ਭਵਾਨੀਗੜ੍ਹ (ਕਾਂਸਲ)- ਪੰਜਾਬ ਅੰਦਰ ਪ੍ਰਾਈਵੇਟ ਸਕੂਲਾਂ ਦੀ ਜਥੇਬੰਦੀ ਫ਼ੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਦੇ ਸੱਦੇ 'ਤੇ ਅੱਜ ਇਲਾਕੇ ਦੇ ਸਕੂਲਾਂ ਵਿਚ ਪੰਜਾਬ ਸਰਕਾਰ ਦੇ ਸਕੂਲਾਂ ਨੂੰ ਬੰਦ ਰੱਖਣ ਦੇ ਆਦੇਸ਼ਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਗਏ। ਘਰਾਚੋਂ ਅਧੀਨ ਆਉਂਦੇ ਕਰੀਬ ਅੱਧੀ ਦਰਜ਼ਣ ਸਕੂਲਾਂ ਦੇ ਸੰਚਾਲਕਾਂ ਅਤੇ ਅਧਿਆਪਕਾਂ ਵੱਲੋਂ ਕਾਲੇ ਮਾਸਕ ਪਹਿਨ ਅਤੇ ਕਾਲੀਆਂ ਝੰਡੀਆਂ ਹੱਥਾਂ ਵਿਚ ਲੈ ਕੇ ਪੰਜਾਬ ਸਰਕਾਰ ਤੋਂ ਸਕੂਲ ਖੁੱਲ੍ਹਾ ਰੱਖਣ ਦੀ ਮੰਗ ਕੀਤੀ ਗਈ। ਇਸ ਮੌਕੇ ਰੋਸ ਪਰਦਰਸ਼ਨ ਕਰਨ ਵਾਲੇ ਅਧਿਆਪਕਾਂ ਨੇ ਕਿਹਾ ਕਿ ਸਾਲ 2020 ਦੀ 23 ਮਾਰਚ ਤੋਂ ਘਰਾਂ ਵਿਚ ਬੈਠੇ ਬੱਚੇ ਜਦੋਂ ਜਨਵਰੀ ਮਹੀਨੇ ਵਿਚ ਸਕੂਲਾਂ ਵਿਚ ਆਏ ਸਨ ਤਾਂ ਉਨ੍ਹਾਂ ਦਾ ਵਿਦਿਅਕ ਪੱਧਰ ਕਾਫੀ ਨੀਂਵਾਂ ਹੋ ਗਿਆ ਸੀ, ਉਹ ਅਨੁਸਾਸ਼ਨ ਨਾਮੀਂ ਕਿਸੇ ਚੀਜ਼ ਨੂੰ ਬਿਲਕੁਲ ਭੁੱਲ ਚੁੱਕੇ ਸਨ। ਵਿਦਿਆਰਥੀਆਂ ਨੂੰ ਮੁੜ ਲੀਹ 'ਤੇ ਲੈ ਕੇ ਆਉਣ ਲਈ ਅਧਿਆਪਕਾਂ ਨੂੰ ਕਾਫੀ ਮਿਹਨਤ ਕਰਨੀ ਪਈ। ਉਨ੍ਹਾਂ ਕਿਹਾ ਕਿ ਜੇਕਰ ਹੁਣ ਮੁੜ ਤੋਂ ਸਕੂਲ ਬੰਦ ਹੋ ਗਏ ਤਾਂ ਵਿਦਿਆਰਥੀਆਂ ਦਾ ਭਵਿੱਖ ਬਿਲਕੁਲ ਹੀ ਤਬਾਹ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਮੁਜ਼ਾਹਰਿਆਂ, ਸਿਆਸੀ ਰੈਲੀਆਂ, ਕਿਸਾਨੀ ਸੰਘਰਸ਼ਾਂ, ਹੋਟਲਾਂ, ਵਿਆਹਾਂ, ਭੋਗਾਂ ਅਤੇ ਹੋਰ ਜਨਤਕ ਥਾਂਵਾਂ 'ਤੇ ਲੋਕਾਂ ਦੇ ਮੋਢੇ ਨਾਲ ਮੋਢਾ ਖਹਿੰਦਾ ਹੈ ਉਧਰ ਸਰਕਾਰ ਕੁਝ ਸੋਚ ਨਹੀਂ ਰਹੀ ਦੂਸਰੇ ਪਾਸੇ ਸਕੂਲਾਂ ਵਿਚ ਸਮਾਜਿਕ ਦੂਰੀ, ਅਤੇ ਸੈਨੇਟਾਈਜੇਸ਼ਨ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ, ਸਰਕਾਰ ਉਥੇ ਤਾਲ਼ੇ ਲਵਾਉਣ ਨੂੰ ਫਿਰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਸਕੂਲ ਬੰਦ ਕਰਨ ਦੀ ਬਜਾਏ ਇਸਦਾ ਕੋਈ ਹੋਰ ਹੱਲ ਸੋਚੇ ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਚੱਲਦੀ ਰਹਿ ਸਕੇ ਅਤੇ ਨਾਲ ਹੀ ਨਾਲ ਕੋਵਿਡ ਦੀਆਂ ਹਿਦਾਇਤਾਂ ਦੀ ਪਾਲਣਾ ਵੀ ਹੁੰਦੀ ਰਹੇ।
ਸਕੂਲਾਂ ਦੀਆਂ ਸਾਇੰਸ, ਕੰਪਿਊਟਰ ਲੈਬੋਰੇਟਰੀਆਂ ਤੇ ਲਾਇਬਰੇਰੀਆਂ ਦੀ ਕਾਇਆ-ਕਲਪ ਲਈ 3.27 ਕਰੋੜ ਰੁਪਏ ਜਾਰੀ
NEXT STORY