ਲੁਧਿਆਣਾ, (ਮਹੇਸ਼)- ਸ਼ਿਵ ਸੈਨਾ (ਹਿੰਦੁਸਤਾਨ) ਵਪਾਰ ਸੈਨਾ ਦੇ ਪ੍ਰਦੇਸ਼ ਪ੍ਰਧਾਨ ਚੰਦਰ ਕਾਂਤ ਚੱਢਾ ਦੀ ਪ੍ਰਧਾਨਗੀ 'ਚ ਐਤਵਾਰ ਨੂੰ ਸੈਂਕੜੇ ਸ਼ਿਵ ਸੈਨਿਕਾਂ ਨੇ ਰੇਖੀ ਸਿਨੇਮਾ ਕੋਲ ਚੌਰਾਹੇ 'ਚ ਕੱਟੜਵਾਦੀ ਗਰਮ ਖਿਆਲੀ ਦਲ ਦੇ ਨੇਤਾਵਾਂ ਦਾ ਪੁਤਲਾ ਫੂਕ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ।
ਚੱਢਾ ਨੇ ਕਿਹਾ ਕਿ ਇਹ ਕਥਿਤ ਨੇਤਾ ਸੋਸ਼ਲ ਮੀਡੀਆ 'ਤੇ ਸਿੱਖ ਰਿਫਰੈਂਡਮ 2020 ਮੁਹਿੰਮ ਦੀ ਸਰਗਰਮੀ ਵਧਾ ਕੇ ਪੰਜਾਬ ਨੂੰ ਫਿਰ ਤੋਂ ਅੱਤਵਾਦ ਦੀ ਭੱਠੀ 'ਚ ਝੋਕਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ 'ਤੇ ਅਜੇ ਤੱਕ ਨਾ ਤਾਂ ਸਰਕਾਰ ਹੀ ਕੋਈ ਪਾਬੰਦੀ ਲਾ ਸਕੀ ਹੈ ਅਤੇ ਨਾ ਹੀ ਪ੍ਰਸ਼ਾਸਨ। ਇਸ ਮੌਕੇ ਸ਼ਿਵ ਸੈਨਿਕਾਂ ਨੇ ਅੱਤਵਾਦੀ ਸੰਗਠਨਾਂ ਬੱਬਰ ਖਾਲਸਾ ਇੰਟਰਨੈਸ਼ਨਲ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਚੱਢਾ ਨੇ ਕਿਹਾ ਕਿ ਪਿਛਲੇ ਦੋ ਸਾਲਾਂ 'ਚ ਅੱਧੀ ਦਰਜਨ ਤੋਂ ਵੱਧ ਹਿੰਦੂ ਨੇਤਾਵਾਂ ਦੀਆਂ ਹੱਤਿਆਵਾਂ ਕਰਵਾ ਕੇ ਪੰਜਾਬ 'ਚ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਤੋਂ ਅਜੇ ਹਿੰਦੂ ਸਮਾਜ ਉੱਭਰਿਆ ਨਹੀਂ ਹੈ ਕਿ ਪਾਕਿਸਤਾਨ ਦੀ ਨਾਪਾਕ ਏਜੰਸੀ ਇਸਲਾਮਿਕ ਫਰੰਟ, ਬੱਬਰ ਖਾਲਸਾ ਇੰਟਰਨੈਸ਼ਨਲ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਵਿਦੇਸ਼ਾਂ 'ਚ ਬੈਠੇ ਅੱਤਵਾਦੀਆਂ ਦੀ ਸ਼ਹਿ 'ਤੇ ਲਗਾਤਾਰ ਸੋਸ਼ਲ ਨੈੱਟਵਰਕ ਰਾਹੀਂ ਦੇਸ਼ ਦੇ ਖਿਲਾਫ ਵੱਡੇ ਪੱਧਰ 'ਤੇ ਸਾਜ਼ਿਸ਼ਾਂ ਰਚ ਰਿਹਾ ਹੈ। ਚੱਢਾ ਨੇ ਪੰਜਾਬ ਸਰਕਾਰ, ਜ਼ਿਲਾ ਤੇ ਪੁਲਸ ਪ੍ਰਸ਼ਾਸਨ 'ਤੇ ਦੋਗਲੀ ਨੀਤੀ ਅਪਨਾਉਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਦੇਸ਼ ਤੇ ਹਿੰਦੂ ਹਿੱਤ 'ਚ ਬੋਲਣ ਵਾਲੇ ਹਿੰਦੂ ਨੇਤਾਵਾਂ 'ਤੇ ਮੁਕੱਦਮੇ ਦਰਜ ਕਰਨ ਵਾਲਾ ਪੁਲਸ ਪ੍ਰਸ਼ਾਸਨ ਸੋਸ਼ਲ ਨੈੱਟਵਰਕ 'ਤੇ ਖਾਲਿਸਤਾਨੀ ਅੱਤਵਾਦੀਆਂ ਦਾ ਸਮਰਥਨ ਕਰਨ ਵਾਲਿਆਂ ਤੇ ਰਿਫਰੈਂਡਮ 2020 ਅਭਿਆਨ ਚਲਾ ਕੇ ਨੌਜਵਾਨਾਂ ਨੂੰ ਭੜਕਾਉਣ ਤੇ ਦੇਸ਼ ਦੇ ਟੁਕੜੇ ਕਰਨ ਵਾਲਿਆਂ 'ਤੇ ਸਖ਼ਤੀ ਵਰਤਣ ਦੀ ਬਜਾਏ ਮੂਕ ਦਰਸ਼ਕ ਬਣਿਆ ਹੋਇਆ ਹੈ। ਉਨ੍ਹਾਂ ਨੇ ਰਾਜ ਦੇ ਗਵਰਨਰ, ਮੁੱਖ ਮੰਤਰੀ, ਗ੍ਰਹਿ ਮੰਤਰਾਲੇ ਤੇ ਡੀ. ਜੀ. ਪੀ. ਪੰਜਾਬ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਗਰਮ ਖਿਆਲੀ ਦਲ ਦੇ ਇਨ੍ਹਾਂ ਕਥਿਤ ਨੇਤਾਵਾਂ ਵਰਗੇ ਦੇਸ਼ ਦੇ ਗੱਦਾਰਾਂ 'ਤੇ ਨੈਸ਼ਨਲ ਸਕਿਓਰਟੀ ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਅੱਤਵਾਦੀਆਂ ਨੂੰ ਮੂੰਹ-ਤੋੜ ਜਵਾਬ ਦਿੱਤਾ ਜਾਵੇ, ਉਥੇ ਉਨ੍ਹਾਂ ਨੇ ਕੈਨੇਡਾ 'ਚ ਬੈਠੇ ਅੱਤਵਾਦੀਆਂ ਦੇ ਸਮਰਥਕ ਤੇ ਰਿਫਰੈਂਡਮ 2020 ਦੇ ਮੁਖੀ 'ਤੇ ਵੀ ਨੱਥ ਕੱਸਣ ਦੀ ਮੰਗ ਕੀਤੀ। ਚੱਢਾ ਨੇ ਕਿਹਾ ਕਿ 35000 ਬੇਗੁਨਾਹਾਂ, ਸੈਨਾ ਤੇ ਪੰਜਾਬ ਪੁਲਸ ਦੇ ਵੀਰ ਜਵਾਨਾਂ ਦੀ ਸ਼ਹਾਦਤ ਦੇ ਬਾਅਦ ਸਥਾਪਤ ਹੋਈ ਅਮਨ ਤੇ ਸ਼ਾਂਤੀ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸੰਗਠਨ ਦੇ ਪ੍ਰਦੇਸ਼ ਉਪ ਪ੍ਰਧਾਨ ਮਨੋਜ ਟਿੰਕੂ, ਵਪਾਰ ਸੈਨਾ ਦੇ ਜ਼ਿਲਾ ਪ੍ਰਧਾਨ ਸੁਸ਼ੀਲ ਅਰੋੜਾ ਟਿੰਕੂ, ਸ਼ਹਿਰੀ ਪ੍ਰਧਾਨ ਗਗਨ ਕੁਮਾਰ ਗਗੀ, ਲੀਗਲ ਸੈੱਲ ਦੇ ਜ਼ਿਲਾ ਪ੍ਰਧਾਨ ਐਡਵੋਕੇਟ ਨਿਤਿਨ ਘੰਡ, ਵਰਿੰਦਰ ਗੁੰਬਰ, ਸਮਾਜ ਸੇਵਕ ਗੌਤਮ ਸੂਦ, ਗੌਰਵ ਕੁਮਾਰ, ਲੱਕੀ ਕੁਮਾਰ, ਸਾਹਿਲ ਕਸ਼ਿਅਪ, ਆਕਾਸ਼ ਵਰਮਾ, ਕਰਨ ਜਾਂਡਾ, ਕੇਸ਼ਵ ਬਾਂਸਲ, ਲਛਮਣ ਯਾਦਵ, ਰਾਕੇਸ਼ ਗਾਂਧੀ, ਸੰਜੀਵ ਰਿਹਾਨ ਤੇ ਹੋਰ ਮੌਜੂਦ ਸਨ।
ਚੋਣ ਜਿੱਤਣ ਲਈ ਸੁਖਬੀਰ ਪੰਜਾਬ ਦੀ ਰਜਿਸਟਰੀ ਪਾਕਿ ਨੂੰ ਕਰਵਾ ਸਕਦੇ : ਮਨਪ੍ਰੀਤ
NEXT STORY