ਦੇ ਦਾਅਵਿਆਂ ਦੀ ਉਸ ਵੇਲੇ ਹਵਾ ਨਿੱਕਲ ਗਈ ਜਦੋਂ ਇਹ ਖ਼ਬਰ ਮਿਲੀ ਕਿ ਇਕ ਪਿੰਡ ਵਿਚ ਕਈ ਮਹੀਨਿਆਂ ਤੋ ਇਕਲੌਤੀ ਅਧਿਆਪਕਾ ਹੀ ਸਕੂਲ ਚਲਾ ਰਹੀ ਹੈ ਅਤੇ ਪਿੰਡ ਵਾਸੀਆਂ ਨੇ ਜ਼ਿਲਾ ਸਿੱਖਿਆ ਅਫ਼ਸਰ 'ਤੇ ਮਾਮਲਾ ਧਿਆਨ ਵਿਚ ਹੋਣ ਦੇ ਬਾਵਜੂਦ ਵੀ ਬੱਚਿਆਂ ਦੇ ਭੱਵਿਖ ਨਾਲ ਖੇਡਣ ਦੇ ਦੋਸ਼ ਲਗਾਏ ਹਨ।
ਉਕਤ ਸਮੱਸਿਆ ਪਿੰਡ ਧਰਦਿਓ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਹੈ, ਜਿਥੇ ਮਹਿਜ਼ ਇਕ ਹੀ ਅਧਿਆਪਕ ਵੱਲੋਂ ਸਾਰੇ ਸਕੂਲ ਦਾ ਸੰਚਾਲਨ ਕਰਨ ਕਰੇਕ ਵਿੱਦਿਆ ਪੱਖੋਂ ਬੱਚਿਆਂ ਦਾ ਭੱਵਿਖ ਹੁਣ ਧੁੰਦਲਾ ਹੁੰਦਾ ਨਜ਼ਰ ਆ ਰਿਹਾ ਹੈ। ਸਕੂਲ ਕਮੇਟੀ ਵੱਲੋਂ ਅਧਿਆਪਕਾਂ ਦੀ ਕਮੀ ਸਬੰਧੀ ਸੀਨੀਅਰ ਅਧਿਕਾਰੀਆਂ ਨੂੰ ਕੁਝ ਮਹੀਨੇ ਪਹਿਲਾਂ ਸੂਚਿਤ ਕੀਤਾ ਗਿਆ ਤਾਂ ਉਨ੍ਹਾਂ ਅਧਿਆਪਕਾਂ ਦੀ ਪੂਰਤੀ ਕਰਨ ਦੀ ਥਾਂ 'ਤੇ ਸਕੂਲ ਨੂੰ ਹੀ ਰਈਆ ਬਲਾਕ-1 ਤੋਂ ਰਈਆ ਬਲਾਕ-2 ਵਿਚ ਤਬਦੀਲ ਕਰ ਦਿੱਤਾ।
ਜਿਹਾ ਹੋਣ ਨਾਲ ਹੁਣ ਸਟਾਫ਼ ਅਤੇ ਵਿਦਿਆਰਥੀ ਦੋਵੋਂ ਹੀ ਵੱਡੀ ਪ੍ਰੇਸ਼ਾਨੀ ਵਿਚ ਫਸ ਚੁੱਕੇ ਹਨ। ਹੁਣ ਅਧਿਆਪਕਾ ਨੂੰ ਦਫ਼ਤਰੀ ਕੰਮ ਲਈ ਬਾਬਾ ਬਕਾਲਾ ਦੀ ਥਾਂ 'ਤੇ ਖਿੱਲਚੀਆ ਦਫ਼ਤਰ ਵਿਖੇ ਜਾਣਾ ਪਵੇਗਾ ਅਤੇ ਪੰਜਵੀਂ ਕਲਾਸ ਦੇ ਇਮਤਿਹਾਨਾ ਦੀ ਬੋਰਡ ਪ੍ਰੀਖਿਆ ਲਈ ਸੈਂਟਰ ਵੀ ਹੁਣ ਸਰਕਾਰੀ ਹਾਈ ਸਕੂਲ ਬੁੱਟਰ-ਧਰਦਿਉ ਦੀ ਥਾਂ 'ਤੇ ਪਿੰਡ ਕੋਹਾਟਵਿੰਡ ਹੋਵੇਗਾ ਅਤੇ ਬੱਚਿਆਂ ਨੂੰ ਪੇਪਰ ਦੇਣ ਲਈ ਹੁਣ ਪਿੰਡ ਤੋਂ 6 ਕਿਲੋਮੀਟਰ ਦੂਰ ਜਾਣਾ ਪਵੇਗਾ।
ਇਸ ਸਬੰਧੀ ਪਿੰਡ ਦੇ ਯੂਨੀਕ ਕਲੱਬ, ਪਸਵਕ ਕਮੇਟੀ ਅਤੇ ਗ੍ਰਾਮ ਪੰਚਾਇਤ ਮਲਕੀਤ ਸਿੰਘ ਨਗਰ ਵੱਲੋਂ ਸਾਂਝੇ ਤੌਰ 'ਤੇ ਮੀਡੀਏ ਨੂੰ ਦੱਸਿਆ ਗਿਆ ਕਿ ਇਸ ਸਬੰਧੀ ਜ਼ਿਲਾ ਸਿੱਖਿਆ ਅਫ਼ਸਰ ਸੁਨੀਤਾ ਕਿਰਨ ਨੂੰ ਈ-ਮੇਲ ਕਰਕੇ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਪਰ ਹੁਣ ਤੱਕ ਕੋਈ ਵੀ ਹੱਲ ਨਾ ਕੀਤੇ ਜਾਣ ਅਤੇ ਜ਼ਿੰਮੇਵਾਰ ਅਫ਼ਸਰਾਂ ਵੱਲੋ ਬੱਚਿਆਂ ਦੇ ਭੱਵਿਖ ਨਾਲ ਖੇਡਣ ਕਾਰਨ ਉਹ ਡੀ.ਓ. ਵਿਰੁੱਧ ਜਲਦ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਗੇ। ਇਸ ਸਬੰਧੀ ਜਦੋਂ ਸੁਨੀਤਾ ਕਿਰਨ ਨਾਲ ਫੋਨ 'ਤੇ ਗੱਲਬਾਤ ਕਰਨੀ ਚਾਹੀ ਤਾ ਉਨ੍ਹਾਂ ਫੋਨ ਨਹੀਂ ਚੁੱਕਿਆ।
ਅਧਿਆਪਕਾਂ ਨੇ ਦੀਵੇ ਵੇਚ ਕੇ ਅਤੇ ਭਾਂਡੇ ਖੜਕਾ ਕੇ ਕੀਤਾ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ (ਵੀਡੀਓ)
NEXT STORY