ਖਰੜ (ਰਣਬੀਰ) : ਖਰੜ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੁਪਹਿਰ 3 ਵਜੇ ਦੇ ਕਰੀਬ ਮੋਰਿੰਡਾ ਰੋਡ ਖਾਨਪੁਰ ਸਥਿਤ ਮਾਡਰਨ ਵੈਲੀ 'ਚ ਇਕ ਪਾਗਲ ਕੁੱਤੇ ਨੇ ਇਕ ਤੋਂ ਬਾਅਦ ਇਕ ਹਮਲਾ ਕਰ ਕੇ 4 ਬੱਚਿਆਂ ਸਮੇਤ ਕੁੱਲ 11 ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਅਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।
ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਖਰੜ ਰੈਫਰ ਕਰ ਦਿੱਤਾ ਗਿਆ, ਜਿੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਬਿਹਤਰ ਇਲਾਜ ਲਈ ਇਕ ਬੱਚੇ ਸਮੇਤ ਕੁੱਲ ਦੋ ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਮੋਹਾਲੀ, ਸਰਕਾਰੀ ਮੈਡੀਕਲ ਕਾਲਜ ਸੈਕਟਰ 32 ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ। ਘਟਨਾ ਤੋਂ ਤੁਰੰਤ ਬਾਅਦ ਆਸ-ਪਾਸ ਦੇ ਲੋਕਾਂ ਨੇ ਨਗਰ ਕੌਂਸਲ ਖਰੜ ਨੂੰ ਸੂਚਨਾ ਦਿੱਤੀ ਪਰ ਖ਼ਬਰ ਲਿਖੇ ਜਾਣ ਤੱਕ ਨਗਰ ਕੌਂਸਲ ਦਫ਼ਤਰ ਦੀ ਕੋਈ ਵੀ ਟੀਮ ਉਕਤ ਪਾਗਲ ਕੁੱਤੇ ਨੂੰ ਕਾਬੂ ਕਰਨ ਲਈ ਨਹੀਂ ਪਹੁੰਚੀ ਸੀ। ਇਸ ਤੋਂ ਸਾਫ਼ ਹੈ ਕਿ ਅਜਿਹੀ ਹਾਲਤ ਵਿਚ ਘੁੰਮ ਰਹੇ ਕੁੱਤੇ ਨੇ ਬਿਨਾਂ ਸ਼ੱਕ ਹੋਰ ਲੋਕਾਂ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਹੋਵੇਗਾ।
ਇਹ ਵੀ ਪੜ੍ਹੋ- ਹੁਣ ਸੋਸ਼ਲ ਮੀਡੀਆ 'ਤੇ ਹਥਿਆਰ ਦਿਖਾਉਣ ਵਾਲਿਆਂ ਦੀ ਖ਼ੈਰ ਨਹੀਂ ! ਜਾਰੀ ਹੋ ਗਈਆਂ ਸਖ਼ਤ ਹਦਾਇਤਾਂ
ਇਸ ਸਾਰੀ ਘਟਨਾ ਦੇ ਚਸ਼ਮਦੀਦ ਗਵਾਹ ਸਤਵੀਰ ਸਿੰਘ ਨੇ ਦੱਸਿਆ ਕਿ ਉਹ ਉਪਰੋਕਤ ਸਥਾਨ 'ਤੇ ਇਕ ਹਾਊਸਿੰਗ ਪ੍ਰਾਜੈਕਟ 'ਤੇ ਕੰਮ ਕਰ ਰਿਹਾ ਸੀ ਤਾਂ ਸਭ ਤੋਂ ਪਹਿਲਾਂ ਉਥੇ ਤਾਇਨਾਤ ਦੋ ਸੁਰੱਖਿਆ ਗਾਰਡਾਂ 'ਤੇ ਕੁੱਤੇ ਨੇ ਹਮਲਾ ਕਰ ਦਿੱਤਾ। ਇਸ ਕਾਰਨ ਦੋਵੇਂ ਗੰਭੀਰ ਜ਼ਖਮੀ ਹੋ ਗਏ ਤੇ ਦੋਵਾਂ ਨੂੰ ਤੁਰੰਤ ਸਿਵਲ ਹਸਪਤਾਲ ਖਰੜ ਲਿਜਾਇਆ ਗਿਆ। ਇਸ ਤੋਂ ਬਾਅਦ ਨਜ਼ਦੀਕੀ ਮਾਡਰਨ ਵੈਲੀ 'ਚ ਕੰਮ ਕਰਦੇ ਮਜ਼ਦੂਰ, ਜਿਨ੍ਹਾਂ 'ਚ ਬੱਚੇ ਵੀ ਸ਼ਾਮਲ ਹਨ, ਕੁੱਤੇ ਦੇ ਇਸ ਹਮਲੇ ਦਾ ਸ਼ਿਕਾਰ ਹੋ ਗਏ, ਜਿਨ੍ਹਾਂ 'ਚ ਬੰਟੀ (24), ਰੀਆ ਚੌਹਾਨ (19), ਰਾਹੁਲ ਕੁਮਾਰ (10) ਨੂੰ ਸਥਾਨਕ ਹਸਪਤਾਲ ਖਰੜ 'ਚ ਇਲਾਜ ਅਧੀਨ ਹਨ, ਜਦੋਂਕਿ ਸਿਧਾਰਥ ਸ਼ਰਮਾ (38), ਮੀਰਾ ਦੇਵੀ (33), ਬਹਾਦਰ (50), ਪ੍ਰਕਾਸ਼ (60), ਮੋਹਨ ਕੁਮਾਰ (22), ਮਨੀਸ਼ਾ (13), ਸੁਸ਼ਮਿਤਾ (6) ਅਤੇ ਸਚਿਨ (5) ਨੂੰ ਸਿਵਲ ਹਸਪਤਾਲ ਮੋਹਾਲੀ ਰੈਫਰ ਕੀਤਾ ਗਿਆ।
ਇਸ ਸਬੰਧੀ ਸੰਪਰਕ ਕਰਨ 'ਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਪਰਮਿੰਦਰਜੀਤ ਸਿੰਘ ਨੇ ਕਿਹਾ ਕਿ ਹਸਪਤਾਲ ਵਿਚ ਕੁੱਤਿਆਂ ਦੇ ਵੱਢਣ ਦੇ ਕੇਸਾਂ ਨਾਲ ਨਜਿੱਠਣ ਲਈ ਹਸਪਤਾਲ 'ਚ ਐਂਟੀ ਰੇਬੀਜ਼ ਟੀਕਾਕਰਨ ਦੀ ਵਿਵਸਥਾ ਹੈ, ਪਰ ਜ਼ਖ਼ਮ ਡੂੰਘਾ ਹੋਣ 'ਤੇ ਐਂਟੀ-ਰੇਬੀਜ਼ ਸੀਰਮ ਨਾਲ ਲੂਜ਼ ਸਟਿਚਿੰਗ ਕਰਨੀ ਪੈਂਦੀ ਹੈ ਅਤੇ ਐਂਟੀ ਰੈਬੀਜ਼ ਸੀਰਮ ਸਿਰਫ ਸਿਵਲ ਹਸਪਤਾਲ ਮੋਹਾਲੀ ਵਿਚ ਹੀ ਉਪਲਬਧ ਹੈ।
ਇਹ ਵੀ ਪੜ੍ਹੋ- ਸਿੱਖਿਆ ਵਿਭਾਗ 'ਚ ਵੱਡੇ ਪੱਧਰ 'ਤੇ ਹੋਏ ਤਬਾਦਲੇ, ਇਕ-ਦੋ ਨੂੰ ਛੱਡ ਕੇ ਬਾਕੀ ਸਾਰੇ DEOs ਕੀਤੇ ਗਏ ਇੱਧਰੋਂ-ਉੱਧਰ
ਗਰੇਡ ਤਿੰਨ ਦੇ ਮਰੀਜ਼ ਜਿਨ੍ਹਾਂ ਦੇ ਜ਼ਖਮ ਗੰਭੀਰ ਹਨ, ਉਨ੍ਹਾਂ ਨੂੰ ਮੋਹਾਲੀ ਰੈਫਰ ਕਰ ਦਿੱਤਾ ਗਿਆ ਹੈ, ਜਿਨ੍ਹਾਂ 'ਚੋਂ 5 ਸਾਲਾ ਸਚਿਨ ਦਾ ਚਿਹਰਾ ਕੁੱਤੇ ਵੱਲੋਂ ਬੁਰੀ ਤਰ੍ਹਾਂ ਨਾਲ ਨੋਚੇ ਜਾਣ ਦੇ ਕਾਰਨ ਉਸ ਨੂੰ ਅਤੇ ਇਕ ਹੋਰ ਗੰਭੀਰ ਜ਼ਖਮੀ ਵਿਅਕਤੀ ਨੂੰ ਜੀ.ਐੱਮ.ਸੀ.ਐੱਚ. ਸੈਕਟਰ-32 ਰੈਫਰ ਕਰ ਦਿੱਤਾ ਗਿਆ ਹੈ। ਉਪਰੋਕਤ ਘਟਨਾ ਆਪਣੇ ਆਪ ਵਿਚ ਬਹੁਤ ਚਿੰਤਾਜਨਕ ਹੈ, ਉਸ ਤੋਂ ਵੀ ਵੱਡੀ ਚਿੰਤਾਜਨਕ ਗੱਲ ਇਹ ਹੈ ਕਿ ਉਕਤ ਪਾਗਲ ਕੁੱਤੇ ਨੂੰ ਹਾਲੇ ਤੱਕ ਕਾਬੂ ਨਾ ਕੀਤਾ ਜਾ ਸਕਣਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਿੱਖਿਆ ਵਿਭਾਗ 'ਚ ਵੱਡੇ ਪੱਧਰ 'ਤੇ ਹੋਏ ਤਬਾਦਲੇ, ਇਕ-ਦੋ ਨੂੰ ਛੱਡ ਕੇ ਬਾਕੀ ਸਾਰੇ DEOs ਕੀਤੇ ਗਏ ਇੱਧਰੋਂ-ਉੱਧਰ
NEXT STORY