ਮੋਗਾ (ਬਿੰਦਾ) : ਪੰਜਾਬ ’ਚ ਗਰਮੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਸਾਨੂੰ ਪਾਣੀ ਦੀ ਥੁੜ੍ਹ ਦਾ ਅਹਿਸਾਸ ਹੋਣ ਲੱਗ ਜਾਂਦਾ ਹੈ। ਪਾਣੀ ਕੁਦਰਤ ਵੱਲੋਂ ਵਰਤਿਆ ਉਹ ਸ੍ਰੋਤ ਹੈ, ਜਿਸ ਨੂੰ ਗੁਰਬਾਣੀ ’ਚ ਪਿਤਾ ਦਾ ਦਰਜਾ ਦਿੱਤਾ ਹੋਇਆ ਹੈ। ਜਿਉਂ ਜਿਉਂ ਪਾਣੀ ਡੂੰਘੇ ਹੋ ਰਹੇ ਹਨ ਤਿਉਂ-ਤਿਉਂ ਸਾਨੂੰ ਇੰਜ ਲੱਗ ਰਿਹਾ ਹੈ ਕਿ ਜੇਕਰ ਅਸੀਂ ਵਕਤ ਨੂੰ ਨਾ ਸੰਭਾਲਿਆ ਤਾਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਅੱਗੇ ਕੀ ਜਵਾਬਦੇਹ ਹੋਵਾਂਗੇ। ਸ਼ਾਇਦ ਇਸੇ ਹੀ ਸੋਚ ਨੂੰ ਲੈ ਕੇ ਪਿੰਡ ਦਾਰਾਪੁਰ ਦੇ ਸਾਬਕਾ ਸਰਪੰਚ ਰਵਦੀਪ ਸਿੰਘ ਸੰਘਾ ਨੇ ਖੇਤਾਂ ਨੂੰ ਦੇਸੀ ਘਿਓ ਦੀ ਤਸੀਰ ਵਰਗੇ ਨਹਿਰੀ ਪਾਣੀ ਨੂੰ ਸੈਂਕੜੇ ਏਕੜ ਜ਼ਮੀਨ ਨੂੰ ਦੇਣ ਲਈ ਬਹੁਤ ਵੱਡਾ ਉਪਰਾਲਾ ਕਰ ਦਿਖਾਇਆ ਹੈ। ਚਾਰ ਕੁ ਦਹਾਕੇ ਪਹਿਲਾਂ ਜਦੋਂ ਨਹਿਰੀ ਪਾਣੀਆਂ ਦੀ ਗੱਲ ਚੱਲਦੀ ਸੀ ਤਾਂ ਪਾਣੀ ਦੀ ਵਾਰੀ ਵੀ ਸਾਡੀ ਵਿਰਾਸਤ ਦਾ ਹਿੱਸਾ ਬਣ ਗਈ ਉਸ ਵਕਤ ਫਸਲਾਂ ਨਹਿਰੀ ਪਾਣੀ ਨਾਲ ਟਹਿਕ ਉੱਠਦੀਆਂ ਸਨ, ਉਦੋਂ ਬੇਸ਼ੱਕ ਖਾਲੇ ਕੱਚੇ ਸਨ। ਉਨ੍ਹਾਂ ਸਮਿਆਂ ਦੇ ਵਿਚ ਨਹਿਰੀ ਪਾਣੀ ਦੀ ਬੜੀ ਕਦਰ ਹੋਇਆ ਕਰਦੀ ਸੀ। ਯੁਗ ਬਦਲਿਆ ਧੜਾਧੜ ਮੋਟਰਾਂ ਦੇ ਕੁਨੈਕਸ਼ਨ ਕਿਸਾਨਾਂ ਨੂੰ ਬਾਦਲ ਸਰਕਾਰ ਦੇ ਰਾਜ ਵਿਚ ਮਿਲੇ।
ਇਹ ਵੀ ਪੜ੍ਹੋ : ਮਾਨ ਸਰਕਾਰ ਸਾਹਮਣੇ ਅਨੇਕਾਂ ਵਿੱਤੀ ਤੇ ਪ੍ਰਸ਼ਾਸਨਿਕ ਚੁਣੌਤੀਆਂ
ਮੱਛੀ ਮੋਟਰਾਂ ਦਾ ਯੁੱਗ ਆਇਆ ਨਹਿਰੀ ਪਾਣੀ ਦੀ ਹੌਂਦ ਖਤਰੇ ਵੱਲ ਵਧਣ ਲੱਗੀ, ਪਰ ਹੁਣ ਜਦ ਮੱਛੀ ਮੋਟਰਾਂ ਤੋਂ ਗੱਲ ਅੱਗੇ ਵਧਦੀ ਦਿਖਦੀ ਨਜ਼ਰ ਆਈ ਤਾਂ ਨਹਿਰੀ ਪਾਣੀ ਮੁੜ ਆਪਣੀ ਕਦਰ ਕਰਾਉਣ ਲੱਗਾ। ਦਾਰਾਪੁਰ ਦਾ ਰਵਦੀਪ ਸੰਘਾ ਸਮੇਂ ਦੀ ਲਹਿਰ ਨਾਲ ਨਹਿਰੀ ਪਾਣੀ ਨੂੰ ਬਚਾਉਣ ਲਈ ਇਕ ਮਸੀਹੇ ਵਜੋਂ ਉੱਭਰਿਆ ਹੈ, ਉਸ ਨੇ ਅਜਿਹਾ ਆਪਣੇ ਇਲਾਕੇ ਦੇ ਕਿਸਾਨਾਂ ਲਈ ਉਪਰਾਲਾ ਕੀਤਾ ਹੈ ਕਿ ਹੁਣ ਨਹਿਰੀ ਪਾਣੀ ਅੰਡਰਗਰਾਊਂਡ ਧਰਤੀ ਵਿਚ ਦੌੜੇਗਾ ਅਤੇ ਇਸਦਾ ਤੁਪਕਾ ਤੁਪਕਾ ਵੀ ਫਸਲਾਂ ਨੂੰ ਸਿੰਜਣ ਲਈ ਮਦਦਗਾਰ ਬਣੇਗਾ। ਜ਼ਿਕਰਯੋਗ ਹੈ ਕਿ ਇਹ ਪ੍ਰਾਜੈਕਟ ਸੈਂਟਰ ਸਰਕਾਰ ਦਾ ਹੈ ਅਤੇ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਵਾਉਣ ਅਤੇ ਇਸ ਦੀ ਕਾਗਜ਼ੀ ਕਾਰਵਾਈ ਪੂਰੀ ਕਰਵਾਉਣ ਵਿਚ ਰਵਦੀਪ ਸੰਘਾ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ : ਪਟਿਆਲਾ ’ਚ ਫਿਰ ‘ਕੋਰੋਨਾ’ ਬਲਾਸਟ, ਲਾਅ ਯੂਨੀਵਰਸਿਟੀ ਦੇ 61 ਹੋਰ ਵਿਦਿਆਰਥੀ ਆਏ ‘ਕੋਰੋਨਾ’ ਪਾਜ਼ੇਟਿਵ
ਗੱਲਬਾਤ ਕਰਦਿਆਂ ਸੰਘਾ ਨੇ ਦੱਸਿਆ ਕਿ ਪਿੰਡ ਦਾਰਾਪੁਰ ਦੀ ਕੱਸੀ (ਨਹਿਰੀ ਪਾਣੀ) ਦੇ ਖਾਲੇ ਜੋ ਕਿ ਪਿਛਲੇ 30 ਸਾਲਾਂ ਤੋਂ ਟੁੱਟੇ ਪਏ ਸਨ, ਜਿਸ ਕਾਰਣ ਰੇਤਾ ਵਾਲੇ ਮੋਘੇ ਦੇ 70 ਫੀਸਦੀ ਕਿਸਾਨ ਨਹਿਰੀ ਪਾਣੀ ਤੋਂ ਵਾਂਝੇ ਰਹਿੰਦੇ ਸਨ। ਉਨ੍ਹਾਂ ਦੀ ਮੁਸ਼ਕਿਲ ਨੂੰ ਦੇਖਦੇ ਹੋਏ ਉਨ੍ਹਾਂ ਖਾਲਿਆਂ ਦੀ ਜਗ੍ਹਾ ਅੰਡਰ ਗਰਾਊਂਡ ਪਾਈਪਲਾਈਨ ਪਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਪ੍ਰਾਜੈਕਟ ’ਚ 10 ਫੀਸਦੀ ਖਰਚਾ ਕਿਸਾਨਾਂ ਵੱਲੋਂ ਜਮ੍ਹਾ ਹੋਇਆ ਅਤੇ 90 ਫੀਸਦੀ ਸਬਸਿਡੀ ਸੈਂਟਰ ਸਰਕਾਰ ਵੱਲੋਂ ਦਿੱਤੀ ਗਈ ਹੈ। 1990 ਤੋਂ ਬਾਅਦ ਨਹਿਰੀ ਪਾਣੀ ਤੋਂ ਵਾਂਝੀਆਂ ਪਈਆਂ ਜ਼ਮੀਨਾਂ ਤੱਕ ਹੁਣ ਇਨ੍ਹਾਂ ਪਾਈਪਲਾਈਨਾਂ ਰਾਹੀਂ ਨਹਿਰੀ ਪਾਣੀ ਪੁੱਜੇਗਾ ਅਤੇ ਰਸਤੇ ’ਚ ਹੁੰਦੀ ਪਾਣੀ ਦੀ ਲੀਕੇਜ ਵੀ ਬਚੇਗੀ। ਇਸ ਰੇਤਾ ਵਾਲੇ ਮੋਘੇ ’ਚੋਂ 3 ਸ਼ਾਖਾਵਾਂ ਨਿਕਲਦੀਆਂ ਹਨ ਅਤੇ ਕੁੱਲ 2700 ਪਾਈਪਾਂ ਨਾਲ ਲਗਭਗ 7 ਕਿਲੋਮੀਟਰ ਦੀ ਇਹ ਪਾਈਪ ਲਾਈਨ ਵਿਛਾਈ ਜਾਵੇਗੀ ਅਤੇ ਪਿੰਡ ਦਾਰਾਪੁਰ ਦੀ ਤਕਰੀਬਨ 600 ਏਕੜ ਜ਼ਮੀਨ ਨੂੰ ਇਸ ਪਾਈਪ ਲਾਈਨ ਰਾਹੀਂ ਨਹਿਰੀ ਪਾਣੀ ਮਿਲੇਗਾ। ਉਨ੍ਹਾਂ ਆਖਿਆ ਇਹ ਪ੍ਰਾਜੈਕਟ ਅਸੀਂ ਆਪਣੇ ਨਗਰ ਦੇ ਸਹਿਯੋਗ ਨਾਲ ਰਲ ਮਿਲ ਕੇ ਪਾਸ ਕਰਵਾਇਆ ਹੈ ਜਿਸ ਦਾ ਕਿ ਪਿੰਡ ਦਾਰਾਪੁਰ ਦੇ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ।
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਮਾਮਲਾ ਨੂੰਹ ਵਲੋਂ 85 ਸਾਲਾ ਸੱਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ, ਮਨੀਸ਼ਾ ਗੁਲਾਟੀ ਨੇ ਲਿਆ ਸਖ਼ਤ ਨੋਟਿਸ
NEXT STORY