ਸ੍ਰੀ ਕੀਰਤਪੁਰ ਸਾਹਿਬ(ਬਾਲੀ)— ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਜਲ ਘਰ ਅਤੇ ਜਲ ਸ਼ੁੱਧੀਕਰਨ ਕੇਂਦਰ ਸ੍ਰੀ ਕੀਰਤਪੁਰ ਸਾਹਿਬ ਵਿਖੇ ਲੱਖਾਂ ਰੁਪਏ ਖਰਚ ਕੇ 17 ਸਾਲ ਪਹਿਲਾਂ ਜਨਰੇਟਰ ਲਿਆਂਦਾ ਗਿਆ ਸੀ, ਜੋ ਵਰਤੋਂ ਵਿਚ ਨਾ ਆਉਣ ਕਰਕੇ ਸਫੈਦ ਹਾਥੀ ਬਣ ਗਿਆ ਹੈ। ਜਦੋਂ ਵੀ ਬਿਜਲੀ ਜਾਂਦੀ ਹੈ ਤਾਂ ਇਲਾਕੇ ਵਿਚ ਪਾਣੀ ਦੀ ਸਪਲਾਈ ਠੱਪ ਹੋ ਜਾਂਦੀ ਹੈ। ਜਾਣਕਾਰੀ ਅਨੁਸਾਰ 300 ਸਾਲਾ ਖਾਲਸਾ ਸਾਜਨਾ ਦਿਵਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਿੰਡ ਕਲਿਆਣਪੁਰ ਦੀ ਜ਼ਮੀਨ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸ੍ਰੀ ਕੀਰਤਪੁਰ ਸਾਹਿਬ, ਕਲਿਆਣਪੁਰ, ਗਰਾਮੌੜਾ ਤੱਕ ਪਾਣੀ ਦੀ ਸਪਲਾਈ ਦੇਣ ਲਈ ਉਕਤ ਕੇਂਦਰ ਦਾ ਨਿਰਮਾਣ ਕੀਤਾ ਗਿਆ ਸੀ। ਇਸ ਸਮੇਂ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਅਧੀਨ ਆਉਂਦੇ 5 ਪਿੰਡ ਸਮੇਤ ਗਰਾਮੌੜਾ ਦੇ 10 ਪਿੰਡਾਂ ਨੂੰ ਪਾਣੀ ਦੀ ਸਪਲਾਈ ਚਾਲੂ ਕੀਤੀ ਗਈ ਹੈ। ਇਸ ਤੋਂ ਇਲਾਵਾ ਗੁ. ਬਾਬਾ ਗੁਰਦਿੱਤਾ ਜੀ, ਗੁ. ਪਤਾਲਪੁਰੀ ਸਾਹਿਬ, ਦਰਗਾਹ ਬਾਬਾ ਬੁੱਢਣ ਸ਼ਾਹ ਨੂੰ ਵੀ ਵੱਖ-ਵੱਖ ਟੈਂਕੀਆਂ ਰਾਹੀਂ ਪਾਣੀ ਦੀ ਸਪਲਾਈ ਦਿੱਤੀ ਗਈ ਹੈ, ਜਦੋਂਕਿ ਨੂਰਪੁਰਬੇਦੀ ਦੇ 45 ਪਿੰਡਾਂ ਨੂੰ ਪਾਣੀ ਦੀ ਸਪਲਾਈ ਇਥੋਂ ਹੀ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਰੋਜ਼ਾਨਾ ਲੱਖਾਂ ਲੀਟਰ ਪੀਣ ਵਾਲੇ ਪਾਣੀ ਦੀ ਸਪਲਾਈ ਉਪਭੋਗਤਾਵਾਂ ਨੂੰ ਦਿੱਤੀ ਜਾਂਦੀ ਹੈ। ਇਸ ਕੰਮ ਲਈ 10 ਤੋਂ ਵੱਧ ਮੋਟਰਾਂ ਲਾਈਆਂ ਗਈਆਂ ਹਨ।
ਸੰਨ 2000 'ਚ ਲੱਖਾਂ ਰੁਪਏ ਖਰਚ ਕੇ 63 ਕਿਲੋਵਾਟ ਦਾ ਸੈਲਫ ਸਟਾਰਟ ਜਨਰੇਟਰ ਲਿਆਂਦਾ ਗਿਆ ਸੀ, ਜਿਸ ਨੂੰ ਮਹਿਕਮੇ ਨੇ ਅੱਜ ਤੱਕ ਚਾਲੂ ਨਹੀਂ ਕੀਤਾ, ਜਿਸ ਕਾਰਨ 17 ਸਾਲਾਂ ਤੋਂ ਬੰਦ ਪਿਆ ਹੋਣ ਕਾਰਨ ਇਹ ਖਰਾਬ ਹੋ ਗਿਆ ਹੈ। ਜਦੋਂ ਵੀ ਬਿਜਲੀ ਜਾਂਦੀ ਹੈ ਤਾਂ ਇਲਾਕੇ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਹੋ ਜਾਂਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇਥੇ ਬਿਜਲੀ ਸਪਲਾਈ 'ਚ ਨੁਕਸ ਪੈਣ ਕਾਰਨ ਪਾਣੀ ਦੀ ਸਪਲਾਈ ਵੀ ਆਮ ਦਿਨਾਂ ਵਾਂਗ ਨਹੀਂ ਰਹੀ ਤੇ ਠੱਪ ਹੋ ਗਈ ਸੀ।
ਝਾੜੀਆਂ ਅਤੇ ਬੂਟੀ ਨੇ ਘੇਰਿਆ ਜਲ ਘਰ:
ਜਲ ਘਰ ਅਤੇ ਸ਼ੁੱਧੀਕਰਨ ਕੇਂਦਰ ਸ੍ਰੀ ਕੀਰਤਪੁਰ ਸਾਹਿਬ ਦੇ ਅੰਦਰ ਅਤੇ ਆਲੇ-ਦੁਆਲੇ ਆਦਮ ਕੱਦ ਝਾੜੀਆਂ ਸਮੇਤ ਬੂਟੀ ਉੱਗੀ ਹੋਈ ਹੈ, ਜਿਸ ਵਿਚ ਕਈ ਤਰ੍ਹਾਂ ਦੇ ਖਤਰਨਾਕ ਜੀਵ-ਜੰਤੂ ਪੈਦਾ ਹੋ ਰਹੇ ਹਨ। ਇਸ ਸਮੇਂ ਜਲ ਸਪਲਾਈ ਘਰ ਜੰਗਲ ਦਾ ਰੂਪ ਧਾਰਨ ਕਰ ਚੁੱੱਕਾ ਹੈ।
ਕੀ ਕਹਿੰਦੇ ਹਨ ਵਿਭਾਗ ਦੇ ਐੱਸ. ਡੀ. ਓ:
ਵਿਭਾਗ ਦੇ ਐੱਸ. ਡੀ. ਓ. ਰਮਨਪ੍ਰੀਤ ਸਿੰਘ ਨੇ ਕਿਹਾ ਕਿ ਜਲ ਸ਼ੁੱਧੀਕਰਨ ਕੇਂਦਰ ਸ੍ਰੀ ਕੀਰਤਪੁਰ ਸਾਹਿਬ ਦੀ ਇਮਾਰਤ ਦੀ ਮੁਰੰਮਤ, ਸਾਫ-ਸਫਾਈ ਕਰਵਾਉਣ ਤੇ ਜਨਰੇਟਰ ਦੀ ਮੁਰੰਮਤ ਕਰਵਾਉਣ ਲਈ ਫੰਡਾਂ ਦੀ ਘਾਟ ਹੈ, ਜਿਸ ਲਈ ਬਾਕਾਇਦਾ ਉੱਚ ਅਧਿਕਾਰੀਆਂ ਨੂੰ ਪੱਤਰ ਵੀ ਲਿਖਿਆ ਗਿਆ ਹੈ। ਫੰਡ ਮਿਲਣ 'ਤੇ ਜਨਰੇਟਰ ਦੀ ਮੁਰੰਮਤ ਕਰਵਾ ਕੇ ਇਸ ਨੂੰ ਚਾਲੂ ਕਰਨ ਦੇ ਨਾਲ-ਨਾਲ ਜਲ ਸਪਲਾਈ ਅਤੇ ਸ਼ੁੱਧੀਕਰਨ ਕੇਂਦਰ ਦੀ ਸਾਫ-ਸਫਾਈ ਵੀ ਕਰਵਾ ਦਿੱਤੀ ਜਾਵੇਗੀ।
ਕਿਸਾਨਾਂ ਦੀ ਅਣਦੇਖੀ ਕਾਰਨ, ਜੋ ਦਿਨ ਅਕਾਲੀਆਂ ਦੇ 8ਵੇਂ ਸਾਲ 'ਚ ਆਏ ਸਨ, ਕਾਂਗਰਸ ਦੇ 8ਵੇਂ ਮਹੀਨੇ 'ਚ ਆ ਜਾਣਗੇ
NEXT STORY