ਚੰਡੀਗਡ਼੍ਹ- ਹਰਸਿਮਰਤ ਕੌਰ ਬਾਦਲ ਨੇ ਵੀਰਵਾਰ ਨੂੰ ਕੇਦਰੀ ਵਜ਼ਾਰਤ ਤੋਂ ਅਸਤੀਫਾ ਦੇ ਦਿੱਤਾ ਹੈ। ਵਿਰੋਧੀ ਧਿਰ ਦੇ ਆਗੂਆਂ ਨੇ ਹਰਸਿਮਰਤ ਵੱਲੋਂ ਅਚਾਨਕ ਅਸਤੀਫਾ ਦੇਣ ਨੂੰ ਇਕ ਸਿਆਸੀ ਡਰਾਮਾ ਦੱਸਿਆ ਹੈ ਪਰ ਹਰਸਿਮਰਤ ਕੌਰ ਬਾਦਲ ਵੱਲੋਂ ਇਹ ਕਦਮ ਅਚਾਨਕ ਨਹੀਂ ਚੁੱਕਿਆ ਗਿਆ ਹੈ, ਉਨ੍ਹਾਂ ਨੇ ਪਹਿਲਾਂ ਤੋਂ ਹੀ ਅਸਤੀਫਾ ਦੇਣ ਦਾ ਮਨ ਬਣਾ ਲਿਆ ਸੀ। ਇਸ ਦੀ ਪੁਸ਼ਟੀ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਵੱਲੋਂ ਸੰਸਦ 'ਚ ਲੈ ਕੇ ਗਏ ਅਸਤੀਫੇ ਤੋਂ ਹੁੰਦੀ ਹੈ ਜੋ ਕਿ ਕਾਫੀ ਲੰਬਾ ਚੋਡ਼ਾ ਹੈ। ਇਸ ਤੋਂ ਪਤਾ ਲਗਦਾ ਹੈ ਕਿ ਬੀਬੀ ਬਾਦਲ ਪਹਿਲਾਂ ਤੋਂ ਹੀ ਅਸਤੀਫਾ ਦੇਣ ਦੀ ਤਿਆਰੀ 'ਚ ਸੀ। ਇਸ ਤੋਂ ਸਾਫ ਹੁੰਦਾ ਹੈ ਕਿ ਇੰਨਾਂ ਲੰਬਾ ਚੌੜਾ ਚਿੱਠਾ ਉਨ੍ਹਾਂ ਵੱਲੋਂ ਲੋਕ ਸਭਾ 'ਚ ਬੈਠ ਕੇ ਤਾਂ ਲਿਖਿਆ ਨਹੀਂ ਹੋਵੇਗਾ। ਇਸ ਦਾ ਮਤਲਬ ਬਾਦਲ ਜੋਡ਼ਾ ਪਹਿਲਾਂ ਤੋਂ ਹੀ ਅਸਤੀਫਾ ਦੇਣ ਦਾ ਮਨ ਬਣਾ ਕੇ ਗਿਆ ਸੀ।
ਹਰਸਿਮਰਤ ਬਾਦਲ ਨੇ ਅਸਤੀਫੇ 'ਚ ਲਿਖੀਆਂ ਇਹ ਗੱਲਾਂ
ਭਾਰਤ ਸਰਕਾਰ ਵੱਲੋਂ ਕਿਸਾਨਾਂ ਦੇ ਖਦਸ਼ਿਆਂ ਨੂੰ ਸੁਣਨ ਤੇ ਦੂਰ ਕਰਨ ਅਤੇ ਮੇਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਸ ਨਾਲ ਕਿਸਾਨ ਹਿੱਤਾਂ ਦੇ ਖਿਲਾਫ ਜਾਣ ਤੋਂ ਪਹਿਲਾਂ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ, ਦੇ ਫੈਸਲੇ ਦੇ ਅਨੁਸਾਰ ਮੇਰੇ ਲਈ ਕੇਂਦਰੀ ਮੰਡਲ ਵਿਚ ਇਕ ਮੰਤਰੀ ਵਜੋਂ ਆਪਣੇ ਫਰਜ਼ ਅਦਾ ਕਰਨਾ ਅਸੰਭਵ ਹੈ। ਇਸ ਅਨੁਸਾਰ ਮੈਂ ਫੂਡ ਪ੍ਰੋਸੈਸਿੰਗ ਤੇ ਉਦਯੋਗ ਮੰਤਰੀ ਵਜੋਂ ਆਪਣਾ ਅਸਤੀਫਾ ਸੌਂਪਦੀ ਹਾਂ ਤੇ ਬੇਨਤੀ ਕਰਦੀ ਹਾਂ ਕਿ ਇਸਨੂੰ ਤੁਰੰਤ ਪ੍ਰਭਾਵ ਨਾਲ ਪ੍ਰਵਾਨ ਕੀਤਾ ਜਾਵੇ। ਮੇਰਾ ਫੈਸਲਾ ਮੇਰੀ ਪਾਰਟੀ ਦੀ ਦੂਰਅੰਦੇਸ਼ੀ ਸੋਚ, ਇਸਦੀ ਅਮੀਰ ਵਿਰਾਸਤ ਤੇ ਇਸਦੀ ਕਦੇ ਵੀ ਕਿਸਾਨਾਂ ਦੇ ਹਿੱਤਾਂ ਵਾਸਤੇ ਕਿਸੇ ਵੀ ਪੱਧਰ 'ਤੇ ਜਾ ਕੇ ਲੜਾਈ ਲੜਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਮੈਨੂੰ ਮਾਣ ਹੈ ਕਿ ਅੱਜ ਮੈਂ ਨਿਮਾਣੀ ਹੋ ਕੇ ਇਸ ਵਿਰਸੇ ਨੂੰ ਅੱਗੇ ਤੋਰਨ ਦੇ ਯਤਨਾਂ ਵਿਚ ਹਿੱਸੇਦਾਰ ਹਾਂ।
ਤਿੰਨ ਆਰਡੀਨੈਂਸ ਜਾਰੀ ਹੋਣ ਤੋਂ ਪਹਿਲਾਂ ਵੀ, ਇਸ ਦੌਰਾਨ ਵੀ, ਤੇ ਇਸ ਤੋਂ ਬਾਅਦ ਵੀ ਮੈਂ ਮੰਤਰੀ ਮੰਡਲ ਨੂੰ ਇਸ ਫੈਸਲੇ ਵਿਚ ਅਸਲ ਪ੍ਰਭਾਵਤ ਹੋਣ ਵਾਲਿਆਂ ਦੀ ਰਾਇ ਲੈਣ ਵਾਸਤੇ ਬਹੁਤ ਮਨਾਇਆ ਤਾਂ ਜੋ ਕਿ ਕਿਸਾਨਾਂ ਦੀਆਂ ਚਿੰਤਾਵਾਂ ਤੇ ਉਹਨਾਂ ਦੇ ਖਦਸ਼ੇ ਦੂਰ ਕੀਤੇ ਜਾ ਸਕਣ। ਇਸ ਦੌਰਾਨ ਮੈਨੂੰ ਇਹ ਪ੍ਰਭਾਵ ਦਿੱਤਾ ਗਿਆ ਕਿ ਇਹ ਆਰਡੀਨੈਂਸ ਅਸਥਾਈ ਪ੍ਰਬੰਧ ਹਨ ਜਦੋਂ ਤੱਕ ਸੰਸਦ ਵਿਚ ਇਸ ਬਾਰੇ ਬਿੱਲ ਪਾਸ ਨਹੀਂ ਹੋ ਜਾਂਦਾ। ਪਰ ਮੈਨੂੰ ਬਹੁਤ ਦੁਖੀ ਨਾਲ ਲਿਖਣਾ ਪੈ ਰਿਹਾ ਹੈ ਕਿ ਮੇਰੀ ਵੱਲੋਂ ਵਾਰ ਵਾਰ ਬੇਨਤੀ ਕਰਨ ਅਤੇ ਮੇਰੀ ਪਾਰਟੀ ਸ਼੍ਰੋਮਣੀ ਅਕਲੀ ਦਲ ਵੱਲੋਂ ਇਸ ਸਬੰਧ ਵਿਚ ਅਪੀਲ ਕਰਨ ਦੇ ਬਾਵਜੂਦ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਚਿੰਤਾਵਾਂ ਦੂਰ ਕਰਨ ਦਾ ਕੋਈ ਯਤਨ ਨਹੀਂ ਕੀਤਾ।
ਸਾਡੀ ਪਾਰਟੀ ਅਜਿਹੀ ਪਾਰਟੀ ਹੈ ਜਿਸਦਾ ਹਰ ਮੈਂਬਰ ਕਿਸਾਨ ਹੈ ਅਤੇ ਜਿਸ ਤੋਂ ਕਿਸਾਨੀ ਨੂੰ ਵੱਡੀਆਂ ਆਸਾਂ ਹਨ। ਪਾਰਟੀ ਹਮੇਸ਼ਾ ਇਹਨਾਂ ਆਸਾਂ 'ਤੇ ਖਰੀ ਉਤਰੀ ਹੈ ਤੇ ਇਹ ਅੱਜ ਵੀ ਆਪਣੇ ਫਰਜ਼ਾਂ ਤੋਂ ਪਿੱਛੇ ਨਹੀਂ ਹਟੀ। ਕਿਸਾਨ ਦਾ ਭਰੋਸਾ ਸਾਡੇ ਲਈ ਸਭ ਤੋਂ ਵੱਧ ਮਾਅਨੇ ਰੱਖਦਾ ਹੈ।
ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸਾਡੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਰਾਹ 'ਤੇ ਚੱਲਦਾ ਰਿਹਾ ਹੈ। ਅਸੀਂ ਜੋ ਸਭ ਤੋਂ ਚੰਗਾ ਸਬਕ ਸਿੱਖਿਆ ਹੈ, ਉਸ ਵਿਚ ਇਹ ਹੈ ਕਿ ਸਾਨੂੰ ਕਦੇ ਵੀ ਆਪਣੇ ਸਿਧਾਂਤਾਂ ਲਈ ਸਮਝੌਤਾ ਨਹੀਂ ਕਰਨਾ ਚਾਹੀਦਾ ਤੇ ਹਮੇਸ਼ਾ ਆਪਣੇ ਵਿਸ਼ਵਾਸ ਅਨੁਸਾਰ ਡੱਟਣਾ ਚਾਹੀਦਾ ਹੈ। ਮੈਂ ਬਹੁਤ ਹੀ ਤਸੱਲੀ ਨਾਲ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਤੁਹਾਡੀ ਟੀਮ ਦੇ ਮੈਂਬਰ ਵਜੋਂ ਹਰ ਰੋਜ਼ ਮੈਂ ਲੋਕਾਂ ਦੀਆਂ ਇੱਛਾਵਾਂ, ਆਸਾਂ ਤੇ ਮੰਗਾਂ ਬਾਰੇ ਸਪਸ਼ਟ ਤੌਰ 'ਤੇ ਬੋਲਦੀ ਰਹੀ ਹਾਂ ਜਿਹਨਾਂ ਨੇ ਮੇਰੇ 'ਤੇ ਵਿਸ਼ਵਾਸ ਪ੍ਰਗਟ ਕੀਤਾ ਤੇ ਮੈਂ ਦੇਸ਼ ਦੇ ਸਰਵਉਚ ਪਲੈਟਫਾਰਮ ਸੰਸਦ ਵਿਚ ਉਹਨਾਂ ਦੀ ਸੇਵਾ ਕੀਤੀ। ਮੈਂ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਇਸ ਕੰਮ ਨੂੰ ਅੱਗੇ ਤੋਰਨ ਲਈ ਦੋ ਵਾਰ ਮੌਕਾ ਦਿੱਤਾ। ਬਿਨਾਂ ਸ਼ੱਕ ਮੇਰੇ ਜੀਵਨ ਦਾ ਇਹ ਬੇਹਤਰੀਨ ਤੇ ਯਾਦਗਾਰੀ ਸਮਾਂ ਹੈ ਜਦੋਂ ਮੈਂ ਆਪਣੇ ਦੇਸ਼ ਦੇ ਲੋਕਾਂ ਲਈ ਆਪਣਾ ਫਰਜ਼ ਨਿਭਾਇਆ ਤੇ ਤੁਹਾਡੀ ਅਗਵਾਈ ਹੇਠ ਮੇਰੇ ਸੂਬੇ ਪੰਜਾਬ, ਖਾਸ ਤੌਰ 'ਤੇ ਸਿੱਖ ਭਾਈਚਾਰੇ ਤੇ ਕਿਸਾਨਾਂ ਦੀਆਂ ਭਾਵਨਾਵਾਂ ਦੀ ਆਵਾਜ਼ ਬੁਲੰਦ ਕੀਤੀ।
ਮੈਂ ਹਮਸ਼ਾ ਇਸ ਗੱਲ 'ਤੇ ਤਸੱਲੀ ਪ੍ਰਗਟ ਕੀਤੀ ਕਿ ਤੁਹਾਡੀ ਅਗਵਾਈ ਹੇਠ ਅਸੀਂ ਸਿੱਖ ਭਾਈਚਾਰੇ ਦੇ ਕਈ ਬਹੁਤ ਚਿੰਤਾਜਨਕ ਤੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮਸਲਿਆਂ ਨੂੰ ਸਮਝਣ ਤੇ ਉਹਨਾਂ ਦਾ ਨਿਪਟਾਰਾ ਕਰਨ ਵਿਚ ਸਫਲਤਾ ਹਾਸਲ ਕੀਤੀ। ਐਨ ਡੀ ਏ ਵੱਲੋਂ ਬਹਾਦਰ ਤੇ ਦੇਸ਼ਭਗਤ ਸਿੱਖ ਭਾਈਚਾਰੇ ਲਈ ਨਿਆਂ ਵਾਸਤੇ ਐਨ ਡੀ ਏ ਦੇ ਦ੍ਰਿੜ• ਸੰਕਲਪ ਦਾ ਹਮੇਸ਼ਾ ਧੰਨਵਾਦ। ਇਸ ਕੌਮ ਲਈ 1984 ਦੇ ਸਿੱਖ ਕਤਲੇਆਮ ਦੌਰਾਨ ਹਜ਼ਾਰਾਂ ਨਿਰਦੋਸ਼ਾਂ ਦੇ ਕਤਲ ਤੋਂ ਬਾਅਦ ਪੀੜਤ ਪਰਿਵਾਰਾਂ ਲਈ ਇਕ ਆਸ ਦੀ ਕਿਰਣ ਜਗੀ ਸੀ ਤੇ ਨਿਆਂ ਦੀ ਆਸ ਬੱਝੀ ਸੀ। ਸੱਜਣ ਕੁਮਾਰ, ਜੋ ਕਿ ਇਸ ਕਤਲੇਆਮ ਦੇ ਮੁੱਖ ਦੋਸ਼ੀਆਂ ਵਿਚੋਂ ਇਕ ਹੈ, ਨੂੰ ਸਲਾਖ਼ਾਂ ਪਿੱਛੇ ਸੁੱਟਿਆ ਗਿਆ ਤੇ ਉਹ ਕਈ ਹੋਰਨਾਂ ਵਾਂਗ ਜੇਲ• ਵਿਚ ਹੈ। ਜਗਦੀਸ਼ ਟਾਈਟਲਰ ਵਰਗੇ ਮੁੱਖ ਦੋਸ਼ੀ ਵੀ ਆਪਣੇ ਆਲੇ ਦੁਆਲੇ ਕਾਨੂੰਨ ਦੇ ਜਕੜੇ ਜਾ ਰਹੇ ਫੰਡੇ ਨੂੰ ਮਹਿਸੂਸ ਕਰ ਰਹੇ ਹਨ।
ਇਸੇ ਤਰੀਕੇ ਅਸੀਂ ਵਿਦੇਸ਼ਾਂ ਵਿਚ ਕਾਲੀ ਸੂਚੀ ਵਿਚ ਪਾਏ ਗਏ ਸਿੱਖਾਂ ਦੇ ਨਾਵਾਂ 'ਤੇ ਨਜ਼ਰਸਾਨੀ ਕਰਵਾਉਣ ਵਿਚ ਸਫਲ ਹੋਏ ਹਾਂ। ਮੈਂ ਅਫਗਾਨਿਸਤਾਨ ਤੇ ਦੁਨੀਆ ਦੇ ਹੋਰ ਭਾਗਾਂ ਦੇ ਸਿੱਖ ਸ਼ਰਣਾਰਥੀਆਂ ਬਾਰੇ ਕੁਝ ਕਰਨ ਵਿਚ ਸਫਲ ਰਹਿਣ ਵਾਸਤੇ ਆਪਣੇ ਆਪ ਨੂੰ ਭਾਗਾਂ ਭਰਿਆ ਮੰਨਦੀ ਹਾਂ। ਮੈਂ ਪਰਮਾਤਮਾ ਦੀ ਸ਼ੁੱਕਰਗੁਜ਼ਾਰ ਹਾਂ ਕਿ ਉਸਨੇ ਮੈਨੂੰ ਲੰਗਰ 'ਤੇ ਲੱਗੇ ਜੀ ਐਸ ਟੀ ਨੂੰ ਮੁਆਫ ਕਰਵਾਉਣ ਦੇ ਸਮਰਥ ਬਣਾਇਆ। ਇਸ ਤਰੀਕੇ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਲਈ ਐਫ ਆਰ ਸੀ ਏ ਤਹਿਤ ਵਿਦੇਸ਼ਾਂ ਤੋਂ ਫੰਡ ਪ੍ਰਾਪਤ ਕਰਨ ਵਿਚ ਛੋਟ ਦੇਣ ਨਾਲ ਵੀ ਤਸੱਲੀ ਹੈ।
ਐਨ ਡੀ ਏ ਦੇ ਦੌਰ ਦੌਰਾਨ ਪੰਜਾਬ ਵਿਚ ਏਮਜ਼ ਬਠਿੰਡਾ, ਏ ਆਈ ਆਈ ਐਮ ਅੰਮ੍ਰਿਮਸਰ, ਪੀ ਜੀ ਆਈ ਐਚ ਆਰ ਈ ਅੰਮ੍ਰਿਤਸਰ ਤੇ ਵਿਸ਼ਵ ਪੱਧਰ ਤੇ ਹਾਈਵੇ ਤੇ ਸੁਪਰਹਾਈਵੇ, ਮੁਹਾਲੀ ਵਿਖੇ ਕੌਮਾਂਤਰੀ ਤੇ ਘਰੇਲੂ ਹਵਾਈ ਅੱਡਾ, ਬਠਿੰਡਾ ਤੇ ਆਦਮਪੁਰ ਵਿਚ ਤਖਤ ਸ੍ਰੀ ਨਾਂਦੇੜ ਸਾਹਿਬ ਲਈ ਉਡਾਣਾਂ ਆਦਿ ਅਜਿਹੀਆਂ ਵੱਡੀਆਂ ਪ੍ਰਾਪਤੀਆਂ ਹਨ ਜਿਹਨਾਂ ਵਿਚੋਂ ਉਪਰੋਕਤ ਨਾਂ ਸਿਰਫ ਨਾਂ ਮਾਤਰ ਹਨ । ਸਿੱਖ ਭਾਈਚਾਰੇ ਲਈ ਸਭ ਤੋਂ ਵੱਡਾ ਯਾਦਗਾਰੀ ਮੌਕਾ ਕਰਤਾਰਪੁਰ ਸਾਹਿਬ ਲਾਂਘੇ ਦਾ ਖੁੱਲ•ਣਾ ਹੈ। ਹਰ ਨਾਨਕ ਨਾਮ ਲੇਵਾ ਸ਼ਰਧਾਲੂ ਇਸ ਸਦੀ ਦੇ 75 ਸਾਲਾਂ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਰੱਖ ਰਿਹਾ ਸੀ। ਮੈਨੂੰ ਸਮਝ ਨਹੀਂ ਆਉਂਦਾ ਕਿ ਸਾਡੇ ਜੀਵਨ ਵਿਚ ਇਸ ਇਤਿਹਾਸਕ ਪਲ ਵਾਸਤੇ ਮੈਂ ਆਪ ਜੀ ਦਾ ਕਿਵੇਂ ਧੰਨਵਾਦ ਕਰਾਂ ਜਿਸਨੇ ਸਾਡੇ ਇਸ ਸੁਫਨੇ ਨੂੰ ਅਮਲ ਜਾਮਾ ਪਹਿਨਾਇਆ। ਇਸ ਦੌਰਾਨ ਹੀ ਮੈਂ ਤੇ ਮੇਰੀ ਪਾਰਟੀ ਇਸ ਗੱਲੋਂ ਮਾਯੂਸ ਹਾਂ ਕਿ ਅਸੀਂ ਸਰਕਾਰ ਨੂੰ ਇਹ ਬਿੱਲ ਕਿਸਾਨਾਂ ਦੀ ਜਿਣਸ ਦੇ ਮੰਡੀਕਰਣ ਨਾਲ ਸਬੰਧਤ ਸਲੈਕਟ ਕਮੇਟੀ ਹਵਾਲੇ ਕਰਨ ਵਿਚ ਰਾਜ਼ੀ ਕਰਨ ਵਿਚ ਨਾਕਾਮ ਰਹੇ। ਕਿਸਾਨ ਤੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਇਕ ਦੂਜੇ ਦੇ ਪੂਰਕ ਰਹੇ ਹਨ ਜਿਹਨਾਂ ਦਾ ਮਾਰਗ ਦਰਸ਼ਨ ਹਮੇਸ਼ਾ ਸਿੱਖ ਪੰਥ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਕੀਤਾ ਹੈ ਤੇ ਗੁਰੂ ਸਾਹਿਬ ਨੇ ਆਪ 20 ਸਾਲ ਕਰਤਾਰਪੁਰ ਸਾਹਿਬ ਵਿਚ ਰਹਿ ਕੇ ਖੇਤੀ ਕੀਤੀ ਹੈ। ਇਸੇ ਤੋਂ ਪਤਾ ਚਲ ਜਾਂਦਾ ਹੈ ਕਿ ਕਿਸਾਨਾਂ ਦੀ ਸ਼੍ਰੋਮਣੀ ਅਕਾਲੀ ਦਲ ਵਾਸਤੇ ਕੀ ਮਹੱਤਤਾ ਹੈ। ਇਸ ਅਨੁਸਾਰ ਹੀ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਵੱਲੋਂ ਇਸ ਵਿਸ਼ੇ 'ਤੇ ਲਿਆਂਦੇ ਬਿੱਲ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ। ਅਜਿਹਾ ਕਰਦਿਆਂ ਮੇਰੀ ਪਾਰਟੀ ਨੇ ਸਿਰਫ ਕਿਸਾਨ ਹਿੱਤਾਂ ਦੇ ਰਾਖੇ ਹੋਣ ਦਾ ਆਪਣੀ ਦਹਾਕਿਆਂ ਪੁਰਾਣੀ ਰਵਾਇਤ ਦੁਹਰਾਈ ਹੈ।
ਇਸ ਲਈ ਮੈਂ ਕੇਂਦਰੀ ਮੰਤਰੀ ਮੰਡਲ ਦੇ ਮੈਂਬਰ ਵਜੋਂ ਅਸਤੀਫਾ ਦਿੰਦੀ ਹਾਂ। ਮੇਰੀ ਇੱਛਾ ਹੈ ਕਿ ਮੇਰੇ ਫੈਸਲੇ ਹਮੇਸ਼ਾ ਮੇਰੀ ਪਾਰਟੀ ਦੀਆਂ ਰਵਾਇਤਾਂ ਅਨੁਸਾਰ ਰਹਿਣ ਕਿਉਂਕਿ ਮੇਰੀ ਪਾਰਟੀ ਨੇ ਹਮੇਸ਼ਾ ਕੌਮੀ ਹਿੱਤਾਂ ਦੀ ਰਾਖੀ ਕੀਤੀ ਹੈ ਭਾਵੇਂ ਉਹ ਐਮਰਜੰਸੀ ਹੋਵੇ ਜਾਂ ਫਿਰ ਦੇਸ਼ ਵਿਚ ਸੰਘੀ ਢਾਂਚੇ ਦੀ ਸਥਾਪਨਾ। ਇਹ ਸਾਡੇ ਸਰਪ੍ਰਸਤ ਤੇ ਦੇਸ਼ ਦੇ ਸਭ ਤੋਂ ਕੱਦਾਵਰ ਨੇਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਵਿਰਾਸਤ ਹੈ ਜੋ ਅਸੀ ਸੰਭਾਲ ਰਹੇ ਹਾਂ। ਮੇਰਾ ਅੱਜ ਦਾ ਫੈਸਲਾ ਮੇਰੀ ਵਿਰਾਸਤ ਦੇ ਅਨੁਸਾਰ ਹੀ ਹੈ।
ਜੇਕਰ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸ੍ਰੀ ਅਟਲ ਬਿਹਾਰੀ ਵਾਜਪਈ ਵੱਲੋਂ ਤਿੰਨ ਦਹਾਕੇ ਪਹਿਲਾਂ ਇਹ ਗਠਜੋੜ ਕਾਇਮ ਕਰਨ ਦੇ ਸਮੇਂ ਨੂੰ ਚੇਤੇ ਨਾ ਕਰਾਂ ਤਾਂ ਫਿਰ ਮੈਂ ਆਪਣੇ ਫਰਜ਼ ਵਿਚ ਨਾਕਾਮ ਹੋ ਜਾਵਾਂਗੀ ਕਿਉਂਕਿ ਇਸ ਗਠਜੋੜ ਨੇ ਪੰਜਾਬ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਬਣਾਈ ਰੱਖੀ। ਮੈਨੂੰ ਯਕੀਨੀ ਹੈ ਕਿ ਅਸੀਂ ਸਾਰੇ ਰਲ ਕੇ ਪੰਜਾਬ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਦਾ ਮਾਹੌਲ ਕਾਇਮ ਰੱਖਾਂਗੇ।
ਮੈਂ ਹਮੇਸ਼ਾ ਆਪ ਜੀ ਵੱਲੋਂ ਮੇਰੇ 'ਤੇ ਪ੍ਰਗਟਾਏ ਵਿਸ਼ਵਾਸ ਤੇ ਭਰੋਸਾ ਕਰਨ ਲਈ ਆਪ ਦੀ ਧੰਨਵਾਦੀ ਹਾਂ।
ਵਿਰੋਧੀਆਂ ਨੇ ਹਰਸਿਮਰਤ ਦੇ ਅਸਤੀਫੇ ਨੂੰ ਦੱਸਿਆ 'ਸਿਆਸੀ ਡਰਾਮਾ'
NEXT STORY