ਤਰਨਤਾਰਨ, (ਰਾਜੂ)- ਜ਼ਿਲਾ ਖੇਤੀਬਾਡ਼ੀ ਵਿਭਾਗ ਨੇ ਪੰਜਾਬ ਸਰਕਾਰ ਦੀਅਾਂ ਹਦਾਇਤਾਂ ਦੇ ਉਲਟ ਜਾ ਕੇ 20 ਜੂਨ ਤੋਂ ਪਹਿਲਾਂ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਕਰਡ਼ੇ ਹੱਥੀਂ ਲੈਂਦੇ ਹੋਏ ਜਿੱਥੇ ਅਗੇਤਾ ਲੱਗਾ ਝੋਨਾ ਵਾਹ ਦਿੱਤਾ ਹੈ ਉਥੇ ਉਕਤ ਕਿਸਾਨਾਂ ਵਿਰੁੱਧ ਕਾਨੂੰਨ ਤੋਡ਼ਨ ਦੇ ਦੋਸ਼ ਹੇਠ ਪਰਚੇ ਵੀ ਦਰਜ ਕਰਵਾ ਦਿੱਤੇ ਹਨ। ਇਹ ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾਡ਼ੀ ਅਧਿਕਾਰੀ ਕਿਰਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਪ੍ਰੀਜ਼ਰਵੇਸ਼ਨ ਸਬ ਸਾਇਲ ਵਾਟਰ ਐਕਟ 2009 ਤਹਿਤ ਝੋਨੇ ਦੀ ਲਵਾਈ 20 ਜੂਨ ਤੋਂ ਕਰਨ ਦੀ ਹਦਾਇਤ ਕੀਤੀ ਗਈ ਹੈ ਅਤੇ ਇਸ ਐਕਟ ਅਧੀਨ ਅਗੇਤਾ ਝੋਨਾ ਲਾਉਣ ਵਾਲੇ ਕਿਸਾਨ ਦਾ ਝੋਨਾ ਵਾਹ ਕੇ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਜ਼ਿਲੇ ਦੇ ਪਿੰਡ ਨੰਦਪੁਰ ਦੇ ਕਿਸਾਨ ਮੰਗਲ ਸਿੰਘ ਪੁੱਤਰ ਮਹਿੰਦਰ ਸਿੰਘ, ਜਿਸ ਨੇ 2 ਕਿੱਲੇ ਕੱਦੂ ਕਰਕੇ ਅੱਧਾ ਕਿੱਲਾ ਝੋਨਾ ਲਾ ਦਿੱਤਾ ਸੀ, ਦਾ ਝੋਨਾ ਵਾਹ ਦਿੱਤਾ ਗਿਆ ਹੈ ਅਤੇ ਉਸ ਵਿਰੁੱਧ ਥਾਣਾ ਸਰਹਾਲੀ ਵਿਖੇ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਠੱਠਗਡ਼੍ਹ ਵਾਸੀ ਸੋਨੀ ਪੁੱਤਰ ਸੁੱਖਾ ਸਿੰਘ, ਜਰਨੈਲ ਸਿੰਘ ਪਿੰਡ ਰੱਖ ਸ਼ੇਖ ਫੱਤਾ, ਅਵਤਾਰ ਸਿੰਘ ਪਿੰਡ ਦਸ਼ਮੇਸ਼ ਨਗਰ, ਬਲਾਕ ਵਲਟੋਹਾ ਦਾ ਕ੍ਰਮਵਾਰ ਡੇਢ ਏਕਡ਼ ਅਤੇ 6 ਕਨਾਲ ਲੱਗਾ ਹੋਇਆ ਝੋਨਾ ਵਾਹ ਕੇ ਪਰਚਾ ਦਰਜ ਕਰਵਾਉਣ ਦੀ ਕਾਰਵਾਈ ਜਾਰੀ ਹੈ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰ ’ਤੇ ਖੇਤੀ ਵਿਭਾਗ ਦੀਆਂ ਟੀਮਾਂ ਕੰਮ ਕਰ ਰਹੀਆਂ ਹਨ ਅਤੇ ਕਿਸਾਨਾਂ ਨੂੰ ਕੈਂਪਾਂ ਅਤੇ ਗੁਰੂਘਰਾਂ ਵਿਚ ਅਨਾਊਂਸਮੈਂਟ ਕਰਵਾ ਕੇ ਕਾਨੂੰਨ ਬਾਰੇ ਜਾਣੂੰ ਕਰਵਾਇਆ ਜਾ ਰਿਹਾ ਹੈ ਤੇ ਅਗੇਤਾ ਝੋਨਾ ਲਾਉਣ ਵਾਲੇ ਕਿਸਾਨਾਂ ਦੀ ਖਬਰ ਵੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਦੇ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਕਿਸਾਨਾਂ ਨੂੰ ਵਿਭਾਗ ਦਾ ਸਾਥ ਦੇਣਾ ਚਾਹੀਦਾ ਹੈ, ਨਾ ਕਿ ਅਗੇਤਾ ਝੋਨਾ ਲਾ ਕੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਦੀ ਗਲਤੀ ਕਰਨੀ ਚਾਹੀਦੀ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰਹਿ ਗਏ ਚਾਰ ਦਿਨਾਂ ਦੀ ਉਡੀਕ ਕਰਨ ਅਤੇ ਕਾਹਲੇ ਨਾ ਪੈਣ।
ਪੰਜਾਬ ਸਰਕਾਰ ਹੁਣ 2 ਜੁਲਾਈ ਤੱਕ ਕਰੇਗੀ ਮੁਲਾਜ਼ਮਾਂ ਦੇ ਤਬਾਦਲੇ
NEXT STORY