ਜਲੰਧਰ (ਬਿਊਰੋ) - ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਕਲ ਪੇਸ਼ ਕੀਤੇ ਗਏ ਬਜਟ ਨੇ ਸਭ ਵਰਗਾਂ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ ਹੈ। ਬਜਟ ਵਿਚ ਕਿਸੇ ਵਰਗ ਦੀ ਭਲਾਈ ਲਈ ਕੁਝ ਨਹੀਂ, ਪਰ ਟੈਕਸ ਲਾ ਕੇ ਪਹਿਲਾਂ ਹੀ ਮੁਸੀਬਤਾਂ ਦੀ ਘੁੰਮਣਘੇਰੀ ਵਿਚ ਫਸੀ ਜਨਤਾ 'ਤੇ ਹੋਰ ਬੋਝ ਲੱਦ ਦਿੱਤਾ ਹੈ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਇਥੇ 'ਰਾਮਨੌਮੀ' ਦੇ ਸਮਾਗਮ ਵਿਚ ਹਿੱਸਾ ਲੈਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।
ਸ਼੍ਰੀ ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਚੋਣਾਂ ਵਿਚ ਜਨਤਾ ਨਾਲ ਕੀਤੇ ਗਏ ਹਰੇਕ ਵਾਅਦੇ ਤੋਂ ਮੁੱਕਰ ਗਈ ਹੈ ਅਤੇ ਉਥੇ ਮੁੱਕਰਨ ਵਾਲੀ ਤਰਜ਼ 'ਤੇ ਹੀ ਇਹ ਧੋਖੇ ਭਰਿਆ ਬਜਟ ਪੇਸ਼ ਕੀਤਾ ਗਿਆ। ਬਜਟ ਵਿਚ ਕਿਸਾਨਾਂ, ਦਲਿਤਾਂ, ਨੌਜਵਾਨਾਂ, ਮੁਲਾਜ਼ਮਾਂ, ਪੈਨਸ਼ਨ ਹਾਸਲ ਕਰਨ ਵਾਲਿਆਂ, ਵਪਾਰੀਆਂ, ਸਨਅਤਕਾਰਾਂ ਅਤੇ ਆਮ ਲੋਕਾਂ ਲਈ ਕੁਝ ਵੀ ਨਹੀਂ। ਬਜਟ ਸਿਰਫ ਲੋਕਾਂ ਨਾਲ ਦੂਜਾ ਵੱਡਾ ਧੋਖਾ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਨਾਲ ਹੁਣ ਫਿਰ 4250 ਕਰੋੜ ਦੇ ਕਰਜ਼ੇ ਮੁਆਫ ਕਰਨ ਦਾ ਕੋਝਾ ਮਜ਼ਾਕ ਕੀਤਾ ਗਿਆ ਹੈ। ਪਿਛਲੇ ਬਜਟ ਵਿਚ 1500 ਕਰੋੜ ਦੇ ਕਿਸਾਨੀ ਕਰਜ਼ੇ ਮੁਆਫ ਕਰਨ ਦਾ ਟੀਚਾ ਰਖਿਆ ਸੀ ਪਰ ਕਰਜ਼ੇ ਮੁਆਫ ਹੋਏ ਸਿਰਫ 350 ਕਰੋੜ ਦੇ, ਪਰ ਉਹ ਵੀ ਅਜੇ ਚੈੱਕ ਹੀ ਮਿਲੇ ਹਨ, ਜਿਹੜੇ ਪਤਾ ਨਹੀਂ ਕਦੋਂ ਕੈਸ਼ ਹੋਣਗੇ। ਉਨ੍ਹਾਂ ਕਿਹਾ ਕਿ ਜਿਸ ਸਰਕਾਰ ਦੇ ਮੰਤਰੀ ਗੱਪਾਂ ਦੇ ਕੜਾਹ ਬਣਾਉਂਦੇ ਹੋਣ, ਉਸ ਸਰਕਾਰ ਤੋਂ ਕੀ ਆਸਾਂ ਕੀਤੀਆਂ ਜਾ ਸਕਦੀਆਂ ਹਨ।
ਸ਼੍ਰੀ ਮਜੀਠੀਆ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਸੂਬੇ ਦਾ ਬਜਟ ਲੀਕ ਹੋਇਆ ਹੋਵੇ ਤੇ ਲੀਕ ਵੀ ਉਸ ਮੰਤਰੀ ਨੇ ਕੀਤਾ ਹੋਵੇ, ਜਿਸ ਦਾ ਬਜਟ ਨਾਲ ਵਾਹ-ਵਾਸਤਾ ਵੀ ਨਾ ਹੋਵੇ। ਉਨ੍ਹਾਂ ਕਿਹਾ ਕਿ ਬਜਟ ਲੀਕ ਹੋਣ ਦੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਬਜਟ ਪੇਸ਼ ਤੇ ਲੀਕ ਕਰਨ ਵਾਲੇ ਮੰਤਰੀਆਂ ਵਿਰੁੱਧ ਫੌਜਦਾਰੀ ਕੇਸ ਦਰਜ ਕੀਤਾ ਜਾਵੇ। ਇਨ੍ਹਾਂ ਅਜਿਹਾ ਕਰ ਕੇ ਸਦਨ ਦੀ ਉਲੰਘਣਾ ਕੀਤੀ ਗਈ ਹੈ ਅਤੇ ਇਨ੍ਹਾਂ ਦੋਵਾਂ ਨੂੰ ਤੁਰੰਤ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਵਲੋਂ ਇਨ੍ਹਾਂ ਦੋਵਾਂ ਮੰਤਰੀਆਂ ਵਿਰੁੱਧ ਮਰਿਆਦਾ ਮਤਾ ਲਿਆਂਦਾ ਜਾਵੇਗਾ ਅਤੇ ਇਸ ਸੰੰਬੰਧੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਮਰਿਆਦਾ ਮਤਾ ਵੀ ਦਿੱਤਾ ਹੈ।
ਸ਼੍ਰੀ ਮਜੀਠੀਆ ਨੇ ਕਿਹਾ ਕਿ ਕੈਪਟਨ ਸਰਕਾਰ ਅਤੇ ਉਸ ਦੇ ਖਜ਼ਾਨਾ ਮੰਤਰੀ ਨੇ ਪਿਛਲੀ ਬਾਦਲ ਸਰਕਾਰ ਵਲੋਂ ਜਨਤਾ ਦੀ ਭਲਾਈ ਲਈ ਸ਼ੁਰੂ ਕੀਤੀਆਂ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਲੋਕਾਂ ਨੂੰ ਹੋਰ ਸਹੂਲਤਾਂ ਨਹੀਂ ਦੇ ਸਕਦੀ ਤਾਂ ਉਹ ਮਿਲ ਰਹੀਆਂ ਸਹੂਲਤਾਂ ਨੂੰ ਵੀ ਬੰਦ ਕਰਨ ਦੀ ਹੱਕਦਾਰ ਨਹੀਂ। ਉਨ੍ਹਾਂ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਜਨਤਾ ਕੈਪਟਨ ਸਰਕਾਰ ਨੂੰ ਅਜਿਹਾ ਸਬਕ ਸਿਖਾ ਦੇਵੇਗੀ ਕਿ ਉਸ ਨੂੰ ਅਜਿਹੇ 'ਫਰਾਡੀ' ਮੰਤਰੀਆਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਪਵੇਗਾ।
ਸ਼ਿਵ ਸੈਨਿਕਾਂ ਨੇ ਚੌਰਾਹੇ 'ਚ ਫੂਕੇ ਗਰਮ ਖਿਆਲੀ ਨੇਤਾਵਾਂ ਦੇ ਪੁਤਲੇ
NEXT STORY