ਤਰਨਤਾਰਨ, (ਰਮਨ)- ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਬੀਤੇ ਦਿਨੀਂ ਜ਼ਿਲੇ ਦੀਆਂ ਦੋ ਫਾਇਰ ਬ੍ਰਿਗੇਡ ਗੱਡੀਆਂ ਨੂੰ ਟ੍ਰੇਂਡ ਸਟਾਫ ਦੀ ਘਾਟ ਕਾਰਨ ਅੰਮ੍ਰਿਤਸਰ ਭੇਜ ਦਿੱਤਾ ਗਿਆ ਸੀ ਪਰ ਹਲਕਾ ਵਿਧਾਇਕ ਦੇ ਯਤਨਾਂ ਸਦਕਾ ਤਰਨਤਾਰਨ ਨਗਰ ਕੌਂਸਲ ਦੀ ਫਾਇਰ ਬ੍ਰਿਗੇਡ ਗੱਡੀ ਨੂੰ ਵਾਪਸ ਲਿਆਂਦਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਅਤੇ ਉਨ੍ਹਾਂ ਦੇ ਪੁੱਤਰ ਸੰਦੀਪ ਅਗਨੀਹੋਤਰੀ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਪੱਧਰ 'ਤੇ ਇਕ ਫਾਇਰ ਡਾਇਰੈਕਟੋਰੇਟ ਬਣਾਉਣ ਦਾ ਪਲਾਨ ਕੀਤਾ ਗਿਆ ਸੀ, ਜਿਸ ਦਾ ਮਕਸਦ ਪੰਜਾਬ ਭਰ ਦੇ ਫਾਇਰ ਮੈਨਾਂ ਨੂੰ ਟ੍ਰੇਨਿੰਗ ਦੇਣਾ ਅਤੇ ਨਵੀਂ ਭਰਤੀ ਕਰਨਾ ਸੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਤਰਨਤਾਰਨ ਦੀ ਗੱਡੀ ਨੂੰ ਸਰਕਾਰ ਦੇ ਹੁਕਮਾਂ ਤਹਿਤ ਅੰਮ੍ਰਿਤਸਰ ਭੇਜ ਦਿੱਤਾ ਗਿਆ ਸੀ, ਜਿਸ ਨੂੰ ਉਨ੍ਹਾਂ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਬੀਤੇ ਕੱਲ ਵਿਸ਼ੇਸ਼ ਮੀਟਿੰਗ ਕਰਨ ਉਪਰੰਤ ਤਰਨਤਾਰਨ ਵਾਪਸ ਭੇਜਣ ਦੀ ਪ੍ਰਵਾਨਗੀ ਲੈ ਲਈ ਹੈ। ਡਾ. ਅਗਨੀਹੋਤਰੀ ਨੇ ਦੱਸਿਆ ਕਿ ਨਗਰ ਕੌਂਸਲ ਕੋਲ 9 ਫਾਇਰ ਮੈਨ ਦਾ ਸਟਾਫ ਮੌਜੂਦ ਹੈ, ਜਿਸ ਨੂੰ ਤਨਖਾਹ ਨਗਰ ਕੌਂਸਲ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਕਟਾਈ ਦੇ ਸੀਜ਼ਨ ਦੌਰਾਨ ਅੱਗ ਲੱਗਣ ਦਾ ਖਤਰਾ ਜ਼ਿਆਦਾ ਹੁੰਦਾ ਹੈ, ਜਿਸ ਕਾਰਨ ਉਨ੍ਹਾਂ ਨੇ ਪਹਿਲ ਦੇ ਆਧਾਰ 'ਤੇ ਕਿਸਾਨਾਂ ਤੇ ਸ਼ਹਿਰ ਵਾਸੀਆਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਆਪਣਾ ਫਰਜ਼ ਨਿਭਾਇਆ ਹੈ।
ਟਿੱਪਰ ਟਰਾਲੇ ਤੇ ਟਰੈਕਟਰ-ਟਰਾਲੀ 'ਚ ਜ਼ਬਰਦਸਤ ਟੱਕਰ
NEXT STORY