ਬਟਾਲਾ, (ਸੈਂਡੀ)- ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਜੂਨੀਅਰ ਇੰਜੀਨੀਅਰ ਕੇਡਰ ਨਾਲ ਸਬੰਧਤ ਮੰਗਾਂ ਪ੍ਰਤੀ ਟਾਲ-ਮਟੋਲ ਵਾਲਾ ਰਵੱਈਆ ਅਪਣਾਉਣ ਅਤੇ ਮੰਗਾਂ ਦੇ ਨਿਪਟਾਰੇ ਵਿਚ ਕੀਤੀ ਜਾ ਰਹੀ ਬੇਲੋੜੀ ਦੇਰੀ ਕਾਰਨ ਸਮੂਹ ਜੂਨੀਅਰ ਇੰਜੀਨੀਅਰਜ਼ ਵਿਚ ਰੋਸ ਪਾਇਆ ਜਾ ਰਿਹਾ ਹੈ, ਜਿਸ ਨੂੰ ਮੁੱਖ ਰੱਖਦਿਆਂ ਕੌਂਸਲ ਆਫ ਜੂਨੀਅਰ ਇੰਜੀਨੀਅਰ ਪੀ. ਐੱਸ. ਈ. ਬੀ. ਦੀ ਸੂਬਾਈ ਲੀਡਰਸ਼ਿਪ ਦੇ ਫੈਸਲੇ ਅਨੁਸਾਰ ਸੰਘਰਸ਼ ਕਰਨ ਲਈ ਮਜਬੂਰ ਹੋ ਰਹੇ ਹਨ ਅਤੇ ਜਿਸ ਦੇ ਪਹਿਲੇ ਪੜਾਅ ਵਜੋਂ ਸਮੁੱਚੇ ਪੰਜਾਬ ਦੇ ਸਰਕਲ ਦਫ਼ਤਰਾਂ ਅੱਗੇ 14 ਨਵੰਬਰ ਨੂੰ ਰੋਸ ਧਰਨੇ ਦਿੱਤੇ ਜਾਣਗੇ।
ਇਸ ਸਬੰਧੀ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇੰਜੀ. ਬਲਜੀਤ ਸਿੰਘ ਸਿੱਧੂ ਅਤੇ ਇੰਜੀ. ਵਿਮਲ ਕੁਮਾਰ ਜਨਰਲ ਸਕੱਤਰ ਨੇ ਮੀਟਿੰਗ ਦੌਰਾਨ ਦੱਸਿਆ ਕਿ ਪੈਂਡਿੰਗ ਅਹਿਮ ਮੰਗਾਂ ਵਿਚ ਪਾਵਰਕਾਮ ਦੇ ਜੇ. ਈਜ਼ ਦੀ ਮੁੱਢਲੀ ਤਨਖਾਹ 19,770 ਦੇਣਾ, ਨਵੀਂ ਭਰਤੀ 'ਚ ਜੇ. ਈਜ਼ ਨੂੰ ਸਿਰਫ਼ 10,000 ਰੁਪਏ ਤਨਖਾਹ ਦੇਣਾ, ਜਦ ਕਿ ਡਿਊਟੀ 24 ਘੰਟੇ ਦਿੱਤੀ ਜਾ ਰਹੀ ਹੈ, ਮੋਟਰਸਾਈਕਲ ਤੇ ਸਕੂਟਰ ਆਪਣੇ ਖਰਚੇ 'ਤੇ ਵਰਤੋਂ ਕਰਨ ਦੇ ਬਾਵਜੂਦ ਕੋਈ ਭੱਤਾ ਨਹੀਂ ਦਿੱਤਾ ਜਾ ਰਿਹਾ, ਗੱਡੀਆਂ ਦੀ ਘਾਟ ਕਾਰਨ ਕੰਮ ਸਮੇਂ ਸਿਰ ਨਹੀਂ ਹੋ ਰਹੇ, ਬੇ-ਹਿਸਾਬ ਵਰਕ ਲੋਡ ਹੋਣ ਕਰ ਕੇ ਜੇ. ਈਜ਼ ਮਾਨਸਿਕ ਤਨਾਅ ਵਿਚੋਂ ਗੁਜ਼ਰ ਰਹੇ ਹਨ ਆਦਿ ਮੰਗਾਂ ਨੂੰ ਲੈ ਕੇ ਇਹ ਧਰਨਾ ਗੁਰਦਾਸਪੁਰ ਸਰਕਲ ਦਫ਼ਤਰ ਵਿਖੇ ਦਿੱਤਾ ਜਾ ਰਿਹਾ ਹੈ। ਉਨ੍ਹਾਂ ਪਾਵਰਕਾਮ ਮੈਨੇਜਮੈਂਟ ਤੋਂ ਪੁਰਜ਼ੋਰ ਮੰਗ ਕੀਤੀ ਕਿ ਜੇਕਰ ਸਾਡੀਆਂ ਹੱਕੀ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਨਾ ਕੀਤਾ ਗਿਆ, ਤਾਂ ਅਸੀਂ ਆਪਣੇ ਸੰਘਰਸ਼ ਨੂੰ ਤੇਜ਼ ਕਰਨ ਲਈ ਮਜਬੂਰ ਹੋਵਾਂਗੇ। ਇਸ ਮੌਕੇ ਇੰਜੀ. ਜਗਦੀਸ਼ ਸਿੰਘ ਬਾਜਵਾ, ਸਰਕਲ ਕਮੇਟੀ ਆਗੂ ਸਤਨਾਮ ਸਿੰਘ, ਇੰਜੀ. ਗੁਰਚਰਨ ਸਿੰਘ, ਵਿਕਾਸ ਸ਼ਰਮਾ, ਇੰਜੀ. ਤਰਸੇਮ ਲਾਲ, ਇੰਜੀ. ਨਵਜੋਤ ਸਿੰਘ, ਦਵਿੰਦਰ ਸਿੰਘ ਆਦਿ ਮੌਜੂਦ ਸਨ।
ਪੰਜਾਬ ਦੀਆਂ ਖਾਸ ਖਬਰਾਂ ਲਈ ਦੇਖੋ ਜਗ ਬਾਣੀ ਖਬਰਨਾਮਾ
NEXT STORY