ਅਜੀਤਵਾਲ (ਪਵਨ ਗਰੋਵਰ, ਰੱਤੀ) - ਇਸ ਖੇਤਰ ਦੇ ਪਿੰਡ ਕਪੂਰੇ ਦੇ ਵਸਨੀਕ ਖੁਦਕੁਸ਼ੀ ਕਰ ਗਏ ਰਣਜੀਤ ਸਿੰਘ ਦਾ 5ਵੇਂ ਦਿਨ ਅੰਤਿਮ ਸੰਸਕਾਰ ਹੋਣ ਮਗਰੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਤੇ ਉਸ ਦੇ ਪਰਿਵਾਰ ਨੂੰ ਕੈਨੇਡਾ ਭੇਜਣ ਲਈ ਪਿੰਡ ਦੇ ਅਤੇ ਕੁਝ ਹੋਰ ਵਿਅਕਤੀਆਂ ਨੇ 30 ਲੱਖ ਰੁਪਏ ਲਏ ਸਨ ਪਰ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ, ਜਿਸ ਕਰਕੇ ਮਾਨਸਿਕ ਪ੍ਰੇਸ਼ਾਨੀ ਨਾ ਸਹਾਰਦੇ ਹੋਏ ਰਣਜੀਤ ਸਿੰਘ ਨੇ ਬੀਤੀ 26 ਦਸੰਬਰ ਨੂੰ ਖੁਦਕੁਸ਼ੀ ਕਰ ਲਈ ਸੀ ਅਤੇ ਪਰਿਵਾਰ ਇਸ ਮਾਮਲੇ 'ਚ ਨਾਮਜ਼ਦ ਦੋਸ਼ੀਆਂ ਦੀ ਗ੍ਰਿਫਤਾਰੀ ਹੋਣ ਤੱਕ ਅੰਤਿਮ ਸੰਸਕਾਰ ਨਾ ਕਰਨ 'ਤੇ ਅੜਿਆ ਚੱਲਿਆ ਆ ਰਿਹਾ ਸੀ। ਅੱਜ ਐੱਸ. ਪੀ. ਆਈ. ਵਜ਼ੀਰ ਸਿੰਘ ਖੇਹਰਾ ਅਤੇ ਡੀ. ਐੱਸ. ਪੀ. ਧਰਮਕੋਟ ਅਜੈਰਾਜ ਸਿੰਘ ਨੇ ਅੰਤਿਮ ਰਸਮਾਂ ਮੌਕੇ ਪਹੁੰਚ ਕੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਪੁਲਸ ਵਿਭਾਗ ਪੀੜਤ ਪਰਿਵਾਰ ਨੂੰ ਇਨਸਾਫ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮਾਮਲੇ 'ਚ ਨਾਮਜ਼ਦ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਜ਼ਿਲਾ ਪੁਲਸ ਕਪਤਾਨ ਵੱਲੋਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਅੰਤਿਮ ਸੰਸਕਾਰ ਵੇਲੇ ਵੱਡੀ ਗਿਣਤੀ 'ਚ ਪੁਲਸ ਵਿਭਾਗ ਦੇ ਅਧਿਕਾਰੀ ਅਤੇ ਪਿੰਡ ਵਾਸੀ ਹਾਜ਼ਰ ਸਨ।
ਕਰਜ਼ਾ ਮੁਆਫੀ ਦੀ ਤਿਆਰੀ ਤੋਂ ਪਹਿਲਾਂ ਕਿਸਾਨ ਹੋਏ ਖੱਜਲ ਖੁਆ
NEXT STORY