ਜਲੰਧਰ, (ਪ੍ਰੀਤ, ਸੁਧੀਰ)- ਸਬਜ਼ੀ ਮੰਡੀ ਮਕਸੂਦਾਂ ਤੋਂ ਆੜ੍ਹਤੀਆਂ ਨਾਲ ਕਰੀਬ ਡੇਢ ਕਰੋੜ ਦੀ ਠੱਗੀ ਮਾਰ ਕੇ ਭੱਜੇ ਮੁਲਜ਼ਮ ਨੂੰ ਪੁਲਸ ਨੇ ਅੰਮ੍ਰਿਤਸਰ ਤੋਂ ਕਾਬੂ ਕਰ ਲਿਆ। ਮੁਲਜ਼ਮ ਪਿਛਲੇ 2 ਮਹੀਨਿਆਂ ਤੋਂ ਅੰਮ੍ਰਿਤਸਰ 'ਚ ਰਹਿ ਰਿਹਾ ਸੀ। ਏ. ਡੀ. ਸੀ. ਪੀ. ਕੁਲਵੰਤ ਸਿੰਘ ਹੀਰ ਨੇ ਦੱਸਿਆ ਕਿ ਪਿਛਲੇ ਦਿਨੀਂ ਸਬਜ਼ੀ ਮੰਡੀ 'ਚ ਗੁਰੂ ਨਾਨਕ ਟ੍ਰੇਡਿੰਗ ਕੰਪਨੀ ਦੇ ਮਾਲਕ ਸੁਰਜੀਤ ਸਿੰਘ ਗੋਲਡੀ ਨੇ ਸ਼ਿਕਾਇਤ ਦਿੱਤੀ ਸੀ ਕਿ ਰਾਜ ਕੁਮਾਰ ਉਰਫ ਬਾਬਾ ਪੁੱਤਰ ਹੀਰਾ ਲਾਲ ਵਾਸੀ ਨਿਊ ਸੁਭਾਸ਼ ਨਗਰ ਮਕਸੂਦਾਂ ਉਨ੍ਹਾਂ ਨਾਲ ਕਰੀਬ 60 ਲੱਖ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਿਆ ਹੈ।
ਸ਼ਿਕਾਇਤ ਮਿਲਣ 'ਤੇ ਏ. ਸੀ. ਪੀ. ਨਵਨੀਤ ਸਿੰਘ ਮਾਹਲ ਦੀ ਅਗਵਾਈ 'ਚ ਐੱਸ. ਐੱਚ. ਓ. ਨਵਦੀਪ ਸਿੰਘ ਵੱਲੋਂ ਜਾਂਚ ਸ਼ੁਰੂ ਕੀਤੀ ਗਈ। ਜਾਂਚ ਤੋਂ ਬਾਅਦ ਮੁਲਜ਼ਮ ਰਾਜ ਕੁਮਾਰ ਉਰਫ ਬਾਬਾ ਨੂੰ ਅੰਮ੍ਰਿਤਸਰ ਤੋਂ ਕਾਬੂ ਕਰ ਲਿਆ ਗਿਆ।
ਏ. ਡੀ. ਸੀ. ਪੀ. ਹੀਰ ਨੇ ਦੱਸਿਆ ਕਿ ਜਾਂਚ ਵਿਚ ਇਹ ਤੱਥ ਸਾਹਮਣੇ ਆਏ ਕਿ ਰਾਜ ਕੁਮਾਰ ਬਾਬਾ ਵੀ ਸਬਜ਼ੀ ਮੰਡੀ ਵਿਚ ਫਰੂਟ ਤੇ ਸਬਜ਼ੀ ਵੇਚਣ ਦਾ ਧੰਦਾ ਕਰਦਾ ਸੀ। ਉਹ ਗੁਰੂ ਨਾਨਕ ਟ੍ਰੇਡਿੰਗ ਕੰਪਨੀ ਤੋਂ ਮਾਲ ਖਰੀਦਦਾ ਤੇ ਅੱਗੇ ਵੇਚਦਾ ਸੀ। ਵਿਸ਼ਵਾਸ ਬਣਾਉਣ ਤੋਂ ਬਾਅਦ ਉਸ ਨੇ ਸੁਰਜੀਤ ਗੋਲਡੀ ਕੋਲੋਂ ਕਰੀਬ 60 ਲੱਖ ਰੁਪਏ ਦਾ ਮਾਲ ਉਧਾਰ ਲੈ ਲਿਆ ਤੇ ਵੇਚ ਦਿੱਤਾ ਪਰ ਗੋਲਡੀ ਨੂੰ ਪੈਸੇ ਨਹੀਂ ਦਿੱਤੇ ਤੇ ਕਰੀਬ 2 ਮਹੀਨੇ ਪਹਿਲਾਂ ਰਫੂਚੱਕਰ ਹੋ ਗਿਆ। ਏ. ਡੀ. ਸੀ. ਪੀ. ਹੀਰ ਨੇ ਦੱਸਿਆ ਕਿ ਜਾਂਚ ਵਿਚ ਪਤਾ ਲੱਗਾ ਕਿ ਰਾਜ ਕੁਮਾਰ ਬਾਬਾ ਨੇ ਮੰਡੀ ਵਿਚ ਕਈ ਲੋਕਾਂ ਨਾਲ ਇਸੇ ਤਰ੍ਹਾਂ ਠੱਗੀ ਮਾਰੀ ਹੈ।
ਇਕ ਅੰਦਾਜ਼ੇ ਮੁਤਾਬਕ ਰਾਜ ਕੁਮਾਰ ਬਾਬਾ ਨੇ ਕਈ ਆੜ੍ਹਤੀਆਂ ਨਾਲ ਕਰੀਬ ਡੇਢ ਕਰੋੜ ਦੀ ਠੱਗੀ ਮਾਰੀ ਹੈ। ਪੁਲਸ ਨੂੰ ਹੋਰ ਵੀ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਵੰਸ਼ ਨੂੰ ਅਗਵਾ ਕਰਨ ਵਾਲੇ ਦੇ ਪਰਿਵਾਰ ਵਾਲਿਆਂ ਥਾਣਾ ਘੇਰਿਆ
NEXT STORY