ਜਲੰਧਰ (ਧਵਨ)–‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ਪ੍ਰੋਗਰਾਮ ਜ਼ਰੀਏ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੁਣਨ ਦੀ ਪਹਿਲ ਨੂੰ ਇਕ ਅਦਭੁੱਤ ਤਜਰਬਾ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਅਨੋਖੇ ਪ੍ਰੋਗਰਾਮ ਵਿਚ ਮਾਝਾ ਅਤੇ ਦੋਆਬਾ ਖੇਤਰਾਂ ਵਿਚੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਹਿੱਸਾ ਲਿਆ ਅਤੇ ਜਿਨ੍ਹਾਂ ਦੀਆਂ ਸ਼ਿਕਾਇਤਾਂ ਦਾ ਮੌਕੇ ’ਤੇ ਹੀ ਹੱਲ ਕੀਤਾ ਗਿਆ। ਇਸ 2 ਰੋਜ਼ਾ ਪ੍ਰੋਗਰਾਮ ਦੇ ਆਖਰੀ ਦਿਨ ਜਲੰਧਰ ਵਿਚ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਵਿਚ ਲੋਕਾਂ ਦੀ ਭੀੜ ਲੱਗ ਗਈ ਅਤੇ ਵੱਖ-ਵੱਖ ਵਿਭਾਗਾਂ ਵਿਚ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਹੱਲ ਦਾ ਭਰੋਸਾ ਦਿੱਤਾ ਗਿਆ। ਮੁੱਖ ਮੰਤਰੀ ਨੇ ਦੂਰੋਂ-ਦੂਰੋਂ ਆਏ ਲੋਕਾਂ ਨੂੰ ਨਿਰਾਸ਼ ਨਹੀਂ ਕੀਤਾ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਵਿਚ ਨਿੱਜੀ ਦਿਲਚਸਪੀ ਲੈਂਦਿਆਂ ਹਾਜ਼ਰ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਸ਼ਿਕਾਇਤਾਂ ’ਤੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
ਇਸ ਪ੍ਰੋਗਰਾਮ ਵਿਚ ਨਾ ਸਿਰਫ਼ ਜਲੰਧਰ ਜ਼ਿਲ੍ਹੇ ਤੋਂ ਸਗੋਂ ਤਰਨਤਾਰਨ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਸਮੇਤ ਹੋਰਨਾਂ ਜ਼ਿਲ੍ਹਿਆਂ ਤੋਂ ਵੀ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ। ਮੁੱਖ ਮੰਤਰੀ ਨੇ ਹਰੇਕ ਵਿਅਕਤੀ ਨਾਲ ਨਿੱਜੀ ਰੂਪ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਚਿੰਤਾਵਾਂ ਨੂੰ ਬੜੀ ਦ੍ਰਿੜ੍ਹਤਾ ਨਾਲ ਸੁਣਿਆ। ਉਠਾਏ ਗਏ ਮੁੱਦੇ ਵੱਖ-ਵੱਖ ਸਨ, ਕੁਝ ਬਿਜਲੀ ਵਿਭਾਗ ਨਾਲ ਸਬੰਧਤ ਸਨ, ਜਦੋਂ ਕਿ ਹੋਰ ਸਿੰਚਾਈ, ਸਿੱਖਿਆ ਅਤੇ ਹੋਰਨਾਂ ਵਿਭਾਗਾਂ ਨਾਲ ਸਬੰਧਤ ਸਨ। ਕਈ ਹਾਜ਼ਰ ਲੋਕਾਂ ਨੇ ਇਸ ਪ੍ਰੋਗਰਾਮ ਲਈ ਮੁੱਖ ਮੰਤਰੀ ਦਾ ਦਿਲੀ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ ਵਿਚ ਲੋਕਾਂ ਵੱਲੋਂ ਵਿਖਾਏ ਗਏ ਭਰੋਸੇ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਨਾਗਰਿਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਹੋਵੇਗੀ ਕਿਉਂਕਿ ਸਰਕਾਰ ਉਨ੍ਹਾਂ ਦੇ ਕੋਲ ਆ ਰਹੀ ਹੈ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਮੌਕੇ ’ਤੇ ਹੀ ਹੱਲ ਕਰ ਰਹੀ ਹੈ।
ਇਹ ਵੀ ਪੜ੍ਹੋ- ਜਲੰਧਰ ਦੀ ਰੰਜਿਸ਼ ਦਾ ਮੈਕਸੀਕੋ ਤਕ ਦਾ ਸਫ਼ਰ, ਬਦਮਾਸ਼ ਪੰਚਮ ਨੇ ਲਾਈਵ ਹੋ ਕੇ ਜੋਗਾ ਫੋਲੜੀਵਾਲ ਨੂੰ ਦਿੱਤੀ ਧਮਕੀ
ਮੁੱਖ ਮੰਤਰੀ ਨੇ ਕਿਹਾ ਕਿ ਇਸ 2 ਰੋਜ਼ਾ ਪ੍ਰੋਗਰਾਮ ਨੂੰ ਲੋਕਾਂ ਦੀ ਭਾਰੀ ਪ੍ਰਤੀਕਿਰਿਆ ਮਿਲੀ ਹੈ ਅਤੇ ਭਵਿੱਖ ਵਿਚ ਵੀ ਇਸ ਨੂੰ ਜਾਰੀ ਰੱਖਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਕਿਸੇ ਵੀ ਸਰਕਾਰ ਨੇ ਅਜਿਹਾ ਕਦਮ ਨਹੀਂ ਚੁੱਕਿਆ, ਜਿਸ ਦੇ ਨਤੀਜੇ ਵਜੋਂ ਵੱਡੀ ਗਿਣਤੀ ਵਿਚ ਲੋਕ ਆਏ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲ ਨਾ ਸਿਰਫ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਮਦਦ ਕਰਦੀ ਹੈ, ਸਗੋਂ ਸੂਬਾ ਸਰਕਾਰ ਦੀਆਂ ਨੀਤੀਆਂ ’ਤੇ ਜ਼ਮੀਨੀ ਪੱਧਰ ’ਤੇ ਫੀਡਬੈਕ ਇਕੱਠੀ ਕਰਨ ਲਈ ਇਕ ਪ੍ਰਭਾਵੀ ਮੰਚ ਦੇ ਰੂਪ ਵਿਚ ਵੀ ਕੰਮ ਕਰਦੀ ਹੈ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਜਲੰਧਰ ਵਿਚ ਆਪਣਾ ਕੈਂਪ ਦਫਤਰ ਸਥਾਪਤ ਕੀਤਾ ਹੈ ਤਾਂ ਕਿ ਦੋਆਬਾ ਅਤੇ ਮਾਝਾ ਦੇ ਲੋਕ ਆਪਣੇ ਕੰਮ ਕਰਵਾਉਣ ਲਈ ਸਿੱਧੇ ਉਨ੍ਹਾਂ ਨਾਲ ਸੰਪਰਕ ਕਰ ਸਕਣ। ਉਨ੍ਹਾਂ ਕਿਹਾ ਕਿ ਉਹ ਹਫਤੇ ਵਿਚ 2 ਵਾਰ ਜਲੰਧਰ ਦਾ ਦੌਰਾ ਕਰਨਗੇ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨਗੇ।
ਮੁੱਖ ਮੰਤਰੀ ਦੇ 2 ਰੋਜ਼ਾ ਪ੍ਰੋਗਰਾਮ ਦੌਰਾਨ ਅਧਿਕਾਰੀਆਂ ਦੇ ਹੱਥ-ਪੈਰ ਫੁੱਲੇ ਰਹੇ
ਮੁੱਖ ਮੰਤਰੀ ਭਗਵੰਤ ਮਾਨ ਦੇ 2 ਰੋਜ਼ਾ ਜਲੰਧਰ ਪ੍ਰੋਗਰਾਮ ਦੌਰਾਨ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਦੇ ਹੱਥ ਵੀ ਫੁੱਲੇ ਰਹੇ। ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਭਗਵੰਤ ਮਾਨ ਜਲੰਧਰ ਆਏ ਹੋਏ ਸਨ। ਉਨ੍ਹਾਂ ਵਾਅਦਾ ਕੀਤਾ ਹੈ ਕਿ ਉਹ ਹਫਤੇ ਵਿਚ 2 ਦਿਨ ਜਲੰਧਰ ਬਿਤਾਇਆ ਕਰਨਗੇ। ਇਸ ਲਈ ਹੁਣ ਜਲੰਧਰ ਦੇ ਪ੍ਰਸ਼ਾਸਨਿਕ ਤੇ ਪੁਲਸ ਅਧਿਕਾਰੀਆਂ ਨੂੰ ਬਹੁਤ ਚੌਕਸੀ ਨਾਲ ਕੰਮ ਕਰਨਾ ਹੋਵੇਗਾ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਵੀ ਨਾਲ-ਨਾਲ ਕਰਨਾ ਹੋਵੇਗਾ, ਨਹੀਂ ਤਾਂ ਇਹ ਸ਼ਿਕਾਇਤਾਂ ਮੁੱਖ ਮੰਤਰੀ ਕੋਲ ਪਹੁੰਚ ਜਾਣਗੀਆਂ। ਲੋਕਾਂ ਦੀਆਂ ਜ਼ਿਆਦਾਤਰ ਸ਼ਿਕਾਇਤਾਂ ਇਹੀ ਰਹੀਆਂ ਹਨ ਕਿ ਅਧਿਕਾਰੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰਦੇ ਹਨ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਸਰਕਾਰੀ ਦਫ਼ਤਰਾਂ ਵਿਚ ਹੀ ਲੰਮੇ ਸਮੇਂ ਤਕ ਪਈਆਂ ਰਹਿੰਦੀਆਂ ਹਨ, ਜਿਸ ਨਾਲ ਭ੍ਰਿਸ਼ਟਾਚਾਰ ਜਨਮ ਲੈਂਦਾ ਹੈ। ਸਰਕਾਰੀ ਕੰਮਾਂ ਵਿਚ ਹੋ ਰਹੀ ਦੇਰੀ ਕਾਰਨ ਲੋਕਾਂ ਨੂੰ ਰਿਸ਼ਵਤ ਦੇਣ ’ਤੇ ਮਜਬੂਰ ਹੋਣਾ ਪੈਂਦਾ ਹੈ। ਸੰਭਾਵਨਾ ਹੈ ਕਿ ਹੁਣ ਮੁੱਖ ਮੰਤਰੀ 2 ਦਿਨ ਜਲੰਧਰ ਵਿਚ ਰਿਹਾ ਕਰਨਗੇ, ਇਸ ਲਈ ਅਧਿਕਾਰੀਆਂ ਨੂੰ ਸਮਾਂਬੱਧ ਢੰਗ ਨਾਲ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨਾ ਪਵੇਗਾ।
ਇਹ ਵੀ ਪੜ੍ਹੋ- ਜਲੰਧਰ ਕੈਂਟ ਸਟੇਸ਼ਨ 'ਤੇ ਪਈਆਂ ਭਾਜੜਾਂ, ਟਰੇਨ ਦੇ ਬਾਥਰੂਮ ’ਚੋਂ ਮਿਲੀ ਪਠਾਨਕੋਟ ਦੇ ਨੌਜਵਾਨ ਦੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੈਸਿਆਂ ਲਈ ਕੀਤਾ ਦੋਸਤ ਦਾ ਕਤਲ, 5 ਨੌਜਵਾਨ ਗ੍ਰਿਫ਼ਤਾਰ
NEXT STORY