ਮੋਹਾਲੀ, (ਕੁਲਦੀਪ)- ਤਿੰਨ ਮਹੀਨੇ ਪਹਿਲਾਂ ਮੋਹਾਲੀ ਵਿਚ ਪੰਜਾਬੀ ਗਾਇਕ ਪਰਮੀਸ਼ ਵਰਮਾ ’ਤੇ ਹੋਏ ਜਾਨਲੇਵਾ ਹਮਲੇ ਵਾਲੇ ਕੇਸ ਵਿਚ ਮੋਹਾਲੀ ਪੁਲਸ ਨੇ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ ਬਾਬਾ ਨੂੰ ਅੱਜ ਟ੍ਰਾਂਜ਼ਿਟ ਰਿਮਾਂਡ ’ਤੇ ਲਿਆ ਕੇ ਦੇਰ ਸ਼ਾਮ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ। ਡਿਊਟੀ ਮੈਜਿਸਟ੍ਰੇਟ ਨੇ ਉਸ ਨੂੰ ਸੱਤ ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਦਿਲਪ੍ਰੀਤ ਢਾਹਾਂ ਨੂੰ 8 ਵਜੇ ਦੇ ਕਰੀਬ ਪੇਸ਼ ਕੀਤਾ ਗਿਆ। ਦਿਲਚਸਪ ਗੱਲ ਇਹ ਰਹੀ ਕਿ ਜ਼ਖ਼ਮੀ ਹਾਲਤ ਵਿਚ ਲਿਆਂਦੇ ਗਏ ਦਿਲਪ੍ਰੀਤ ਨੂੰ ਅਦਾਲਤ ਦੀ ਉਪਰਲੀ ਮੰਜ਼ਿਲ ’ਤੇ ਲਿਜਾਇਆ ਨਹੀਂ ਜਾ ਸਕਿਆ, ਜਿਸ ਕਾਰਨ ਪੁਲਸ ਨੇ ਡਿਊਟੀ ਮੈਜਿਸਟ੍ਰੇਟ ਨੂੰ ਆਪਣੀ ਮਜਬੂਰੀ ਦੱਸੀ। ਡਿਊਟੀ ਮੈਜਿਸਟ੍ਰੇਟ ਖੁਦ ਚੱਲ ਕੇ ਹੇਠਾਂ ਮੁਲਜ਼ਮ ਦਿਲਪ੍ਰੀਤ ਕੋਲ ਆਏ, ਜਿਥੇ ਉਨ੍ਹਾਂ ਨੇ ਪੁਲਸ ਦੀ ਗੱਲ ਸੁਣੀ ਤੇ ਉਸ ਨੂੰ ਰਿਮਾਂਡ ’ਤੇ ਭੇਜ ਦਿੱਤਾ। ਜ਼ਿਕਰਯੋਗ ਹੈ ਕਿ 9 ਜੁਲਾਈ ਨੂੰ ਚੰਡੀਗਡ਼੍ਹ ਦੇ ਸੈਕਟਰ-43 ਵਿਚ ਹੋਏ ਪੁਲਸ ਮੁਕਾਬਲੇ ਵਿਚ ਉਸ ਦੇ ਪੱਟ ਵਿਚ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ ਸੀ।
ਪੁਲਸ ਨੇ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਰਿਮਾਂਡ ਲੈਣ ਲਈ ਦਲੀਲ ਦਿੱਤੀ ਕਿ ਪਰਮੀਸ਼ ਵਰਮਾ ’ਤੇ ਹੋਏ ਹਮਲੇ ਦੇ ਬਾਰੇ ਦਿਲਪ੍ਰੀਤ ਤੋਂ ਪੁੱਛਗਿੱਛ ਕੀਤੀ ਜਾਣੀ ਹੈ ਕਿ ਹਮਲੇ ਵਾਲੇ ਦਿਨ ਉਸ ਦੇ ਨਾਲ ਹੋਰ ਕੌਣ-ਕੌਣ ਸੀ। ਇਸ ਤੋਂ ਇਲਾਵਾ ਉਸ ’ਤੇ ਗਿੱਪੀ ਗਰੇਵਾਲ ਤੋਂ ਵੀ ਫਿਰੌਤੀ ਮੰਗਣ ਦਾ ਇਲਜ਼ਾਮ ਹੈ।
ਸੱਤ ਦਿਨਾਂ ਦਾ ਪੁਲਸ ਰਿਮਾਂਡ ਮਿਲਣ ਤੋਂ ਬਾਅਦ ਪੁਲਸ ਨੇ ਉਸ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਵਿਚ ਸਿਵਲ ਹਸਪਤਾਲ ਫੇਜ਼-6 ਵਿਚ ਪਹੁੰਚਾ ਦਿੱਤਾ ਹੈ। ਐੱਸ. ਐੱਸ. ਪੀ. ਕੁਲਦੀਪ ਚਹਿਲ ਨੇ ਦੱਸਿਆ ਕਿ ਪੁਲਸ ਵਲੋਂ ਡਾਕਟਰ ਕੋਲੋਂ ਮੈਡੀਕਲ ਲੀਗਲ ਰਾਇ ਲਈ ਜਾ ਰਹੀ ਹੈ।
ਗੱਡੀਆਂ ਦਾ ਕਾਫਿਲਾ ਅਜਿਹਾ ਜਿਵੇਂ ਸੀ. ਐੱਮ. ਦਾ ਕਾਫਿਲਾ : ਦਿਲਪ੍ਰੀਤ ਢਾਹਾਂ ਦੀ ਅਦਾਲਤ ਵਿਚ ਪੇਸ਼ੀ ਮੌਕੇ ਅੱਗੇ-ਪਿੱਛੇ ਗੱਡੀਆਂ ਦਾ ਕਾਫਿਲਾ ਇੰਨਾ ਜ਼ਬਰਦਸਤ ਸੀ, ਜਿਵੇਂ ਕਿ ਮੁੱਖ ਮੰਤਰੀ ਦੇ ਅੱਗੇ-ਪਿੱਛੇ ਗੱਡੀਆਂ ਦਾ ਕਾਫਿਲਾ ਹੁੰਦਾ ਹੈ। ਕਾਫਿਲੇ ਵਿਚ 8 ਐਸਕਾਰਟ ਗੱਡੀਆਂ, ਦੋ ਐਂਬੂਲੈਂਸਾਂ ਤੇ ਉਸ ਦੇ ਪਿੱਛੇ ਪੁਲਸ ਦੀਆਂ ਕਈ ਗੱਡੀਆਂ ਦਾ ਕਾਫਿਲਾ ਚੱਲ ਰਿਹਾ ਸੀ।
ਏਲਾਂਤੇ ਮਾਲ ਦੀ ਪਾਰਕਿੰਗ ’ਚ ਓਵਰਚਾਰਜਿੰਗ, ਕੁੱਟ-ਮਾਰ
NEXT STORY