ਚੰਡੀਗੜ੍ਹ(ਅਸ਼ਵਨੀ)- ਕਾਂਗਰਸ ਨੂੰ ਅਲਵਿਦਾ ਕਹਿਣ ਦਾ ਐਲਾਨ ਕਰਨ ਤੋਂ ਬਾਅਦ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਨੇਤਾਵਾਂ ’ਤੇ ਹਮਲਾਵਰ ਹਨ। ਲਗਾਤਾਰ ਦੂਜੇ ਦਿਨ ਸ਼ਨੀਵਾਰ ਨੂੰ ਕੈਪਟਨ ਨੇ ਕਾਂਗਰਸੀ ਨੇਤਾਵਾਂ ’ਤੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਪੂਰੀ ਕਾਂਗਰਸ ਹੀ ਨਵਜੋਤ ਸਿੰਘ ਸਿੱਧੂ ਦੀ ਡਰਾਮੇਬਾਜ਼ੀ ਦੇ ਰੰਗ ਵਿਚ ਰੰਗ ਗਈ ਹੈ। ਕੈਪਟਨ ਨੇ ਇਹ ਟਿੱਪਣੀ ਕਾਂਗਰਸੀ ਨੇਤਾ ਰਣਦੀਪ ਸਿੰਘ ਸੁਰਜੇਵਾਲਾ ਦੇ ਇਕ ਬਿਆਨ ਦੇ ਸੰਦਰਭ ’ਚ ਕੀਤੀ। ਰਣਦੀਪ ਸੁਰਜੇਵਾਲਾ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਕਾਂਗਰਸ ਦੇ 79 ਵਿਧਾਇਕਾਂ ਵਿਚੋਂ 78 ਨੇ ਪਾਰਟੀ ਲੀਡਰਸ਼ਿਪ ਨੂੰ ਪੱਤਰ ਲਿਖ ਕੇ ਕੈਪਟਨ ਅਮਰਿੰਦਰ ਨੂੰ ਹਟਾਉਣ ਦੀ ਮੰਗ ਕੀਤੀ ਸੀ। ਇਸ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਨੇਤਾਵਾਂ ’ਤੇ ਝੂਠ ਬੋਲਣ ਦੀ ਗੱਲ ਕਹਿੰਦਿਆਂ ਫਟਕਾਰ ਲਗਾਈ। ਇਕ ਦਿਨ ਪਹਿਲਾਂ ਹਰੀਸ਼ ਰਾਵਤ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਸੀ ਕਿ 43 ਵਿਧਾਇਕਾਂ ਨੇ ਇਸ ਮੁੱਦੇ ’ਤੇ ਆਲਾਕਮਾਨ ਨੂੰ ਪੱਤਰ ਲਿਖਿਆ ਸੀ।
ਕੈਪਟਨ ਨੇ ਇਨ੍ਹਾਂ ਦੋਵਾਂ ਨੇਤਾਵਾਂ ਦੇ ਆਪਸ ਵਿਚ ਵਿਰੋਧੀ ਨੰਬਰਾਂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਦੀ ਬਿਆਨਬਾਜ਼ੀਆਂ ਨੂੰ ਤਰੁਟੀਆਂ ਦੀ ਕਾਮੇਡੀ ਕਰਾਰ ਦਿੱਤਾ। ਕੈਪਟਨ ਨੇ ਇਹ ਵੀ ਕਿਹਾ ਕਿ ਅੱਗੇ ਕਾਂਗਰਸੀ ਨੇਤਾ ਦਾਅਵਾ ਕਰਨਗੇ ਕਿ 117 ਵਿਧਾਇਕਾਂ ਨੇ ਉਨ੍ਹਾਂ ਖਿਲਾਫ਼ ਲਿਖਿਆ ਸੀ। ਕੈਪਟਨ ਨੇ ਟਿੱਪਣੀ ਕਸਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਇਹ ਹਾਲਤ ਹੈ ਕਿ ਝੂਠ ਬੋਲਣ ਤੋਂ ਪਹਿਲਾਂ ਤਾਲਮੇਲ ਵੀ ਨਹੀਂ ਬਿਠਾਉਂਦੇ।
ਇਹ ਵੀ ਪੜ੍ਹੋ- ਪੰਜਾਬ ’ਚ ਕੈਪਟਨ ਤੇ ਭਾਜਪਾ ’ਚ 62:55 ਦੀ ਇਕਵੇਸ਼ਨ ’ਤੇ ਬਣ ਸਕਦੀ ਹੈ ਸਹਿਮਤੀ
43 ਵਿਧਾਇਕਾਂ ਦੇ ਹਸਤਾਖਰ ਵੀ ਦਬਾਅ ’ਚ ਕਰਵਾਏ ਗਏ
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿਚ ਸੱਚਾਈ ਇਹ ਹੈ ਕਿ ਜਿਨ੍ਹਾਂ 43 ਵਿਧਾਇਕਾਂ ਦੇ ਪੱਤਰ ’ਤੇ ਹਸਤਾਖਰ ਕੀਤੇ, ਉਨ੍ਹਾਂ ’ਤੇ ਦਬਾਅ ਪਾ ਕੇ ਹਸਤਾਖਰ ਕਰਨ ਨੂੰ ਮਜਬੂਰ ਕੀਤਾ ਗਿਆ ਸੀ। ਕਾਂਗਰਸ ਹੁਣ ਪੂਰੀ ਤਰ੍ਹਾਂ ਦਹਿਸ਼ਤ ਦੀ ਸਥਿਤੀ ਵਿਚ ਹੈ, ਜੋ ਉਸ ਦੇ ਨੇਤਾਵਾਂ ਦੇ ਬਿਆਨਾਂ ਤੋਂ ਸਪੱਸ਼ਟ ਹੈ। ਇਹ ਵੇਖ ਕੇ ਦੁੱਖ ਹੁੰਦਾ ਹੈ ਕਿ ਕਿਸ ਤਰ੍ਹਾਂ ਆਪਣੇ ਗਲਤ ਕੰਮਾਂ ਨੂੰ ਠੀਕ ਠਹਿਰਾਉਣ ਲਈ ਖੁਲ੍ਹੇਆਮ ਝੂਠ ਦਾ ਸਹਾਰਾ ਲਿਆ ਜਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ, ਇਹ ਪੂਰਾ ਮਾਮਲਾ ਨਵਜੋਤ ਸਿੰਘ ਸਿੱਧੂ ਦੇ ਇਸ਼ਾਰੇ ’ਤੇ ਕੁੱਝ ਨੇਤਾਵਾਂ ਅਤੇ ਵਿਧਾਇਕਾਂ ਵਲੋਂ ਚਲਾਇਆ ਜਾ ਰਿਹਾ ਹੈ, ਜਿਨ੍ਹਾਂ ਨੂੰ ਕਿਸੇ ਅਣਪਛਾਤੇ ਕਾਰਨਾਂ ਕਰਕੇ ਪਾਰਟੀ ਹਾਈਕਮਾਨ ਨੇ ਪੰਜਾਬ ਕਾਂਗਰਸ ਵਿਚ ਆਪਣੀ ਮਨਮਾਨੀ ਕਰਨ ਦੀ ਛੋਟ ਦਿੱਤੀ ਹੋਈ ਹੈ।
ਕੈਪਟਨ ਨੇ ਕਿਹਾ ਕਿ ਹਰੀਸ਼ ਰਾਵਤ ਨੇ ਬਰਗਾੜੀ ਵਰਗੇ ਸੰਵੇਦਨਸ਼ੀਲ ਅਤੇ ਭਾਵਨਾਤਮਕ ਮੁੱਦੇ ਅਤੇ ਉਸ ਤੋਂ ਬਾਅਦ ਪੁਲਸ ਫਾਇਰਿੰਗ ਦੇ ਮਾਮਲਿਆਂ ਵਿਚ ਵੀ ਝੂਠ ਬੋਲਿਆ ਹੈ, ਜਿਸ ਦਾ ਖਾਮਿਆਜ਼ਾ ਪਾਰਟੀ ਨੂੰ ਆਗਾਮੀ ਚੋਣਾਂ ਵਿਚ ਭੁਗਤਣਾ ਪਵੇਗਾ। ਜੇਕਰ ਬਾਦਲ ਦੇ ਨਾਲ ਉਨ੍ਹਾਂ ਦਾ ਹੱਥ ਮਿਲਿਆ ਹੁੰਦਾ, ਤਾਂ ਉਹ 13 ਸਾਲ ਤੋਂ ਬਾਦਲਾਂ ਖਿਲਾਫ਼ ਕੋਰਟ ਵਿਚ ਲੜਾਈ ਨਹੀਂ ਲੜ ਰਹੇ ਹੁੰਦੇ। ਸੱਚ ਤਾਂ ਇਹ ਵੀ ਹੈ ਕਿ ਇਸ ਲੜਾਈ ਦੌਰਾਨ ਪਾਰਟੀ ਦਾ ਕੋਈ ਵੀ ਨੇਤਾ ਉਨ੍ਹਾਂ ਦੇ ਨਾਲ ਨਹੀਂ ਆਇਆ।
ਉਨ੍ਹਾਂ ਕਿਹਾ ਕਿ 2017 ਤੋਂ ਬਾਅਦ ਤੋਂ, ਕਾਂਗਰਸ ਨੇ ਸਰਕਾਰ ਦੀ ਅਗਵਾਈ ਵਿਚ ਪੰਜਾਬ ਵਿਚ ਹਰ ਚੋਣਾਂ ਵਿਚ ਜਿੱਤ ਹਾਸਲ ਕੀਤੀ, ਜੋ ਪਾਰਟੀ ਅਗਵਾਈ ਵਲੋਂ ਕੀਤੇ ਜਾ ਰਹੇ ਦਾਅਵਿਆਂ ਦੇ ਬਿਲਕੁਲ ਉਲਟ ਸੀ। ਪਿਛਲੀਆਂ ਵਿਧਾਨਸਭਾ ਚੋਣਾਂ ਵਿਚ ਪਾਰਟੀ ਨੇ 77 ਸੀਟਾਂ ਜਿੱਤੀਆਂ ਸਨ। 2019 ਦੀਆਂ ਉਪ ਚੋਣਾਂ ਵਿਚ, ਕਾਂਗਰਸ ਨੇ 4 ਵਿਚੋਂ 3 ਸੀਟਾਂ ਜਿੱਤੀਆਂ, ਇੱਥੋਂ ਤੱਕ ਕਿ ਸੁਖਬੀਰ ਬਾਦਲ ਦੇ ਗੜ੍ਹ ਜਲਾਲਾਬਾਦ ਤੋਂ ਵੀ ਜਿੱਤ ਹਾਸਲ ਕੀਤੀ। 2019 ਦੀਆਂ ਲੋਕਸਭਾ ਚੋਣਾਂ ਵਿਚ ਵੀ ਪਾਰਟੀ ਨੇ ਦੇਸ਼ ਵਿਚ ਭਾਜਪਾ ਦੀ ਭਾਰੀ ਲਹਿਰ ਦੇ ਬਾਵਜੂਦ 13 ਵਿਚੋਂ 8 ਸੀਟਾਂ ’ਤੇ ਜਿੱਤ ਹਾਸਲ ਕੀਤੀ ਅਤੇ ਹਾਲ ਹੀ ਵਿਚ ਇਸ ਸਾਲ ਫਰਵਰੀ ਵਿਚ, 7 ਨਗਰ ਨਿਗਮ ਚੋਣਾਂ ਵਿਚ, ਕਾਂਗਰਸ ਨੇ 350 ਵਿਚੋਂ 281 ਸੀਟਾਂ (80.28 ਫੀਸਦੀ) ’ਤੇ ਜਿੱਤ ਹਾਸਲ ਕੀਤੀ, ਨਾਲ ਹੀ ਨਗਰ ਕੌਂਸਲਰ ਚੋਣਾਂ ਵਿਚ, ਪਾਰਟੀ ਨੇ 109 ਐੱਮ.ਸੀ. ਦੇ 97 ’ਤੇ ਜਿੱਤ ਹਾਸਲ ਕੀਤੀ। ਇਸ ਜਿੱਤ ਦੇ ਅੰਕੜਿਆਂ ਤੋਂ ਸਾਫ਼ ਹੈ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਤੋਂ ਭਰੋਸਾ ਨਹੀਂ ਗੁਆਇਆ ਸੀ, ਜਿਵੇਂ ਕਿ ਸੁਰਜੇਵਾਲ ਨੇ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ- ਗੁਰਲਾਲ ਹੱਤਿਆ ਕਾਂਡ : ਘਟਨਾ ਤੋਂ ਇਕ ਦਿਨ ਪਹਿਲਾਂ ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਲੋਕਾਂ ਦੀ ਜਲਦ ਹੋਵੇਗੀ ਪਛਾਣ
ਬੇਅਦਬੀ ਮਾਮਲਿਆਂ ਵਿਚ ਕਾਰਵਾਈ ਨਾ ਹੋਣ ਦਾ ਕੂੜ ਪ੍ਰਚਾਰ ਸਿੱਧੂ ਨੇ ਕੀਤਾ
ਬੇਅਦਬੀ ਮਾਮਲਿਆਂ ਵਿਚ ਕਾਰਵਾਈ ਨਾ ਕਰਨ ਦੇ ਦੋਸ਼ਾਂ ਨੂੰ ਖਾਰਿਜ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮਾਰਚ, 2017 ਵਿਚ ਕਾਰਜਭਾਰ ਸੰਭਾਲਣ ਤੋਂ ਬਾਅਦ, ਉਨ੍ਹਾਂ ਦੀ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸਾਰੇ 3 ਪ੍ਰਮੁੱਖ ਮਾਮਲਿਆਂ ਨੂੰ ਸੁਲਝਾਉਣ ਵਿਚ ਸਫ਼ਲ ਰਹੀ, ਜੋ ਜੂਨ-ਅਕਤੂਬਰ 2015 ਦੇ ਵਿਚ ਹੋਏ ਸਨ। ਦਰਅਸਲ, ਬੇਅਦਬੀ ਦੀਆਂ ਘਟਨਾਵਾਂ ਲਈ ਲੋੜੀਂਦੇ 3 ਮੁੱਖ ਮੁਲਜ਼ਮ (ਮੋਹਿੰਦਰ ਪਾਲ ਉਰਫ਼ ਬਿੱਟੂ, ਸੁਖਜਿੰਦਰ ਸਿੰਘ ਉਰਫ਼ ਸਨੀ ਅਤੇ ਸ਼ਕਤੀ ਸਿੰਘ) ਨੂੰ 5 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਹ ਵੀ ਕਾਂਗਰਸ ਸਰਕਾਰ ਦੇ ਸੱਤਾ ਵਿਚ ਆਉਣ ਦੇ 16 ਮਹੀਨੇ ਦੇ ਅੰਦਰ। ਇਸ ਤੋਂ ਇਲਾਵਾ, ਕੋਟਕਪੂਰਾ ਅਤੇ ਬਹਿਬਲ ਕਲਾਂ ਫਾਇਰਿੰਗ ਮਾਮਲਿਆਂ ਵਿਚ, ਕਾਂਗਰਸ ਵਲੋਂ ਰਾਜ ਦੀ ਵਾਗਡੋਰ ਸੰਭਾਲਣ ਦੇ 2 ਸਾਲ ਦੇ ਅੰਦਰ, ਆਈ.ਜੀ.ਪੀ. ਪਰਮਰਾਜ ਉਮਰਾਨੰਗਲ ਅਤੇ ਐੱਸ.ਐੱਸ.ਪੀ. ਚੰਦਰਜੀਤ ਸ਼ਰਮਾ ਸਮੇਤ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਮਾਮਲੇ ਵਿਚ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਅਤੇ ਸਾਬਕਾ ਵਿਧਾਇਕ ਮੰਤਰ ਸਿੰਘ ਬਰਾੜ ਸਮੇਤ ਕਰੀਬ 12 ਲੋਕਾਂ ਨੂੰ ਨਾਮਜ਼ਦ ਕਰਕੇ ਚਾਰਜਸ਼ੀਟ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਮਾਮਲਿਆਂ ਵਿਚ, 7 ਦੋਸ਼ ਪੱਤਰ ਦਰਜ ਕੀਤੇ ਗਏ ਸਨ ਪਰ ਇਨ੍ਹਾਂ ਵਿਚੋਂ ਕੁੱਝ ਨੂੰ ਹਾਈਕੋਰਟ ਨੇ ਨਕਾਰ ਦਿੱਤਾ। ਇਹ ਸੱਚ ਸਭ ਦੇ ਸਾਹਮਣੇ ਹੈ। ਕੈਪਟਨ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਵਿਚ ਕੋਈ ਕਾਰਵਾਈ ਨਾ ਹੋਣ ਦਾ ਪੂਰਾ ਕੂੜ ਪ੍ਰਚਾਰ ਸਿੱਧੂ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਕੀਤਾ ਗਿਆ ਸੀ, ਜਿਨ੍ਹਾਂ ਦਾ ਇਕਲੌਤਾ ਹਿਤ ਕਿਸੇ ਵੀ ਤਰ੍ਹਾਂ ਸੱਤਾ ਹਥਿਆਉਣਾ ਸੀ।
ਪੰਜਾਬ ’ਚ ਕੈਪਟਨ ਤੇ ਭਾਜਪਾ ’ਚ 62:55 ਦੀ ਇਕਵੇਸ਼ਨ ’ਤੇ ਬਣ ਸਕਦੀ ਹੈ ਸਹਿਮਤੀ
NEXT STORY