ਜਲੰਧਰ (ਅਮਿਤ)— ਪਿਮਸ ਵਿਚ ਡੇਂਗੂ ਦੇ ਨਾਂ 'ਤੇ 2 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪਰਿਵਾਰਕ ਮੈਂਬਰ ਡਰੇ ਹੋਏ ਹਨ ਕਿ ਉਨ੍ਹਾਂ ਨੂੰ ਇਹ ਬੀਮਾਰੀ ਕਿਵੇਂ ਹੋ ਗਈ, ਜਦਕਿ ਡੇਂਗੂ ਬਰਸਾਤ ਦੇ ਮੌਸਮ 'ਚ ਹੋਣ ਵਾਲੀ ਬੀਮਾਰੀ ਹੈ, ਜੋ ਏਡੀਜ਼ ਏਜਿਪਟਿਸ ਮੱਛਰ ਨਾਲ ਫੈਲਦੀ ਹੈ। ਪਿਮਸ ਦੀ ਚੌਥੀ ਮੰਜ਼ਿਲ 'ਤੇ ਬਣੇ ਫੀਮੇਲ ਮੈਡੀਕਲ ਵਾਰਡ 'ਚ 17 ਸਾਲਾ ਨਿਸ਼ੀ ਅਤੇ 39 ਸਾਲਾ ਪਰਮਜੀਤ ਕੌਰ ਨੂੰ ਐਤਵਾਰ ਨੂੰ ਪਿਮਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਐਤਵਾਰ ਸ਼ਾਮ ਨੂੰ ਹੀ ਦੋਹਾਂ ਨੂੰ ਇਹ ਕਹਿ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਡੇਂਗੂ ਹੈ ਅਤੇ ਐਮਰਜੈਂਸੀ ਤੋਂ ਮੈਡੀਕਲ ਵਾਰਡ 'ਚ ਸ਼ਿਫਟ ਕਰਨਾ ਹੋਵੇਗਾ। ਹੁਣ ਦੋਹਾਂ ਨੂੰ ਮਹਿੰਗੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ, ਜਦਕਿ ਦੋਹਾਂ 'ਚ ਡੇਂਗੂ ਦੇ ਕੋਈ ਲੱਛਣ ਅਜੇ ਤੱਕ ਸਾਹਮਣੇ ਨਹੀਂ ਆਏ ਹਨ। ਸਿਹਤ ਵਿਭਾਗ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਮੌਸਮ 'ਚ ਡੇਂਗੂ ਦਾ ਆਉਣਾ ਬੇਹੱਦ ਹੈਰਾਨ ਕਰਨ ਵਾਲਾ ਹੈ ਕਿਉਂਕਿ ਇਹ ਜੁਲਾਈ-ਅਗਸਤ 'ਚ ਹੀ ਆਪਣੇ ਪੈਰ ਪਸਾਰਦਾ ਹੈ। ਜ਼ਰੂਰ ਇਸ 'ਚ ਰਿਪੋਰਟਿੰਗ ਦੀ ਕਮੀ ਰਹਿ ਗਈ ਹੋਵੇਗੀ।
ਐੱਨ. ਐੱਸ.-1 ਟੈਸਟ ਨੈਗੇਟਿਵ ਫਿਰ ਵੀ ਡੇਂਗੂ ਦੱਸ ਕੇ ਹੋ ਰਿਹਾ ਇਲਾਜ
ਹਸਪਤਾਲ ਦੇ ਰਵੱਈਏ 'ਤੇ ਸਵਾਲ ਇਸ ਲਈ ਵੀ ਉਠ ਰਹੇ ਹਨ ਕਿ ਦੋਵਾਂ ਮਰੀਜ਼ਾਂ ਦਾ ਡੇਂਗੂ ਐੱਨ. ਐੱਸ.-1 ਟੈਸਟ ਨੈਗੇਟਿਵ ਹੈ ਪਰ ਡੇਂਗੂ ਆਈ. ਜੀ. ਐੱਮ. ਰੇਪਿਡ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ। ਇਸ ਟੈਸਟ ਨੂੰ ਸਿਹਤ ਵਿਭਾਗ ਵੀ ਡੇਂਗੂ ਦੀ ਪੁਸ਼ਟੀ ਨਹੀਂ ਮੰਨਦਾ। ਮਤਲਬ ਇਹ ਨਿਕਲਦਾ ਹੈ ਕਿ ਜਿਸ ਟੈਸਟ ਨੂੰ ਸਿਹਤ ਵਿਭਾਗ ਡੇਂਗੂ ਲਈ ਸਹੀ ਨਹੀਂ ਮੰਨਦਾ ਹੈ, ਉਸ ਦੇ ਆਧਾਰ 'ਤੇ ਡੇਂਗੂ ਦਾ ਇਲਾਜ ਕਿਉਂ ਕੀਤਾ ਜਾ ਰਿਹਾ ਹੈ।
ਅਜੇ ਸਾਰੇ ਟੈਸਟ ਹੋਣੇ ਬਾਕੀ ਹਨ : ਡਾ. ਤਰੁਣਦੀਪ
ਦੋਵੇਂ ਮਰੀਜ਼ਾਂ ਦਾ ਇਲਾਜ ਕਰ ਰਹੇ ਮੈਡੀਕਲ ਸਪੈਸ਼ਲਿਸਟ ਡਾ. ਤਰੁਣਦੀਪ ਸਿੰਘ ਨੇ ਦੱਸਿਆ ਕਿ ਅਜੇ ਸਾਰੇ ਟੈਸਟ ਹੋਣੇ ਬਾਕੀ ਹਨ। ਅਸੀਂ ਮਰੀਜ਼ ਦਾ ਐਗਜ਼ਾਮੀਨੇਸ਼ਨ ਕਰ ਰਹੇ ਹਾਂ।
ਜੇਕਰ ਜਾਂਚ ਜਾਰੀ ਹੈ ਤਾਂ ਮਰੀਜ਼ਾਂ 'ਤੇ ਕਿਉਂ ਪਾਇਆ ਗਿਆ ਹਜ਼ਾਰਾਂ ਰੁਪਏ ਦੀਆਂ ਦਵਾਈਆਂ ਦਾ ਬੋਝ?
ਇਸ ਮਾਮਲੇ 'ਚ ਇਕ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਕਿ ਜੇਕਰ ਹਸਪਤਾਲ ਦੇ ਡਾਕਟਰ ਅਜੇ ਵੀ ਮਰੀਜ਼ਾਂ ਦੀ ਜਾਂਚ ਕਰ ਰਹੇ ਹਨ ਤਾਂ ਡੇਂਗੂ ਦੇ ਨਾਂ 'ਤੇ ਦੋਵੇਂ ਮਰੀਜ਼ਾਂ ਨੂੰ ਦਾਖਲ ਕਿਉਂ ਕੀਤਾ ਗਿਆ ਹੈ ਅਤੇ ਉਨ੍ਹਾਂ 'ਤੇ ਹਜ਼ਾਰਾਂ ਰੁਪਏ ਦੀਆਂ ਦਵਾਈਆਂ ਦਾ ਬੋਝ ਕਿਉਂ ਪਾਇਆ ਗਿਆ ਹੈ। ਮੈਡੀਸਨ ਦੇ ਜਾਣਕਾਰ ਕਹਿੰਦੇ ਹਨ ਕਿ ਡੇਂਗੂ ਦੀ ਕੋਈ ਖਾਸ ਦਵਾਈ ਨਹੀਂ ਹੁੰਦੀ ਹੈ। ਇਸ ਵਿਚ ਸਿਰਫ ਆਰਾਮ, ਪੈਰਾਸਿਟਾਮੋਲ ਅਤੇ ਫਲੂਡ ਹੀ ਦਿੱਤੇ ਜਾਂਦੇ ਹਨ।
ਕੀ ਕਹਿਣਾ ਹੈ ਡੀ. ਸੀ. ਦਾ?
ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਜੇਕਰ ਡੇਂਗੂ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਇਸ ਨੂੰ ਪੂਰੀ ਗੰਭੀਰਤਾ ਨਾਲ ਲਿਆ ਜਾਵੇਗਾ। ਜਲਦ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਇਕ ਮੀਟਿੰਗ ਬੁਲਾ ਕੇ ਇਸ ਸਬੰਧੀ ਸਾਰੀਆਂ ਤਿਆਰੀਆਂ ਨੂੰ ਮੁਕੰਮਲ ਕੀਤਾ ਜਾਵੇਗਾ ਅਤੇ ਇਸ ਦੀ ਰੋਕਥਾਮ ਨੂੰ ਲੈ ਕੇ ਹਰ ਸੰਭਵ ਉਪਾਅ ਕੀਤਾ ਜਾਵੇਗਾ।
ਨਾਕੇ 'ਤੇ ਮੁਲਾਜ਼ਮਾਂ ਵਿਚਾਲੇ ਖੂਨੀ ਝੜਪ, ਗੈਂਗਸਟਰ ਬੁਲਾ ਕੇ ਕਰਵਾਇਆ ਹਮਲਾ
NEXT STORY