ਬਾਲਿਆਂਵਾਲੀ (ਸ਼ੇਖਰ)-ਬੀਤੇ ਦਿਨੀਂ ਰਾਮਨਿਵਾਸ ਪਿੰਡ ਦੇ ਨੌਜਵਾਨ ਠਾਣਾ ਸਿੰਘ ਦੀ ਬਿਜਲੀ ਦੇ ਕਰੰਟ ਲੱਗਣ ਨਾਲ ਹੋਈ ਮੌਤ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਇਸ ਮਸਲੇ ਸਬੰਧੀ ਬਿਜਲੀ ਅਧਿਕਾਰੀਆਂ ਖਿਲਾਫ ਕਾਰਵਾਈ ਕਰਵਾਉਣ ਲਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਮਜ਼ਦੂਰਾਂ-ਕਿਸਾਨਾਂ ਤੇ ਪਰਿਵਾਰਕ ਮੈਂਬਰਾਂ ਵਲੋਂ ਥਾਣਾ ਬਾਲਿਆਂਵਾਲੀ ਅੱਗੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਅਤੇ ਭਾਕਿਯੂ-ਉਗਰਾਹਾਂ ਦੇ ਮਾ. ਬਾਬੂ ਸਿੰਘ ਬਲਾਕ ਖਜ਼ਾਨਚੀ ਨੇ ਕਿਹਾ ਕਿ ਪਿੰਡ ਦੇ ਲੋਕਾਂ ਨੇ ਕਈ ਵਾਰ ਜੇ.ਈ. ਗੁਰਚਰਨ ਸਿੰਘ ਨੂੰ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਾਰਨ ਉੱਚੀਆਂ ਚੁੱਕਣ ਲਈ ਕਿਹਾ ਸੀ ਪਰ ਉਸ ਨੇ ਵਾਅਦਾ ਕਰ ਕੇ ਵੀ ਤਾਰਾਂ ਉੱਚੀਆਂ ਨਹੀਂ ਚੁੱਕੀਆਂ ਜਿਸ ਕਾਰਨ ਤਾਰਾਂ ਨਾਲ ਲੱਗ ਕੇ ਠਾਣਾ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪੁਲਸ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਤੋਂ ਟਾਲਾ ਵੱਟ ਰਹੀ ਹੈ ਅਤੇ ਮ੍ਰਿਤਕ ਦਾ ਅੰਤਿਮ ਸੰਸਕਾਰ ਕਰਨ ਲਈ ਪਰਿਵਾਰ 'ਤੇ ਦਬਾਅ ਪਾ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀ ਅਧਿਕਾਰੀਆਂ ਵਿਰੁੱਧ ਮਾਮਲਾ ਦਰਜ ਨਾ ਕੀਤਾ ਗਿਆ ਤਾਂ 29 ਜਨਵਰੀ ਤੋਂ ਥਾਣੇ ਅੱਗੇ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਲਾਇਆ ਜਾਵੇਗਾ।
ਇਸ ਮੌਕੇ ਜ਼ਿਲਾ ਕਨਵੀਨਰ ਗੁਰਮੇਲ ਸਿੰਘ, ਜ਼ਿਲਾ ਕਮੇਟੀ ਮੈਂਬਰ ਤੀਰਥ ਸਿੰਘ, ਭਾਕਿਯੂ-ਉਗਰਾਹਾਂ ਦੇ ਹਰੀ ਸਿੰਘ ਰਾਮਨਿਵਾਸ, ਪਰਮਜੀਤ ਕੌਰ ਕੋਟੜਾ ਤੋਂ ਇਲਾਵਾ ਮੱਖਣ ਸਿੰਘ ਮੰਡੀ ਕਲਾਂ, ਗੁਰਤੇਜ ਸਿੰਘ ਢੱਡੇ, ਪਵਨ ਕੁਮਾਰ ਕੋਟੜਾ, ਜਗਸੀਰ ਸਿੰਘ, ਨਹਿਰੂ ਸਿੰਘ ਸਮੇਤ ਦਰਜਨਾਂ ਮਜ਼ਦੂਰ ਕਿਸਾਨ ਹਾਜ਼ਰ ਸਨ। ਇਸ ਮਾਮਲੇ ਸਬੰਧੀ ਜੇ.ਈ. ਗੁਰਚਰਨ ਸਿੰਘ ਨੇ ਕਿਹਾ ਕਿ ਨੌਜਵਾਨ ਦੀ ਮੌਤ ਉਸ ਦੀ ਆਪਣੀ ਅਣਗਹਿਲੀ ਨਾਲ ਹੋਈ ਹੈ ਅਤੇ ਥਾਣਾ ਬਾਲਿਆਂਵਾਲੀ ਦੀ ਪੁਲਸ ਦਾ ਕਹਿਣਾ ਸੀ ਕਿ ਉਹ ਕਾਨੂੰਨ ਅਨੁਸਾਰ ਆਪਣਾ ਕੰਮ ਕਰ ਰਹੇ ਹਨ ।
ਜੇ. ਈ. ਭਰਤੀ ਕਰਵਾਉਣ ਦੇ ਨਾਂ 'ਤੇ 8 ਲੱਖ ਠੱਗੇ
NEXT STORY