ਦੋ ਲੋਕ ਨੱਚਣ ਦੀ ਤਿਆਰੀ ਕਰ ਰਹੇ ਹਨ। ਸੰਗੀਤ ਦੀਆਂ ਮੱਧਮ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਹਨ। ਗਾਇਕ ਅਜੇ ਦਿਖਾਈ ਨਹੀਂ ਦੇ ਰਿਹਾ ਪਰ ਚਿੱਤਰ ਤੋਂ ਇਹ ਸਪੱਸ਼ਟ ਹੈ ਕਿ ਗਾਇਕ ਭਾਰਤ ਦਾ ਪ੍ਰਧਾਨ ਮੰਤਰੀ ਨਹੀਂ ਹੈ। ਨਰਿੰਦਰ ਮੋਦੀ ਨੇ ਮਹਾਬਲੀਪੁਰਮ ਵਿਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਝੂਲੇ ’ਤੇ ਉਨ੍ਹਾਂ ਵਲੋਂ ਸਾਂਝੇ ਕੀਤੇ ਗਏ ਕੋਮਲ ਝੂਟੇ, 15 ਜੂਨ, 2020 ਨੂੰ ਗਲਵਾਨ ਵਿਚ ਪੀ. ਐੱਲ. ਏ. ਅਤੇ ਭਾਰਤੀ ਫੌਜ ਵਿਚਕਾਰ ਹੋਈ ਝੜਪ, 20 ਭਾਰਤੀ ਸੈਨਿਕਾਂ ਦੀ ਸ਼ਹਾਦਤ ਅਤੇ 19 ਜੂਨ ਨੂੰ ਸਰਬ-ਪਾਰਟੀ ਮੀਟਿੰਗ ਵਿਚ ਮੋਦੀ ਦੀ ਮਸ਼ਹੂਰ ਕਲੀਨ-ਚਿਟ, ‘‘ਕਿਸੇ ਬਾਹਰੀ ਵਿਅਕਤੀ ਨੇ ਭਾਰਤੀ ਖੇਤਰ ਵਿਚ ਘੁਸਪੈਠ ਨਹੀਂ ਕੀਤੀ ਹੈ ਅਤੇ ਨਾ ਹੀ ਕੋਈ ਬਾਹਰੀ ਵਿਅਕਤੀ ਭਾਰਤੀ ਖੇਤਰ ਦੇ ਅੰਦਰ ਹੈ’’ ਦੇ ਬਾਅਦ ਤੋਂ ਨਰਿੰਦਰ ਮੋਦੀ ਨੇ ਇਕ ਲੰਬਾ ਸਫਰ ਤੈਅ ਕੀਤਾ ਹੈ।
ਮੰਤਰੀਆਂ ਨੇ ਪ੍ਰਧਾਨ ਮੰਤਰੀ ਦਾ ਵਿਰੋਧ ਕੀਤਾ: ਕੁਝ ਹਫ਼ਤਿਆਂ ਦੇ ਅੰਦਰ ਰੱਖਿਆ ਮੰਤਰੀ ਅਤੇ ਵਿਦੇਸ਼ ਮੰਤਰੀ ਨੇ ਪ੍ਰਧਾਨ ਮੰਤਰੀ ਦਾ ਵਿਰੋਧ ਕੀਤਾ ਅਤੇ ਲਾਲ ਲਕੀਰਾਂ ਖਿੱਚ ਦਿੱਤੀਆਂ। ਯਥਾਸਥਿਤੀ ਨੂੰ ਬਦਲਣ ਦੀ ਕੋਈ ਵੀ ਇਕਪਾਸੜ ਕੋਸ਼ਿਸ਼ ਅਸਵੀਕਾਰਨਯੋਗ ਹੈ ਅਤੇ ‘ਸਰਹੱਦੀ ਸ਼ਾਂਤੀ’ ਅਤੇ ਯਥਾਸਥਿਤੀ ਦੀ ਬਹਾਲੀ ਚੀਨ ਨਾਲ ਆਮ ਸਬੰਧਾਂ ਲਈ ਅਗਾਊਂ ਸ਼ਰਤਾਂ ਹਨ। ਕਮਾਂਡਰ-ਪੱਧਰੀ ਗੱਲਬਾਤ ਵਿਚ ਭਾਰਤ ਨੇ ਪ੍ਰਤੀਕਿਰਿਆ ਦੀ ਰੂਪ ਰੇਖਾ ਤਿਆਰ ਕੀਤੀ ਕਿ ਫੌਜੀਆਂ ਦੀ ਵਾਪਸੀ ਕੀਤੀ ਜਾਵੇ ਅਤੇ ਤਣਾਅ ਘੱਟ ਕੀਤਾ ਜਾਵੇ।
ਚੀਨ ਨੇ ਭਾਰਤ ਨੂੰ ਗੱਲਬਾਤ ਵਿਚ ਸ਼ਾਮਲ ਕੀਤਾ ਅਤੇ ਫੌਜਾਂ ਨੂੰ ਵਾਪਸ ਬੁਲਾ ਲਿਆ ਪਰ ਤਣਾਅ ਘੱਟ ਅਤੇ ਫੌਜਾਂ ਦੀ ਵਾਪਸੀ ਦੀ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਸੈਟੇਲਾਈਟ ਤਸਵੀਰਾਂ ਸਮੇਤ ਸਾਰੇ ਸਬੂਤ ਇਸ ਦੇ ਉਲਟ ਦਰਸਾਉਂਦੇ ਹਨ, ਸਰਹੱਦ ’ਤੇ ਫੌਜਾਂ ਅਤੇ ਫੌਜੀ ਉਪਕਰਣਾਂ ਦਾ ਭਾਰੀ ਜਮਾਵੜਾ ਹੈ, 5-ਜੀ ਨੈੱਟਵਰਕ ਦੀ ਸਥਾਪਨਾ, ਹਵਾਈ ਪੱਟੀਆਂ, ਨਵੀਆਂ ਸੜਕਾਂ ਅਤੇ ਫੌਜੀਆਂ ਅਤੇ ਆਮ ਲੋਕਾਂ ਲਈ ਨਵੀਆਂ ਬਸਤੀਆਂ ਹਨ। ਚੀਨ ਨੇ ਯਕੀਨੀ ਤੌਰ ’ਤੇ ਯਥਾਸਥਿਤੀ ਬਦਲ ਦਿੱਤੀ ਹੈ।
ਗਲਵਾਨ ਇਕਲੌਤਾ ਟਕਰਾਅ ਬਿੰਦੂ ਨਹੀਂ ਹੈ। ਡੇਪਸਾਂਗ ਅਤੇ ਡੇਮਚੋਕ ਦਾ ਹੱਲ ਨਹੀਂ ਹੋਇਆ ਹੈ। ਦ ਹਿੰਦੂ ਦੇ ਅਨੁਸਾਰ, ਚੀਨੀ ਫੌਜਾਂ ਇਨ੍ਹਾਂ ਨੁਕਤਿਆਂ ’ਤੇ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ਭਾਰਤ ਵੱਲ ਬਣੀ ਹੋਈ ਹੈ। ਦਸੰਬਰ 2024 ਵਿਚ ਹੀ ਭਾਰਤ ਦੇ ਵਿਦੇਸ਼ ਮੰਤਰੀ ਨੇ ਕਿਹਾ ਸੀ, ‘‘2020 ਤੋਂ ਸਾਡੇ ਸਬੰਧ ਅਸਾਧਾਰਨ ਰਹੇ ਹਨ।’’
ਇਸ ਸਾਲ ਜੂਨ ਵਿਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਚਾਰ ਦਿਨਾਂ ਦੀ ਜੰਗ ਦੌਰਾਨ ਸਭ ਤੋਂ ਵੱਡਾ ਝਟਕਾ ਲੱਗਾ। ਚੀਨ ਨੇ ਚੀਨੀ ਜਹਾਜ਼ਾਂ (ਜੇ-10) ਅਤੇ ਚੀਨੀ ਮਿਜ਼ਾਈਲਾਂ (ਪੀ. ਐੱਲ.-15) ਨੂੰ ਪਾਕਿਸਤਾਨ ਵਿਚ ਤਾਇਨਾਤ ਕਰਨ ਦੀ ਇੱਜਾਜ਼ਤ ਦਿੱਤੀ। ਇਸ ਗੱਲ ਦੇ ਸਬੂਤ ਹਨ ਕਿ ਪੀ. ਐੱਲ. ਏ. ਨੇ ਪਾਕਿਸਤਾਨ ਲਈ ਰਣਨੀਤੀ ਬਣਾਈ ਅਤੇ ਜੰਗ ਦੇ ਸੰਚਾਲਨ ਵਿਚ ਪਾਕਿਸਤਾਨੀ ਹਥਿਆਰਬੰਦ ਫੌਜਾਂ ਦਾ ਮਾਰਗਦਰਸ਼ਨ ਕੀਤਾ।
ਹਮਲਾ ਅਤੇ ਜਵਾਬੀ ਹਮਲਾ : ਭਾਰਤ ਸਰਕਾਰ ਨੇ ਚੀਨ ਤੋਂ ‘ਵਖਰੇਵੇਂ ਦੀ ਗੱਲ ਕੀਤੀ ਸੀ ਪਰ ਇਹ ਮੁਸ਼ਕਲ ਸਾਬਤ ਹੋ ਰਿਹਾ ਹੈ। ਚੀਨ ਨਾਲ ਭਾਰਤ ਦਾ ਵਪਾਰ ਘਾਟਾ ਸਾਲ ਦਰ ਸਾਲ ਵਧਦਾ ਜਾ ਰਿਹਾ ਹੈ ਅਤੇ 2024-25 ਵਿਚ 100 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਹੈ। ਭਾਰਤ ਕਈ ਮੁੱਖ ਵਸਤਾਂ ਲਈ ਲਗਭਗ ਪੂਰੀ ਤਰ੍ਹਾਂ ਚੀਨ ’ਤੇ ਨਿਰਭਰ ਹੈ। 174 ਚੀਨੀ ਕੰਪਨੀਆਂ ਭਾਰਤ ਵਿਚ ਰਜਿਸਟਰਡ ਹਨ। 3560 ਭਾਰਤੀ ਕੰਪਨੀਆਂ ਦੇ ਬੋਰਡਾਂ ਵਿਚ ਚੀਨੀ ਨਿਰਦੇਸ਼ਕ ਹਨ (ਸਰੋਤ : ਲੋਕ ਸਭਾ ਸਵਾਲ ਅਤੇ ਜਵਾਬ, 12-12-2022)।
ਭਾਰਤ-ਪਾਕਿਸਤਾਨ ਯੁੱਧ ਤੋਂ ਬਾਅਦ ਭਾਰਤ ਨੇ ਟਿਕ-ਟਾਕ ਵਰਗੇ 200 ਤੋਂ ਵੱਧ ਚੀਨੀ ਮੋਬਾਈਲ ਐਪਸ ’ਤੇ ਪਾਬੰਦੀ ਲਗਾ ਦਿੱਤੀ। ਭਾਰਤ ਵਿਚ ਨਿਵੇਸ਼ (ਜ਼ਮੀਨੀ ਸਰਹੱਦ ਸਾਂਝਾ ਕਰਨ ਵਾਲੇ ਦੇਸ਼ ਵਜੋਂ) ਸੀਮਤ ਕਰ ਦਿੱਤਾ ਗਿਆ ਸੀ ਅਤੇ ਚੀਨੀ ਕੰਪਨੀਆਂ ਦੁਆਰਾ ਨਿਵੇਸ਼ ਨੂੰ ਰੋਕ ਦਿੱਤਾ ਗਿਆ ਸੀ। ਗੈਰ-ਟੈਰਿਫ ਰੁਕਾਵਟਾਂ ਵਧਾ ਦਿੱਤੀਆਂ ਗਈਆਂ ਸਨ। ਦਿੱਲੀ-ਮੇਰਠ ਆਰ. ਆਰ. ਟੀ. ਐੱਸ. ਵਿਚ ਚੀਨ ਦੀ ਭਾਗੀਦਾਰੀ ਰੱਦ ਕਰ ਦਿੱਤੀ ਗਈ ਸੀ ਅਤੇ ਸੜਕ ਅਤੇ ਬਿਜਲੀ ਖੇਤਰ ਵਿਚ ਕੁਝ ਟੈਂਡਰ ਜਾਰੀ ਕੀਤੇ ਗਏ ਸਨ। ਚੀਨ ਨੇ ਆਪਣੇ ਵੱਲੋਂ ਮਹੱਤਵਪੂਰਨ ਖਣਿਜਾਂ ਅਤੇ ਖਾਦਾਂ ਦੀ ਬਰਾਮਦ ਨੂੰ ਰੋਕ ਦਿੱਤਾ। ਇਸ ਨਾਲ ਸੂਰਜੀ ਊਰਜਾ, ਇਲੈਕਟ੍ਰਿਕ ਵਾਹਨ ਅਤੇ ਹੋਰ ਨਿਰਮਾਤਾਵਾਂ ਲਈ ਲੋੜੀਂਦੇ ਵਿਚਕਾਰਲੇ ਸਾਮਾਨ ਦੀ ਸਪਲਾਈ ਵਿਚ ਵੀ ਭਾਰੀ ਵਿਘਨ ਪਿਆ।
ਸ਼ੀ ਨੇ ਸ਼ੰਘਾਈ ਸਹਿਯੋਗ ਸੰਗਠਨ ਵਿਚ ਬਹੁਤ ਜ਼ਿਆਦਾ ਰਾਜਨੀਤਿਕ ਪੂੰਜੀ ਨਿਵੇਸ਼ ਕੀਤੀ ਹੈ। ਸ਼ੰਘਾਈ ਸਹਿਯੋਗ ਸੰਗਠਨ ਦੇ ਸਿੱਧੇ ਸੰਮੇਲਨਾਂ (2019, 2022 ਅਤੇ 2024) ਵਿਚ ਮੋਦੀ ਅਤੇ ਸ਼ੀ ਵਿਚਕਾਰ ਕੋਈ ਦੁਵੱਲੀ ਮੁਲਾਕਾਤ ਨਹੀਂ ਹੋਈ ਹੈ। ਇਸ ਲਈ ਤਿਆਨਜਿਨ ਵਿਚ 2025 ਦੇ ਸਿਖਰ ਸੰਮੇਲਨ ਵਿਚ ਦੁਵੱਲੀ ਮੁਲਾਕਾਤ ਇਤਿਹਾਸਕ ਸੀ। ਅੱਗੇ ਚੱਲ ਕੇ ਸਰਹੱਦੀ ਵਿਵਾਦ ’ਤੇ ਕੋਈ ਪ੍ਰਗਤੀ ਦੀ ਸੰਭਾਵਨਾ ਨਹੀਂ ਹੈ ਪਰ ਹਾਲ ਹੀ ਦੇ ਮਹੀਨਿਆਂ ਵਿਚ ਦੋਵਾਂ ਧਿਰਾਂ ਵਿਚਕਾਰ ਵਧੇ ਵਪਾਰ ਅਤੇ ਨਿਵੇਸ਼ ਵਿਚ ਮਤਭੇਦਾਂ ’ਤੇ ਤਰੱਕੀ ਹੋ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਭਾਰਤ ਅਤੇ ਚੀਨ ਦੋਵਾਂ ਲਈ ਇਕ ਯੂ-ਟਰਨ ਹੋਵੇਗਾ।
ਵਾਪਸੀ ਵੱਲ : ਸਾਨੂੰ ਉਨ੍ਹਾਂ ਕਾਰਨਾਂ ਦਾ ਧਿਆਨ ਨਾਲ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਕਿ ਦੋਵੇਂ ਦੇਸ਼ ਪਿੱਛੇ ਹਟਣ ਲਈ ਤਿਆਰ ਕਿਉਂ ਜਾਪਦੇ ਹਨ। ਭਾਰਤ ਨੂੰ ਦੁਵੱਲੇ ਸਬੰਧਾਂ ਵਿਚ ਇਕ ਕੌੜਾ ਸਬਕ ਉਦੋਂ ਮਿਲਿਆ ਜਦੋਂ ਰਾਸ਼ਟਰਪਤੀ ਟਰੰਪ ਨੇ ਆਪਣੀ ਗੂੜ੍ਹੀ ਦੋਸਤੀ ਦੇ ਬਾਵਜੂਦ ਮੋਦੀ ਨੂੰ ਨਾਕਾਰ ਦਿੱਤਾ। ਭਾਰਤ ਨੇ ਇਕ ਅਜਿਹੇ ਲੈਣ-ਦੇਣ ਪ੍ਰੇਮੀ ਰਾਸ਼ਟਰਪਤੀ ਤੋਂ ਇਕ ਸਖ਼ਤ ਸਬਕ ਸਿੱਖਿਆ ਜਿਸ ਦੇ ਨਿੱਜੀ ਵਪਾਰਕ ਹਿੱਤ ਅਤੇ ਤੰਗ ਰਾਜਨੀਤਿਕ ਹਿੱਤ ਮਜ਼ਬੂਤ ਅਰਥਸ਼ਾਸਤਰ ਉੱਤੇ ਹਾਵੀ ਰਹੇ ਅਤੇ ਜਿਸ ਨੇ ਭਾਰਤ (ਅਤੇ ਬ੍ਰਾਜ਼ੀਲ) ’ਤੇ ਸਭ ਤੋਂ ਵੱਧ ਟੈਰਿਫ ਲਗਾਏ।
ਭਾਰਤ ਇਕ ਠੁਕਰਾਏ ਹੋਏ ਪ੍ਰੇਮੀ ਵਾਂਗ ਠੀਕ ਹੋ ਰਿਹਾ ਹੈ ਅਤੇ ਚੀਨ ਨਾਲ ਆਪਣੇ ਸਬੰਧਾਂ ਨੂੰ ਬਿਹਤਰ ਬਣਾਉਣ ਵਿਚ ਤਸੱਲੀ ਲੱਭ ਰਿਹਾ ਹੈ। ਇਸੇ ਤਰ੍ਹਾਂ ਚੀਨ ਵਪਾਰ ਅਤੇ ਨਿਵੇਸ਼ ਦੋਵਾਂ ਲਈ ਦੁਨੀਆ ਦੇ ਸਭ ਤੋਂ ਵੱਡੇ ਬਾਜ਼ਾਰ ਭਾਵ ਬਿਨਾਂ ਸ਼ੱਕ ਭਾਰਤ ’ਚ ਕਾਰੋਬਾਰ ਕਰਨਾ ਚਾਹੁੰਦਾ ਹੈ। ਉਹ ਏਸ਼ੀਆ-ਪ੍ਰਸ਼ਾਂਤ ਖੇਤਰ ਵਿਚ ਵੀ ਆਪਣੇ ਪ੍ਰਭਾਵ ਦੇ ਖੇਤਰ ਨੂੰ ਵਧਾਉਣਾ ਚਾਹੁੰਦਾ ਹੈ ਅਤੇ ਇਸ ਲਈ ਆਪਣੇ ਇਕੋ-ਇਕ ਵਿਰੋਧੀ ਨੂੰ ਖੁਸ਼ ਕਰਨ ਲਈ ਕੁਝ ਕਦਮ ਚੁੱਕੇਗਾ।
ਫਿਲਹਾਲ, ਸਿਰਫ਼ ਰੂਸ ਹੀ ਸੁਰੱਖਿਅਤ ਸਥਿਤੀ ਵਿਚ ਜਾਪਦਾ ਹੈ। ਰਾਸ਼ਟਰਪਤੀ ਪੁਤਿਨ ਭਾਰਤ, ਚੀਨ ਅਤੇ ਯੂਰਪ ਨੂੰ ਤੇਲ ਅਤੇ ਗੈਸ ਵੇਚਣਾ ਅਤੇ ਭਾਰਤ ਨੂੰ ਫੌਜੀ ਉਪਕਰਣ ਵੇਚਣਾ ਜਾਰੀ ਰੱਖ ਸਕਦੇ ਹਨ। ਉਹ ਉੱਤਰੀ ਕੋਰੀਆਈ ਫੌਜਾਂ ਦੀ ਮਦਦ ਨਾਲ ਯੂਕ੍ਰੇਨ ਵਿਰੁੱਧ ਆਪਣੀ ਜੰਗ ਜਾਰੀ ਰੱਖ ਸਕਦੇ ਹਨ।
ਇਹ ਸਪੱਸ਼ਟ ਹੈ ਕਿ ਮੋਦੀ ਕਿਤੇ ਵੀ ਆਪਣੀ ਗੱਲ ਨਹੀਂ ਰੱਖ ਰਹੇ ਹਨ। ਉਹ ਭਾਰਤ ਦੇ ਸਭ ਤੋਂ ਵੱਡੇ ਬਰਾਮਦਕਾਰ ਸਥਾਨ (ਅਮਰੀਕਾ) ਅਤੇ ਇਸ ਦੇ ਸਭ ਤੋਂ ਵੱਡੇ ਦਰਾਮਦਕਾਰ ਦੇਸ਼ (ਚੀਨ) ਵਿਚ ਫਸੇ ਹੋਏ ਹਨ। ਉਹ ਟੈਰਿਫ ਧਮਕੀਆਂ ਅਤੇ ਵਪਾਰ ’ਤੇ ਨਿਰਭਰਤਾ ਵਿਚਾਲੇ ਫਸੇ ਹੋਏ ਹਨ। ਉਹ ਕਵਾਡ ਅਤੇ ਐੱਸ. ਸੀ. ਓ.-ਆਰ. ਆਈ. ਸੀ. ਵਿਚਾਲੇ ਫਸੇ ਹੋਏ ਹਨ। ਮੋਦੀ ਟਰੰਪ ਵਾਂਗ, ਮੰਨਦੇ ਹਨ ਕਿ ਉਨ੍ਹਾਂ ਦੀ ਰਾਜਨੀਤਿਕ ਪ੍ਰਵਿਰਤੀ ਹਮੇਸ਼ਾ ਸਹੀ ਹੁੰਦੀ ਹੈ। ਇਸ ਲਈ ਉਨ੍ਹਾਂ ਦੀ ਨਿੱਜੀ ਕੂਟਨੀਤੀ ਦੀ ਸ਼ੈਲੀ ਇਸ ਤਰ੍ਹਾਂ ਦੀ ਹੈ। ਅਸਫਲਤਾਵਾਂ ਤੋਂ ਬਾਅਦ ਉਨ੍ਹਾਂ ਨੂੰ ਦੋਸਤੀ ਦੀ ਕੂਟਨੀਤੀ, ਜੱਫੀ ਪਾਉਣ ਅਤੇ ਹੱਥ ਵਿਚ ਹੱਥ ਪਾ ਕੇ ਟਹਿਲਣਾ ਛੱਡ ਦੇਣਾ ਚਾਹੀਦਾ ਹੈ ਅਤੇ ਭਾਰਤੀ ਵਿਦੇਸ਼ ਸੇਵਾ ਅਤੇ ਤਜਰਬੇਕਾਰ ਕੂਟਨੀਤਕਾਂ ਦੀ ਸਲਾਹ ’ਤੇ ਚੱਲਣਾ ਚਾਹੀਦਾ ਹੈ।
-ਪੀ. ਚਿਦਾਂਬਰਮ
‘ਭੁਪੇਨ ਦਾ’ ਭਾਰਤ ਦੇ ਰਤਨ
NEXT STORY