ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਬੀਤੇ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਸ੍ਰੀ ਕੀਰਤਪੁਰ ਸਾਹਿਬ ਇਲਾਕੇ ਦੇ ਕਈ ਪਿੰਡਾਂ ਵਿਚ ਹੜ੍ਹ ਵਾਲੀ ਸਥਿਤੀ ਬਣ ਗਈ ਹੈ। ਕਈ ਪਿੰਡਾਂ ਦੇ ਸਤਲੁਜ ਦਰਿਆ ਨਾਲ ਲਗਦੇ ਘਰਾਂ ਵਿਚ, ਲੋਕਾਂ ਦੇ ਖੇਤਾਂ ਵਿਚ ਬਾਰਿਸ਼ ਅਤੇ ਸਤਲੁਜ ਦਰਿਆ ਦਾ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਜਿੰਨਾਂ ਲੋਕਾਂ ਦੇ ਘਰਾਂ ਵਿਚ ਪਾਣੀ ਦਾਖ਼ਲ ਹੋਇਆ ਹੈ ਉਹ ਆਪਣੇ ਮਾਲ ਪਸ਼ੂ ਨਾਲ ਸੁਰੱਖਿਅਤ ਥਾਂਵਾਂ ਵੱਲ ਨੂੰ ਚਲ ਪਏ ਹਨ। ਪ੍ਰਸ਼ਾਸਨ ਵੱਲੋਂ ਵੀ ਸਤਲੁਜ ਦਰਿਆ ਦੇ ਪਾਣੀ ਦੀ ਮਾਰ ਹੇਠ ਆਉਣ ਵਾਲੇ ਨਜਦੀਕੀ ਪਿੰਡਾਂ ਦੇ ਲੋਕਾਂ ਨੂੰ ਪਿੰਡ ਖਾਲੀ ਕਰਨ ਲਈ ਕਿਹਾ ਗਿਆ ਹੈ। ਉਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਰਾਹਤ ਕਾਰਜ ਸ਼ੁਰੂ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਮਾਨਸੂਨ ਦੀ ਪਹਿਲੀ ਬਰਸਾਤ ਨੇ ਹੀ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਪਹਿਲੀ ਬਰਸਾਤ ਨੇ ਹੀ ਲੋਕਾਂ ਦੇ ਹੱਥ ਖੜ੍ਹੇ ਕਰਵਾ ਦਿੱਤੇ ਹਨ। ਹੜ੍ਹ ਵਰਗੇ ਅਜਿਹੇ ਹਾਲਾਤ ਸਾਲ 1988 ਵਿਚ ਵੀ ਬਣੇ ਸਨ। ਉਧਰ ਹਲਕਾ ਵਿਧਾਇਕ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਆਪਣੀ ਆਮ ਆਦਮੀ ਪਾਰਟੀ ਦੀ ਟੀਮ ਨੂੰ ਲੋਕਾਂ ਦੀ ਮਦਦ ਕਰਨ ਲਈ ਮੈਦਾਨ ਵਿਚ ਉਤਰ ਆਏ ਹਨ ਅਤੇ ਉਨ੍ਹਾਂ ਨੇ ਆਪਣੇ ਪਾਰਟੀ ਵਰਕਰਾਂ ਨੂੰ ਸਤਲੁਜ ਦਰਿਆ ਅਤੇ ਬਰਸਾਤੀ ਪਾਣੀ ਦੀ ਲਪੇਟ ਵਿਚ ਆਏ ਲੋਕਾਂ ਦੀ ਮਦਦ ਕਰਨ ਦੀ ਹਦਾਇਤ ਜਾਰੀ ਕੀਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹ ਦੇ ਹਾਲਾਤ, ਫਿਲੌਰ ਦੀ ਪੁਲਸ ਅਕੈਡਮੀ 'ਚ ਵੜਿਆ ਪਾਣੀ, ਡੁੱਬੀਆਂ ਗੱਡੀਆਂ
ਪਿੰਡ ਭਗਵਾਲਾ 'ਚ ਦਾਖ਼ਲ ਹੋਇਆ ਪਾਣੀ
ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ 11 ਪਿੰਡ ਭਗਵਾਲਾ ਜਿਸ ਵਿਚ ਕਰੀਬ 123 ਘਰ ਅਤੇ 600 ਦੇ ਕਰੀਬ ਆਬਾਦੀ ਹੈ, ਇਸ ਪਿੰਡ ਦੇ ਪਾਣੀ ਦੀ ਕਿਸੇ ਪਾਸੇ ਨੂੰ ਨਿਕਾਸੀ ਨਾ ਹੋਣ ਕਾਰਨ ਕੁਝ ਘਰਾਂ ਵਿਚ ਬਰਸਾਤੀ ਅਤੇ ਪਹਾੜਾਂ ਦਾ ਪਾਣੀ ਦਾਖ਼ਲ ਹੋ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ 'ਤੇ ਇਸ ਪਿੰਡ ਨੂੰ ਖ਼ਤਰੇ ਵਾਲੇ ਜੋਨ ਵਿਚ ਰੱਖਿਆ ਗਿਆ ਹੈ। ਪਿੰਡ ਭਗਵਾਲਾ ਦੇ ਵਸਨੀਕ ਅਤੇ ਵਾਰਡ ਨੰਬਰ 11 ਦੇ ਐੱਮ. ਸੀ. ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਨੀਵਾਂ ਹੋਣ ਕਾਰਨ ਆਲੇ-ਦੁਆਲੇ ਨੂੰ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੋ ਸਕਦੀ, ਜਿਸ ਕਰਕੇ ਅਨੰਦਪੁਰ ਸਾਹਿਬ ਹਾਈਡਲ ਪ੍ਰਾਜੈਕਟ ਵਾਲਿਆਂ ਵੱਲੋਂ ਬਰਸਾਤੀ ਪਾਣੀ ਨੂੰ ਪੰਪਾਂ ਰਾਹੀਂ ਚੁੱਕ ਕੇ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਵਿਚ ਸੁੱਟਿਆ ਜਾਂਦਾ ਹੈ। ਇਹ ਪੰਪ, ਮੋਟਰਾਂ ਇਸ ਸਮੇਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਅਧੀਨ ਹੈ। ਪਾਣੀ ਚੁੱਕਣ ਲਈ 7 ਪੰਪ ਲਗਾਏ ਗਏ ਹਨ, ਪਰ ਸਿਰਫ਼ ਇੱਕ ਪੰਪ ਚਲਦਾ ਸੀ। ਮੌਕੇ ਉਪਰ ਪੁੱਜੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਅਤੇ ਮਾਰਕੀਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੇ ਐਲਾਨੇ ਚੇਅਰਮੈਨ ਕਮਿੱਕਰ ਸਿੰਘ ਡਾਢੀ ਅਤੇ ਟਰੱਕ ਯੂਨੀਅਨ ਸ੍ਰੀ ਕੀਰਤਪੁਰ ਸਾਹਿਬ ਦੇ ਪ੍ਰਧਾਨ ਸਰਬਜੀਤ ਸਿੰਘ ਭਟੋਲੀ ਨੇ ਦੱਸਿਆ ਕਿ ਉਹ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਹਦਾਇਤਾਂ ਤੇ ਇੱਥੇ ਆਏ ਹਨ। ਉਨ੍ਹਾਂ ਵੱਲੋਂ ਮੌਕਾ ਵੇਖ ਕੇ ਅਧਿਕਾਰੀਆਂ ਨਾਲ ਗੱਲ ਕਰਕੇ 4 ਪੰਪ ਚਾਲੂ ਕਰਵਾ ਦਿੱਤੇ ਗਏ ਹਨ ਅਤੇ ਬੰਦ ਪਏ 3 ਪੰਪਾਂ ਨੂੰ ਜਲਦੀ ਠੀਕ ਕਰਵਾ ਕੇ ਚਾਲੂ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਜਲਦ ਤੋਂ ਜਲਦ ਬਰਸਾਤੀ ਪਾਣੀ ਨਹਿਰ ਵਿਚ ਸੁੱਟਿਆ ਜਾ ਸਕੇ।
ਇਹ ਵੀ ਪੜ੍ਹੋ- ਹੜ੍ਹ ਦਾ ਅਲਰਟ: ਡੀ. ਸੀ. ਵਿਸ਼ੇਸ਼ ਸਾਰੰਗਲ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ, ਦਿੱਤੇ ਸਖ਼ਤ ਨਿਰਦੇਸ਼
ਪਿੰਡ ਹੇਠਲਾ ਦੌਲੋਵਾਲ ਰੇਲਵੇ ਅੰਡਰ ਬਰਿਜ ਅਤੇ ਖੇਤਾਂ ਵਿਚ ਬਰਸਾਤੀ ਤੇ ਦਰਿਆ ਦਾ ਪਾਣੀ ਦਾਖ਼ਲ
ਪਿੰਡ ਹੇਠਲਾ ਦੌਲੋਵਾਲ ਨੂੰ ਜਾਣ ਵਾਲੀ ਲਿੰਕ ਸੜਕ ਦੇ ਵਿਚਕਾਰ ਰੇਲਵੇ ਲਾਈਨ ਦੇ ਹੇਠਾਂ ਬਣੇ ਅੰਡਰ ਬਰਿਜ ਵਿਚ ਬਰਸਾਤੀ ਪਾਣੀ ਭਰ ਜਾਣ ਕਾਰਨ ਪਿੰਡ ਨੂੰ ਆਉਣ ਜਾਣ ਦਾ ਰਸਤਾ ਬੰਦ ਹੋ ਗਿਆ ਹੈ। ਲੋਕ ਪੈਦਲ ਹੀ ਰੇਲਵੇ ਲਾਈਨ ਟੱਪ ਕੇ ਪਿੰਡ ਨੂੰ ਆ ਜਾ ਰਹੇ ਹਨ।ਪਿੰਡ ਦੇ ਸਰਪੰਚ ਵਿਕਰਮ ਠਾਕੁਰ ਅਤੇ ਮੋਹਤਬਰ ਸੋਮ ਨਾਥ, ਸੁਭਾਸ਼ ਚੰਦ, ਰਜਿੰਦਰਪਾਲ, ਹਰਦੇਵ ਸਿੰਘ, ਦਾਤਾ ਰਾਮ, ਰਾਮ ਕੁਮਾਰ ਆਦਿ ਨੇ ਦੱਸਿਆ ਕਿ ਸਤਲੁਜ ਦਰਿਆ ਵਿਚ ਵੀ ਵਾਧੂ ਪਾਣੀ ਆਉਣ ਕਾਰਨ ਨਾਲ ਲੱਗਦੇ ਘਰ ਪਾਣੀ ਦੀ ਮਾਰ ਹੇਠ ਆ ਗਏ ਹਨ ਅਤੇ ਉਨ੍ਹਾਂ ਦੇ ਖੇਤਾਂ ਵਿਚ ਵੀ ਪਾਣੀ ਦਾਖਲ ਹੋ ਗਿਆ ਹੈ, ਜਿਸ ਕਾਰਨ ਫ਼ਸਲਾਂ ਡੁੱਬ ਗਈਆਂ ਅਤੇ ਕੁਝ ਖੇਤਾਂ ਵਿਚ ਫ਼ਸਲਾਂ ਹੜ੍ਹ ਗਈਆਂ ਹਨ। ਪਿੰਡ ਵਾਸੀਆਂ ਨੇ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਘੱਟੋ ਘੱਟ ਦਰਿਆ ਦੇ ਨਾਲ ਲੱਗਦੇ ਉਕਤ ਪਿੰਡ ਦੇ ਵਸਨੀਕਾਂ ਦੀ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਇਸ ਨੂੰ ਚੈਨੇਲਾਈਜ ਕੀਤਾ ਜਾਵੇ।
ਕੀਰਤਪੁਰ ਸਾਹਿਬ ਦਾ ਘਰਾਟਾਂ ਵਾਸ ਪਾਣੀ ਵਿਚ ਡੁੱਬਿਆ
ਰੇਲਵੇ ਲਾਈਨ ਤੋਂ ਪਾਰ ਪੈਂਦੇ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ 7 ਘਰਾਟਾਂ ਵਾਸ ਸਤਲੁਜ ਦਰਿਆ ਦੇ ਪਾਣੀ ਵਿਚ ਡੁੱਬ ਗਿਆ ਹੈ।ਰੇਲਵੇ ਲਾਈਨ ਤੋਂ ਪਾਰ ਪੈਂਦੇ ਖੇਤਾਂ ਵਿਚ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ। ਘਰਾਟਾਂ ਵਾਸ ਦੇ ਵਸਨੀਕ ਆਪਣੇ ਘਰਾਂ ਦਾ ਸਮਾਨ ਅਤੇ ਮਾਲ ਪਸੂ ਲੈ ਕੇ ਸੁਰਖਿਅਤ ਥਾਂ ਰੇਲਵੇ ਸਟੇਸ਼ਨ ਕੀਰਤਪੁਰ ਸਾਹਿਬ ਵੱਲ ਆ ਰਹੇ ਹਨ।ਘਰਾਟਾਂ ਵਾਸ ਦੇ ਵਸਨੀਕਾਂ ਨੇ ਦੱਸਿਆ ਕਿ ਜਦੋਂ ਵੀ ਸਤਲੁਜ ਦਰਿਆ ਵਿਚ ਹੜ੍ਹ ਆਉਂਦਾ ਹੈ ਤਾਂ ਉਨ੍ਹਾਂ ਦੇ ਵਾਸ ਨੂੰ ਭਾਰੀ ਮਾਰ ਪੈਂਦੀ ਹੈ। ਉਨ੍ਹਾਂ ਦੇ ਆਟਾ ਪੀਸਣ ਵਾਲੇ ਘਰਾਟ ਵੀ ਪਾਣੀ ਵਿਚ ਡੁੱਬ ਗਏ ਹਨ। ਪ੍ਰਸ਼ਾਸਨ ਅਤੇ ਸਰਕਾਰ ਉਨ੍ਹਾਂ ਦੀ ਸਾਰ ਨਹੀਂ ਲੈਂਦਾ, ਸਾਡੇ ਵਾਸ ਪੀਣ ਵਾਲੇ ਪਾਣੀ ਅਤੇ ਹੋਰ ਸਹੂਲਤਾਂ ਦੀ ਵੀ ਕਾਫੀ ਘਾਟ ਹੈ।
ਪਿੰਡ ਸਾਹਪੁਰ ਬੇਲਾ ਵੀ ਆਇਆ ਦਰਿਆ ਦੇ ਪਾਣੀ ਦੀ ਲਪੇਟ ਵਿਚ
ਸਤਲੁਜ ਦਰਿਆ ਵਿਚ ਆਏ ਪਾਣੀ ਨਾਲ ਸ੍ਰੀ ਕੀਰਤਪੁਰ ਸਾਹਿਬ ਤੋਂ ਪਿੰਡ ਸਾਹਪੁਰ ਬੇਲਾ ਨੂੰ ਜਾਣ ਵਾਲਾ ਰਸਤਾ ਪਾਣੀ ਵਿਚ ਡੁੱਬ ਗਿਆ ਹੈ। ਪਿੰਡ ਸ਼ਾਹਪੁਰ ਦੇ ਕਈ ਘਰ ਪਾਣੀ ਦੀ ਲਪੇਟ ਵਿਚ ਆ ਗਏ ਹਨ। ਖੇਤਾਂ ਵਿਚ ਹੜ੍ਹ ਦਾ ਪਾਣੀ ਘੁੰਮ ਰਿਹਾ ਹੈ।
ਇਹ ਵੀ ਪੜ੍ਹੋ- ਮੀਂਹ ਕਾਰਨ ਸ੍ਰੀ ਅਨੰਦਪੁਰ ਸਾਹਿਬ 'ਚ ਵਿਗੜੇ ਹਾਲਾਤ, ਮੰਤਰੀ ਹਰਜੋਤ ਬੈਂਸ ਨੇ ਕੀਤੀ ਇਹ ਅਪੀਲ
ਚੰਦਪੁਰ ਬੇਲਾ ਤੇ ਗੱਜਪੁਰ ਬੇਲਾ ਦੇ ਖੇਤਾਂ ਅਤੇ ਲਿੰਕ ਸੜਕ 'ਤੇ ਆਇਆ ਪਾਣੀ
ਪਿੰਡ ਚੰਦਪੁਰ ਬੇਲਾ ਅਤੇ ਗੱਜਪੁਰ ਬੇਲਾ ਦੇ ਖੇਤਾਂ ਵਿਚ ਵੀ ਸਤਲੁਜ ਦਰਿਆ ਦਾ ਪਾਣੀ ਘੁੰਮ ਰਿਹਾ ਸੀ, ਲਿੰਕ ਸਡ਼ਕ ਉਪਰ ਵੀ ਦਰਿਆ ਦਾ ਪਾਣੀ ਲੰਘ ਰਿਹਾ ਸੀ। ਪਿੰਡ ਗੱਜਪੁਰ ਬੇਲਾ ਅਬਾਦੀ ਦੀਆਂ ਗਲੀਆਂ ਵਿਚ ਵੀ ਹੜ੍ਹ ਦਾ ਪਾਣੀ ਘੁੰਮ ਰਿਹਾ ਸੀ।
ਕੀਰਤਪੁਰ ਸਾਹਿਬ ਦੀ ਰਾਜਸਥਾਨੀ ਬਸਤੀ ਵਿਚ ਵੀ ਦਾਖ਼ਲ ਹੋਇਆ ਪਾਣੀ
ਰੇਲਵੇ ਸਟੇਸ਼ਨ ਸ੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕ ਪੈਂਦੀ ਰਾਜਸਥਾਨੀ ਬਸਤੀ ਦੀਆਂ ਝੁੱਗੀ ਝੌਂਪੜੀਆਂ ਵਿਚ ਵੀ ਬਰਸਾਤੀ ਪਾਣੀ ਦਾਖ਼ਲ ਹੋ ਗਿਆ ਹੈ। ਰਾਜਸਥਾਨੀ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਇਥੇ ਮਾਲਕਾਂ ਦੀ ਜ਼ਮੀਨ ਵਿਚ ਕਿਰਾਏ ਤੇ ਬੇਠੈ ਹੋਏ ਹਨ। ਜਦੋਂ ਵੀ ਭਾਰੀ ਬਰਸਾਤ ਹੁੰਦੀ ਹੈ ਤਾਂ ਪਾਣੀ ਦੀ ਨਿਕਾਸੀ ਦਾ ਕੋਈ ਢੁੱਕਵਾਂ ਹੱਲ ਨਾ ਹੋਣ ਕਾਰਨ ਬਰਸਾਤੀ ਪਾਣੀ ਉਹਨਾਂ ਦੀਆਂ ਝੁੱਗੀਆਂ ਵਿਚ ਦਾਖਲ ਹੋ ਜਾਂਦਾ ਹੈ। ਜਿਸ ਕਾਰਨ ਉਹਨਾਂ ਦਾ ਕਾਫ਼ੀ ਸਾਮਾਨ ਖ਼ਰਾਬ ਹੋ ਜਾਂਦਾ ਹੈ। ਅਸੀਂ ਪ੍ਰਸ਼ਾਸਨ ਤੋਂ ਕਈ ਵਾਰ ਪੰਜ ਪੰਜ ਮਰਲੇ ਦੇ ਪਲਾਟ ਦੇਣ ਜਾਂ ਕਾਲੋਨੀ ਬਣਾ ਕੇ ਦੇਣ ਦੀ ਮੰਗ ਕਰ ਚੁੱਕੇ ਹਾਂ ਪਰ ਕਿਸੇ ਨੇ ਸਾਡੀ ਸਾਰ ਨਹੀਨ ਲਈ। ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਵੀ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੋਈ ਢੁਕਵਾਂ ਹੱਲ ਨਹੀਂ ਕਰ ਰਹੀ।
ਗੁਰਦੁਆਰਾ ਪਤਾਲਪੁਰੀ ਸਾਹਿਬ ਦਾ ਅਸਤਘਾਟ ਵੀ ਸਤਲੁਜ ਦਰਿਆ ਦੇ ਪਾਣੀ ਦੀ ਲਪੇਟ ਵਿਚ
ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨਜ਼ਦੀਕ ਬਣਿਆ ਹੋਇਆ ਅਸਤਘਾਟ ਜਿਸ ਵਿਚ ਲੋਕ ਆਪਣੇ ਮ੍ਰਿਤਕ ਪ੍ਰਾਣੀਆਂ ਦੇ ਅਸਤ ਸਤਲੁਜ ਦਰਿਆ ਵਿਚ ਜਲ ਪ੍ਰਵਾਹ ਕਰਦੇ ਹਨ, ਵੀ ਸਤਲੁਜ ਦਰਿਆ ਵਿਚ ਆਏ ਹੜ੍ਹ ਦੀ ਮਾਰ ਹੇਠ ਆ ਗਿਆ ਹੈ। ਅਸਤਘਾਟ ਦੇ ਇਕ ਪਾਸੇ ਦੀਆਂ ਪੌੜੀਆਂ ਪਾਣੀ ਵਿਚ ਪੁਰੀ ਤਰਾਂ ਡੁੱਬ ਗਈਆਂ ਹਨ ਅਤੇ ਦੂਜੇ ਪਾਸੇ ਦੀਆਂ ਪੰਜ ਪੌੜੀਆਂ ਵਿਖਾਈ ਦੇ ਰਹੀਆਂ ਸਨ, ਖ਼ਬਰ ਭੇਜੇ ਜਾਣ ਤੱਕ ਪਾਣੀ ਹੋਲੀ-ਹੋਲੀ ਵੱਧ ਰਿਹਾ ਸੀ । ਅਸਤਘਾਟ ਦੇ ਦੂਜੇ ਪਾਸੇ ਪਿੰਡ ਸਾਹਪੁਰ ਵਾਲੀ ਸਾਈਡ ਦਰਿਆ ਵਿਚ ਅਤੇ ਖੇਤਾਂ ਵਿਚ ਘੁੰਮਦਾ ਪਾਣੀ ਆਮ ਵਿਖਾਈ ਦੇ ਰਿਹਾ ਸੀ।
132 ਕੇ .ਵੀ. ਸਬ ਸਟੇਸ਼ਨ ਨੱਕੀਆਂ ਅੰਦਰ ਵਿਚ ਦਾਖ਼ਲ ਹੋਇਆ ਪਾਣੀ
132 ਕੇ. ਵੀ. ਸਬ ਸਟੇਸ਼ਨ ਪੀ. ਐੱਸ. ਟੀ. ਸੀ. ਐੱਲ ਨੱਕੀਆਂ ਦੇ ਕੰਪਲੈਕਸ ਵਿਚ ਵੀ ਬਰਸਾਤੀ ਪਾਣੀ ਦਾਖ਼ਲ ਹੋ ਗਿਆ। ਬਾਅਦ ਦੁਪਹਿਰ ਜਦੋਂ ਕੁਝ ਸਮੇਂ ਲਈ ਮੀਂਹ ਹਟਿਆ ਤਾਂ ਬਰਸਾਤੀ ਪਾਣੀ ਨੂੰ ਬਾਹਰ ਕੱਢਣ ਲਈ ਅਧਿਕਾਰੀ ਜੇ. ਸੀ. ਬੀ. ਮਸ਼ੀਨ ਦਾ ਪ੍ਰਬੰਧ ਕਰ ਰਹੇ ਸਨ।
ਇਹ ਵੀ ਪੜ੍ਹੋ- ਭਾਰੀ ਬਾਰਿਸ਼ ਨਾਲ ਰੋਪੜ 'ਚ ਬਣੇ ਹੜ੍ਹ ਵਰਗੇ ਹਾਲਾਤ, ਹਾਈ ਅਲਰਟ ਜਾਰੀ, ਰੇਲ ਸੇਵਾਵਾਂ ਰੱਦ
ਭਰਤਗੜ੍ਹ ਦੀ ਬਿਜਲੀ ਰਹੀ ਠੱਪ
ਬੀਤੀ ਰਾਤ ਭਰਤਗੜ੍ਹ ਵਿਖੇ ਬਿਜਲੀ ਦਾ ਟਰਾਂਸਫਾਰਮ ਅਤੇ ਪੋਲ ਡਿਗਣ ਕਾਰਨ ਕਈ ਪਿੰਡਾਂ ਅਤੇ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ।ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਕੀਰਤਪੁਰ ਸਾਹਿਬ ਤੋਂ ਐੱਸ. ਡੀ. ਓ. ਪ੍ਰਭਾਤ ਸ਼ਰਮਾ ਨੇ ਦੱਸਿਆ ਕਿ ਸਾਡੇ ਕਰਮਚਾਰੀਆਂ ਨੇ ਦਿਨ ਰਾਤ ਮਿਹਨਤ ਕਰਕੇ ਜ਼ਿਆਦਾਤਰ ਇਲਾਕੇ ਦੀ ਬਿਜਲੀ ਸਪਲਾਈ ਚਾਲੂ ਕਰ ਦਿਤੀ ਹੈ। ਅਤੇ ਸਾਡੇ ਕਰਮਚਾਰੀ ਹੁਣ ਵੀ ਕੰਮ ਕਰ ਰਹੇ ਹਨ। ਜਲਦ ਸਾਰੇ ਪਾਸੇ ਦੀ ਬਿਜਲੀ ਸਪਲਾਈ ਚਾਲੂ ਕਰ ਦਿਤੀ ਜਾਵੇਗੀ।
ਲੋਟਣ ਨਦੀ ਦਾ ਪਾਣੀ ਰੇਲਵੇ ਲਾਈਨ ਨਾਲ ਲੱਗਾ
ਪਿੰਡ ਗਰਦਲੇ ਦੇ ਨਜ਼ਦੀਕ ਸਥਿਤ ਲੋਟਣ ਨਦੀ ਦਾ ਪਾਣੀ ਰੇਲਵੇ ਪੁਲ ਨਾਲ ਜਾ ਲੱਗਿਆ। ਮੌਕੇ ਉਪਰ ਰੇਲਵੇ ਦੇ ਕਰਮਚਾਰੀ ਸਥਿਤੀ ਉਪਰ ਨਜ਼ਰ ਰੱਖ ਰਹੇ ਸਨ। ਦੂਸਰੇ ਪਾਸੇ ਕਈ ਥਾਂਵਾਂ ਤੋਂ ਰੇਲਵੇ ਲਾਈਨ ਨੁਕਸਾਨੀ ਜਾਣ ਕਾਰਨ ਰੋਪੜ ਤੋਂ ਨੰਗਲ ਸਾਈਡ ਜਾਣ ਅਤੇ ਆਉਣ ਵਾਲੀਆਂ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
ਪਿੰਡ ਡਾਢੀ, ਨੌ ਲੱਖਾ, ਮੀਆਂਪੁਰ ਹਢੂੰਰ ਦੇ ਖੇਤਾਂ ਵਿਚ ਪਾਣੀ ਦਾਖ਼ਲ
ਸਤਲੁਜ ਦਰਿਆ ਦੇ ਨਾਲ ਪੈਂਦੇ ਪਿੰਡ ਡਾਢੀ, ਨੌ ਲੱਖਾ, ਮੀਆਂਪੁਰ, ਤਿੜਕ ਗਾਂਧੀ, ਛੋਟੀ ਝੱਖੀਆਂ, ਬੇਲੀ ਆਦਿ ਪਿੰਡਾਂ ਦੀ ਜਮੀਨ ਵਿਚ ਵੀ ਸਤਲੁਜ ਦਰਿਆ ਦਾ ਪਾਣੀ ਲੰਘ ਰਿਹਾ ਸੀ, ਜਿਸ ਕਾਰਨ ਖੇਤਾਂ ਵਿਚ ਬੀਜੀ ਨਵੀਂ ਫ਼ਸਲ ਬਰਬਾਦ ਹੋ ਗਈ। ਬੁੰਗਾ ਸਾਹਿਬ ਨਜ਼ਦੀਕ ਸਰਾਂ ਵਾਲੇ ਪੁਲ ਨਾਲ ਲੱਗਦੀ ਜਮੀਨ ਵਿਚ ਖੜ੍ਹੇ ਪਾਪੂਲਰ ਦੇ ਕਈ ਦਰਖ਼ਤ ਮਿੱਟੀ ਖੁਰਨ ਨਾਲ ਦਰਿਆ ਵਿਚ ਹੜ੍ਹ ਰਹੇ ਸਨ।
ਇਹ ਵੀ ਪੜ੍ਹੋ- ਯੂ. ਸੀ. ਸੀ. ਅਤੇ ਬੰਦੀ ਸਿੱਖਾਂ ਦੀ ਰਿਹਾਈ ਵਰਗੇ ਮਸਲੇ ਬਣੇ ਭਾਜਪਾ-ਅਕਾਲੀ ਦਲ ਗਠਜੋੜ ’ਚ ਰੁਕਾਵਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਪੰਜਾਬ ’ਚ ਲਗਾਤਾਰ ਖ਼ਰਾਬ ਹੋ ਰਹੇ ਮੌਸਮ ਨੂੰ ਦੇਖਦੇ ਹੋਏ ਸੂਬੇ ਭਰ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ
NEXT STORY