ਅੰਮ੍ਰਿਤਸਰ (ਨੀਰਜ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ ਸਖ਼ਤ ਹੁਕਮ ਜਾਰੀ ਕਰਦੇ ਹੋਏ ਤਹਿਸੀਲਦਾਰਾਂ ਅਤੇ ਪਟਵਾਰੀਆਂ ਨੂੰ 4 ਅਪ੍ਰੈਲ ਤੱਕ ਸਾਰੇ ਇੰਤਕਾਲ ਦਰਜ ਅਤੇ ਮਨਜ਼ੂਰ ਕਰਨ ਦੇ ਹੁਕਮ ਜਾਰੀ ਕੀਤੇ ਸਨ ਪਰ ਪਟਵਾਰ ਸਰਕਲ 110 ਵਿਚ ਤਾਂ ਪਿਛਲੇ ਤਿੰਨ ਸਾਲਾਂ ਤੋਂ ਜਮ੍ਹਾਂਬੰਦੀ ਹੀ ਪੈਂਡਿੰਗ ਚੱਲ ਰਹੀ ਹੈ। ਜਾਣਕਾਰੀ ਅਨੁਸਾਰ ਡੀ. ਸੀ. ਸਾਕਸ਼ੀ ਸਾਹਨੀ ਦੇ ਧਿਆਨ ਵਿਚ ਜਮ੍ਹਾਂਬੰਦੀ ਪੈਂਡਿੰਗ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਟਵਾਰੀ ਅਤੇ ਕਾਨੂੰਨਗੋ ਨੇ ਤਾਂ ਜਮ੍ਹਾਂਬੰਦੀ ਨੂੰ ਤਿਆਰ ਕਰ ਲਿਆ ਹੈ ਅਤੇ ਜਮ੍ਹਾਂਬੰਦੀ ਇਸ ਸਮੇਂ ਤਿਆਰ ਹੈ ਪਰ ਇਸ ਜਮ੍ਹਾਂਬੰਦੀ ’ਤੇ ਦਸਤਖਤ ਕੌਣ ਕਰੇਗਾ, ਇਸ ਬਾਰੇ ਅਜੇ ਤੱਕ ਫੈਸਲਾ ਨਹੀਂ ਹੋ ਸਕਿਆ ਹੈ, ਜਦਕਿ ਮੁੱਖ ਮੰਤਰੀ ਦੀ ਡੈਡਲਾਈਨ ਨੂੰ ਇੱਕ ਹਫਤੇ ਦਾ ਸਮਾਂ ਬੀਤ ਚੁੱਕਾ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਵੱਲੋਂ ਕਰੋੜਾਂ ਦੀ ਹੈਰੋਇਨ ਸਣੇ ਇਕ ਤਸਕਰ ਗ੍ਰਿਫ਼ਤਾਰ, DGP ਨੇ ਕੀਤੇ ਵੱਡੇ ਖੁਲਾਸੇ
ਜਮ੍ਹਾਂਬੰਦੀ ਤਹਿਸੀਲ ਅੰਮ੍ਰਿਤਸਰ-1 ਦੇ ਇਲਾਕੇ ਵਿਚ ਪੈਂਦੀ ਹੈ ਇਸ ਲਈ ਡੀ. ਸੀ. ਵਲੋਂ ਸਾਬਕਾ ਮਹਿਲਾ ਤਹਿਸੀਲਦਾਰ-1 ਰਾਜਵਿੰਦਰ ਕੌਰ ਨੂੰ ਜਮ੍ਹਾਂਬੰਦੀ ’ਤੇ ਦਸਤਖਤ ਕਰਨ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਇਸ ’ਤੇ ਦਸਤਖਤ ਨਹੀਂ ਕੀਤੇ। ਇਸ ਤੋਂ ਬਾਅਦ ਸਾਬਕਾ ਤਹਿਸੀਲਦਾਰ ਮਨਜੀਤ ਸਿੰਘ ਜਿਨ੍ਹਾਂ ਨੇ 600 ਤੋਂ ਵੱਧ ਇੰਤਕਾਲ ਜਮ੍ਹਾਂ ਹੀ ਨਹੀਂ ਕਰਵਾਏ ਸੀ। ਉਨ੍ਹਾਂ ਨੇ ਵੀ ਦਸਤਖ਼ਤ ਨਹੀਂ ਕੀਤੇ। ਇਸੇ ਕਾਰਜਕਾਲ ਦੌਰਾਨ ਸਾਬਕਾ ਤਹਿਸੀਲਦਾਰ ਪਰਮਪ੍ਰੀਤ ਸਿੰਘ ਗੁਰਾਇਆ ਵੀ ਉੱਥੇ ਰਹੇ ਸਨ ਪਰ ਉਨ੍ਹਾਂ ਨੇ ਦਸਤਖ਼ਤ ਨਹੀਂ ਕੀਤੇ। ਇਸ ਸਮੇਂ ਨਵ-ਨਿਯੁਕਤ ਤਹਿਸੀਲਦਾਰ ਅੰਮ੍ਰਿਤਸਰ-1 ਅੰਮ੍ਰਿਤਬੀਰ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਹੁਣ ਉਹ ਦਸਤਖਤ ਕਰਦੇ ਹਨ ਜਾਂ ਨਹੀਂ, ਇਸ ਬਾਰੇ ਫੈਸਲਾ ਡੀ. ਸੀ ਅਤੇ ਡੀ. ਆਰ. ਓ ਵਲੋਂ ਹੀ ਕੀਤਾ ਜਾਵੇਗਾ।
ਹਜ਼ਾਰਾਂ ਲੋਕਾਂ ਨੂੰ 2015-16 ਦੀ ਜਮ੍ਹਾਂਬੰਦੀ ਨਾਲ ਕਰਨਾ ਪੈ ਰਿਹਾ ਗੁਜ਼ਾਰਾ
ਸ਼ਹਿਰੀ ਪਟਵਾਰ ਸਰਕਲ 110 ਦੀ ਜਮ੍ਹਾਂਬੰਦੀ ਪਿਛਲੇ ਤਿੰਨ-ਚਾਰ ਸਾਲਾਂ ਤੋਂ ਪੈਂਡਿੰਗ ਚੱਲ ਰਹੀ ਹੈ, ਕਿਉਂਕਿ ਸਾਬਕਾ ਤਹਿਸੀਲਦਾਰ ਮਨਜੀਤ ਸਿੰਘ ਨੇ ਉਕਤ ਸਰਕਲ ਨਾਲ ਸਬੰਧਤ 600 ਤੋਂ ਵੱਧ ਇੰਤਕਾਲ (ਪਰਤ ਪਟਵਾਰ) ਸਬੰਧਤ ਪਟਵਾਰੀ ਨੂੰ ਜਮ੍ਹਾਂ ਹੀ ਨਹੀਂ ਕਰਵਾਏ ਅਤੇ ਉਨ੍ਹਾਂ ਨੂੰ ਆਪਣੇ ਕੋਲ ਹੀ ਰੱਖਿਆ। ਇੰਨ੍ਹੇ ਮਹੱਤਵਪੂਰਨ ਸਰਕਲ ਦੇ ਇੰਤਕਾਲਾਂ ਨੂੰ ਆਪਣੇ ਕੋਲ ਰੱਖਣਾ ਯਕੀਨੀ ਤੌਰ ’ਤੇ ਇੱਕ ਵੱਡੇ ਘੁਟਾਲੇ ਵੱਲ ਇਸ਼ਾਰਾ ਕਰਦਾ ਹੈ। ਉੱਥੇ ਤਹਿਸੀਲਦਾਰ ਦੀ ਇਸ ਹਿਮਾਕਤ ਦੇ ਚੱਲਦਿਆਂ ਹੁਣ ਤੱਕ ਉਕਤ ਪਟਵਾਰ ਸਰਕਲ ਦੀ ਜਮ੍ਹਾਂਬੰਦੀ ਹੀ ਨਹੀਂ ਬਣੀ, ਜਿਸ ਦੇ ਚੱਲਦਿਆਂ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੂੰ 2015-16 ਦੀ ਜਮ੍ਹਾਂਬੰਦੀ ਦੇ ਦਸਤਾਵੇਜ਼ਾਂ ਤੋਂ ਗੁਜ਼ਾਰਾ ਕਰਨਾ ਪੈ ਰਿਹਾ ਹੈ। ਇਸ ਸਰਕਲ ਵਿਚ ਤਾਇਨਾਤ ਪਟਵਾਰੀ ਵਿਵੇਕ ਭਾਟੀਆ ਨੂੰ ਰੋਜ਼ਾਨਾ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦਕਿ ਜਮ੍ਹਾਂਬੰਦੀ ਤਿਆਰ ਕਰ ਰਹੇ ਪਟਵਾਰੀ ਹਰਪ੍ਰੀਤ ਸਿੰਘ ਬਾਬਾ ਦਾ ਕਹਿਣਾ ਹੈ ਕਿ ਤਹਿਸੀਲਦਾਰ ਕਾਰਨ ਜਮ੍ਹਾਂਬੰਦੀ ਤਿਆਰ ਕਰਨ ਵਿਚ ਦੇਰੀ ਹੋਈ ਹੈ, ਕਿਉਂਕਿ ਜੇਕਰ ਤਹਿਸੀਲਦਾਰ ਦੇ ਇੰਤਕਾਲਾਂ ਨੂੰ ਛੱਡ ਦਿੰਦੇ ਤਾਂ ਹੋਰ ਇੰਤਕਾਲ ਵੀ ਪ੍ਰਭਾਵਿਤ ਹੋਣੇ ਸੀ, ਜਿਸ ਨਾਲ ਆਮ ਲੋਕਾਂ ਨੂੰ ਨੁਕਸਾਨ ਹੋਣਾ ਸੀ।
ਇਹ ਵੀ ਪੜ੍ਹੋ- ਤਰਨਤਾਰਨ 'ਚ ਗੋਲੀ ਮਾਰ ਕੇ ਕਤਲ ਕੀਤੇ ਪੁਲਸ ਮੁਲਾਜ਼ਮ ਦੇ ਪਰਿਵਾਰ ਲਈ CM ਮਾਨ ਦਾ ਅਹਿਮ ਐਲਾਨ
ਪਟਵਾਰ ਸਰਕਲ 110 ਵਿਚ ਪੌਸ਼ ਇਲਾਕੇ ਸ਼ਾਮਲ
ਜੇਕਰ ਮਾਲ ਵਿਭਾਗ ਦੇ ਪਟਵਾਰ ਸਰਕਲ 110 ਦੀ ਗੱਲ ਕਰੀਏ ਤਾਂ ਇਸ ਸਰਕਲ ਵਿਚ ਸ਼ਹਿਰ ਦੇ ਪੌਸ਼ ਇਲਾਕੇ ਸ਼ਾਮਲ ਹਨ, ਜਿਨ੍ਹਾਂ ਵਿਚ ਮਾਲ ਰੋਡ, ਜੋਸ਼ੀ ਕਾਲੋਨੀ, ਸ਼ਿਵਾਲਾ ਕਾਲੋਨੀ, ਬੱਸ ਸਟੈਂਡ, ਗੋਲਡਨ ਐਵੇਨਿਊ, ਆਈ. ਡੀ. ਐੱਚ. ਮਾਰਕੀਟ, ਤਿਲਕ ਨਗਰ ਅਤੇ ਕ੍ਰਿਸ਼ਨਾ ਨਗਰ ਹਨ, ਜਿੱਥੇ ਜ਼ਮੀਨ ਦੇ ਰੇਟ ਬਹੁਤ ਜ਼ਿਆਦਾ ਹਨ ਪਰ ਉਕਤ ਅਧਿਕਾਰੀ ਦੀ ਲਾਪ੍ਰਵਾਹੀ ਕਾਰਨ ਮੌਜੂਦਾ ਪਟਵਾਰੀ ਪਿਛਲੀ ਜਮ੍ਹਾਂਬੰਦੀ ਦਾ ਹਵਾਲਾ ਦੇ ਕੇ ਲੋਕਾਂ ਨੂੰ ਦਸਤਾਵੇਜ਼ ਜਾਰੀ ਕਰ ਰਿਹਾ ਹੈ, ਜਦਕਿ ਇਸ ਵਿੱਚ ਆਮ ਲੋਕਾਂ ਦਾ ਕੋਈ ਕਸੂਰ ਨਹੀਂ ਹੈ।
ਜਮ੍ਹਾਂਬੰਦੀ ’ਤੇ ਸਖ਼ਤੀ ਨਾਲ ਕਾਰਾਵਈ ਕਰ ਰਿਹਾ ਪ੍ਰਸ਼ਾਸਨ
ਡੀ. ਸੀ. ਸਾਕਸ਼ੀ ਸਾਹਨੀ ਨੇ ਇਸ ਮਾਮਲੇ ਵਿਚ ਜ਼ਿਲ੍ਹਾ ਮਾਲ ਅਫ਼ਸਰ ਨਵਕੀਰਤ ਸਿੰਘ ਰੰਧਾਵਾ ਨੂੰ ਸਖ਼ਤੀ ਨਾਲ ਜਾਂਚ ਕਰਨ ਅਤੇ ਲਾਪ੍ਰਵਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਡੀ. ਸੀ. ਨੇ ਕਿਹਾ ਕਿ ਪ੍ਰਸ਼ਾਸਨ ਜਮ੍ਹਾਂਬੰਦੀ ਦੇ ਮਾਮਲੇ ਵਿਚ ਲਗਾਤਾਰ ਕਾਰਵਾਈ ਕਰ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਲੱਗ ਗਈ ਵੱਡੀ ਪਾਬੰਦੀ, 3 ਮਹੀਨੇ ਲਾਗੂ ਰਹਿਣਗੇ ਹੁਕਮ
ਸੁਲਤਾਨਵਿੰਡ ਅਰਬਨ ਦੀ ਜਮ੍ਹਾਂਬੰਦੀ ਦੀ ਹੋ ਰਹੀ ਹੈ ਜਾਂਚ
ਪਟਵਾਰ ਸਰਕਲ 110 ਵਾਂਗ ਸੁਲਤਾਨਵਿੰਡ ਅਰਬਨ ਦੀ ਜਮ੍ਹਾਂਬੰਦੀ ਵੀ ਪਿਛਲੇ ਇਕ ਸਾਲ ਤੋਂ ਲੇਟ ਚੱਲ ਰਹੀ ਹੈ। ਇਹ ਜਮ੍ਹਾਂਬੰਦੀ ਪਟਵਾਰੀ ਵਲੋਂ ਤਿਆਰ ਕੀਤੀ ਗਈ ਹੈ ਪਰ ਇਸ ਦੀ ਜਾਂਚ ਅਜੇ ਵੀ ਕਾਨੂੰਨਗੋ ਵਲੋਂ ਕੀਤੀ ਜਾ ਰਹੀ ਹੈ ਜੋ ਕਿ ਅਜੇ ਪੂਰੀ ਨਹੀਂ ਹੋਈ ਹੈ। ਇਸ ਜਮ੍ਹਾਂਬੰਦੀ ’ਤੇ ਕੌਣ ਦਸਤਖਤ ਕਰੇਗਾ, ਇਸ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ, ਹਾਲਾਂਕਿ ਇਹ ਜਮ੍ਹਾਂਬੰਦੀ ਵੀ ਤਹਿਸੀਲ ਅੰਮ੍ਰਿਤਸਰ-1 ਦੇ ਇਲਾਕੇ ਵਿਚ ਹੀ ਆਉਂਦੀ ਹੈ।
ਤਹਿਸੀਲਦਾਰਾਂ ਕਾਰਨ ਪਟਵਾਰੀਆਂ ਨੂੰ ਆਉਂਦੀ ਹੈ ਪ੍ਰੇਸ਼ਾਨੀ
ਦਿ ਰੈਵੀਨਿਊ ਪਟਵਾਰ ਯੂਨੀਅਨ ਦੇ ਸੂਬਾਈ ਮੈਂਬਰ ਹਰਪਾਲ ਸਿੰਘ ਸਮਰਾ ਨੇ ਕਿਹਾ ਕਿ ਪਟਵਾਰ ਸਰਕਲ 110 ਵਰਗੀ ਸਥਿਤੀ ਕਈ ਹੋਰ ਸਰਕਲਾਂ ਵਿੱਚ ਵੀ ਪੈਦਾ ਹੋਈ ਹੈ, ਕਿਉਂਕਿ ਕੁਝ ਤਹਿਸੀਲਦਾਰ ਸਮੇਂ ਸਿਰ ਇੰਤਕਲਾਂ (ਪਰਤ ਪਟਵਾਰ) ਨੂੰ ਜਮ੍ਹਾਂ ਨਹੀਂ ਕਰਵਾਉਂਦੇ ਹਨ, ਜਿਸ ਕਾਰਨ ਪਟਵਾਰੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਡੀ. ਸੀ. ਮੈਡਮ ਨਾਲ ਗੱਲਬਾਤ ਕਰ ਕੇ ਫੈਸਲਾ ਲਿਆ ਜਾਵੇਗਾ : ਡੀ. ਆਰ. ਓ. ਰੰਧਾਵਾ
ਡੀ. ਆਰ. ਓ. (ਜ਼ਿਲਾ ਮਾਲ ਅਫ਼ਸਰ) ਨਵਕੀਰਤ ਸਿੰਘ ਰੰਧਾਵਾ ਨੇ ਕਿਹਾ ਕਿ ਪਟਵਾਰ ਸਰਕਲ 110 ਦੀ ਜਮ੍ਹਾਂਬੰਦੀ ’ਤੇ ਕੌਣ ਦਸਤਖਤ ਕਰੇਗਾ, ਇਸ ਬਾਰੇ ਅਗਲਾ ਫੈਸਲਾ ਡੀ. ਸੀ ਮੈਡਮ ਨਾਲ ਗੱਲ ਕਰਨ ਤੋਂ ਬਾਅਦ ਹੀ ਲਿਆ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਪੁਲਸ ਥਾਣੇ ਨੇੜੇ ਲਗਾਤਾਰ ਤਿੰਨ Blast
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡਾ ਹਾਦਸਾ: ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਪਰਤ ਰਹੀ ਸਕੂਲ ਬੱਸ ਦੇ ਹੇਠਾਂ ਆਇਆ ਨੌਜਵਾਨ, ਤੜਫ਼-ਤੜਫ਼ ਕੇ ਨਿਕਲੀ ਜਾਨ
NEXT STORY