ਜਲੰਧਰ (ਖੁਰਾਣਾ)-ਪਿਛਲੇ 5 ਸਾਲ ਪੰਜਾਬ ਵਾਂਗ ਜਲੰਧਰ ਨਗਰ ਨਿਗਮ ’ਚ ਵੀ ਕਾਂਗਰਸ ਦੀ ਸਰਕਾਰ ਰਹੀ ਅਤੇ ਇਸ ਸਰਕਾਰ ਦੇ ਕਾਰਜਕਾਲ ’ਚ ਜਲੰਧਰ ਨਗਰ ਨਿਗਮ ’ਚ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਟੁੱਟ ਗਏ। ਪਹਿਲਾਂ ਤਾਂ ਨਗਰ ਨਿਗਮ ’ਚ ਅਧਿਕਾਰੀਆਂ ਅਤੇ ਠੇਕੇਦਾਰਾਂ ਦਾ ਹੀ ਨੈਕਸਸ ਚੱਲਦਾ ਹੁੰਦਾ ਸੀ ਪਰ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਇਸ ਨੈਕਸਸ ਵਿਚ ਆਗੂ ਵੀ ਜੁੜ ਗਏ, ਜਿਸ ਕਾਰਨ ਇਹ ਨੈਕਸਸ ਹੋਰ ਵੀ ਮਜ਼ਬੂਤ ਹੋ ਗਿਆ। ਅਧਿਕਾਰੀਆਂ ਦੀ ਮਦਦ ਨਾਲ ਨਗਰ ਨਿਗਮ ਦੇ ਠੇਕੇਦਾਰ ਪਹਿਲਾਂ ਵੀ ਆਪਸ ’ਚ ਪੂਲ ਕਰਕੇ ਵਿਕਾਸ ਕੰਮਾਂ ਨਾਲ ਸਬੰਧਤ ਟੈਂਡਰਾਂ ’ਚ ਗੋਲਮਾਲ ਕਰ ਲਿਆ ਕਰਦੇ ਸਨ ਪਰ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਆਗੂਆਂ ਨੇ ਆਪਣੇ ਖਾਸਮ-ਖਾਸ ਠੇਕੇਦਾਰ ਵੀ ਇਸ ਨੈਕਸਸ ਵਿਚ ਫਿੱਟ ਕਰ ਦਿੱਤੇ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਨਿਗਮ ਦੇ ਠੇਕੇਦਾਰਾਂ ਨੇ ਇਸ ਕਾਰਜਕਾਲ ਦੌਰਾਨ ਖੂਬ ਮਨਮਰਜ਼ੀ ਕੀਤੀ ਅਤੇ ਘਟੀਆ ਲੈਵਲ ਦੇ ਵਿਕਾਸ ਕੰਮ ਕੀਤੇ, ਜਿਸ ਬਾਰੇ ਲਗਾਤਾਰ 4-5 ਸਾਲ ਖਬਰਾਂ ਛਪਦੀਆਂ ਰਹੀਆਂ ਪਰ ਕਿਸੇ ਨੇ ਕੋਈ ਨੋਟਿਸ ਹੀ ਨਹੀਂ ਲਿਆ। ਅਧਿਕਾਰੀਆਂ ਨੇ ਠੇਕੇਦਾਰਾਂ ਤੋਂ ਕਮੀਸ਼ਨ ਵਸੂਲੀ ਅਤੇ ਸਿਆਸਤਦਾਨਾਂ ਨੇ ਠੇਕੇਦਾਰਾਂ ਤੋਂ ਆਪਣਾ ਹਿੱਸਾ ਲਿਆ, ਜਿਸ ਕਾਰਨ ਤਿੰਨਾਂ ਦਾ ਹਲਵਾ-ਮਾਂਡਾ ਚੱਲਦਾ ਰਿਹਾ।
ਹੁਣ ਪੰਜਾਬ ’ਚ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ, ਜਿਸ ਨੇ ਸਰਕਾਰੀ ਦਫਤਰਾਂ ’ਚ ਫੈਲੇ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਭ੍ਰਿਸ਼ਟਾਚਾਰ ਨਾਲ ਸਰਾਬੋਰ ਹੋ ਚੁੱਕੇ ਜਲੰਧਰ ਨਗਰ ਨਿਗਮ ’ਤੇ ਵੀ ‘ਆਪ’ ਸਰਕਾਰ ਦੀ ਨਜ਼ਰ ਹੈ, ਜਿਸ ਕਾਰਨ ਨਿਗਮ ’ਚ ਕਰੋੜਾਂ ਰੁਪਏ ਦੇ ਵਿਕਾਸ ਕੰਮ ਕਰਨ ਵਾਲੇ ਕੁਝ ਠੇਕੇਦਾਰਾਂ ਦੀਆਂ ਫਾਈਲਾਂ ਤਲਬ ਕਰ ਲਈਆਂ ਗਈਆਂ ਹਨ ਅਤੇ ਨਿਗਮ ਅਧਿਕਾਰੀਆਂ ਤੋਂ ਪਿਛਲੇ 3 ਸਾਲ ਦਾ ਰਿਕਾਰਡ ਵੀ ਮੰਗਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ 4-5 ਸਾਲਾਂ ਦੌਰਾਨ ਜਲੰਧਰ ਨਗਰ ਨਿਗਮ ’ਚ ਜਿਹੜੇ ਠੇਕੇਦਾਰ ਸਿਆਸੀ ਪਿਛੋਕੜ ਨਾਲ ਜੁੜੇ ਰਹੇ ਅਤੇ ਜਿਨ੍ਹਾਂ ਨੇ ਪੂਰੀ ਸੈਟਿੰਗ ਨਾਲ ਕੰਮ ਕੀਤੇ, ਉਨ੍ਹਾਂ ਦੀਆਂ ਫਾਈਲਾਂ ਦੀ ਜਾਂਚ ਦਾ ਕੰਮ ਅਗਲੇ ਕੁਝ ਦਿਨਾਂ ’ਚ ਸ਼ੁਰੂ ਹੋ ਸਕਦਾ ਹੈ।
ਇਹ ਵੀ ਪੜ੍ਹੋ: ਕੁਲਤਾਰ ਸਿੰਘ ਸੰਧਵਾਂ ਬਣੇ ਪੰਜਾਬ ਵਿਧਾਨ ਸਭਾ ਦੇ ਸਪੀਕਰ
ਨਿਗਮ ਅਧਿਕਾਰੀਆਂ ਦੀ ਵੀ ਆ ਸਕਦੀ ਹੈ ਸ਼ਾਮਤ
ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜਲੰਧਰ ਨਿਗਮ ਦੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਲਈ ਜਿਸ ਤਰ੍ਹਾਂ ਪਿਛਲਾ ਰਿਕਾਰਡ ਤਲਬ ਕੀਤਾ ਹੈ, ਉਸ ਤੋਂ ਮੰਨਿਆ ਜਾ ਰਿਹਾ ਹੈ ਕਿ ਕੁਝ ਨਿਗਮ ਅਧਿਕਾਰੀਆਂ ਦੀ ਵੀ ਸ਼ਾਮਤ ਆ ਸਕਦੀ ਹੈ ਅਤੇ ਉਨ੍ਹਾਂ ਦੀ ਜਵਾਬਦੇਹੀ ਫਿਕਸ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ 3-4 ਸਾਲਾਂ ਦੌਰਾਨ ਨਿਗਮ ਅਧਿਕਾਰੀਆਂ ਨੇ ਸਾਈਟ ’ਤੇ ਜਾਣਾ ਬਿਲਕੁਲ ਹੀ ਛੱਡ ਦਿੱਤਾ ਸੀ ਅਤੇ ਵਧੇਰੇ ਵਿਕਾਸ ਕੰਮਾਂ ਦੇ ਤਾਂ ਸੈਂਪਲ ਤਕ ਨਹੀਂ ਭਰੇ ਗਏ। ਸਿਰਫ਼ ਫਾਈਲਾਂ ਦਾ ਘਰ ਪੂਰਾ ਕਰਨ ਲਈ ਕੰਮ ਕੀਤਾ ਗਿਆ ਅਤੇ ਠੇਕੇਦਾਰਾਂ ਨੂੰ ਕਰੋੜਾਂ ਰੁਪਏ ਦੀ ਪੇਮੈਂਟ ਬਿਨਾਂ ਕੰਮ ਦੀ ਜਾਂਚ ਦੇ ਹੀ ਦੇ ਦਿੱਤੀ ਗਈ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਫਾਈਲਾਂ ਦੀ ਵਿਸ਼ੇਸ਼ ਰੂਪ ਵਿਚ ਜਾਂਚ ਕੀਤੀ ਜਾ ਸਕਦੀ ਹੈ, ਜਿਹੜੀਆਂ ਘਟੀਆ ਤਰੀਕੇ ਨਾਲ ਹੋਏ ਕੰਮਾਂ ਕਾਰਨ ਵਿਵਾਦਾਂ ’ਚ ਘਿਰੀਆਂ ਰਹੀਆਂ।
ਕਰੋੜਾਂ ਨਾਲ ਬਣੀ ਪਟੇਲ ਚੌਕ ਵਾਲੀ ਸੜਕ ਕੁਝ ਹੀ ਮਹੀਨਿਆਂ ਬਾਅਦ ਟੁੱਟਣ ਲੱਗੀ
ਨਗਰ ਨਿਗਮ ’ਚ ਪਿਛਲੇ ਸਾਲਾਂ ਦੌਰਾਨ ਵਿਕਾਸ ਕੰਮਾਂ ’ਚ ਹੋਏ ਭ੍ਰਿਸ਼ਟਾਚਾਰ ਦੀਆਂ ਉਂਝ ਤਾਂ ਸੈਂਕੜੇ ਉਦਾਹਰਣਾਂ ਹਨ ਪਰ ਆਉਣ ਵਾਲੇ ਦਿਨਾਂ ’ਚ ਇਕ ਕਾਂਡ ਦੀ ਵਿਸ਼ੇਸ਼ ਜਾਂਚ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਪਟੇਲ ਚੌਕ ਤੋਂ ਰੇਲਵੇ ਸਟੇਸ਼ਨ ਵੱਲ ਜਾਣ ਵਾਲੀ ਸੀਮੈਂਟ ਦੀ ਸੜਕ ਦਾ ਪਹਿਲਾ ਹਿੱਸਾ ਕੁਝ ਹੀ ਮਹੀਨਿਆਂ ਬਾਅਦ ਟੁੱਟਣਾ ਸ਼ੁਰੂ ਹੋ ਗਿਆ ਸੀ ਅਤੇ ਹੁਣ ਉਹ ਸੜਕ ਕਈ ਥਾਵਾਂ ਤੋਂ ਧਸ ਚੁੱਕੀ ਹੈ ਅਤੇ ਟੁੱਟਣੀ ਵੀ ਸ਼ੁਰੂ ਹੋ ਗਈ ਹੈ। ਆਉਣ ਵਾਲੇ ਦਿਨਾਂ ’ਚ ਇਥੇ ਪੈਚਵਰਕ ਤਕ ਲਾਉਣ ਦੀ ਨੌਬਤ ਆ ਸਕਦੀ ਹੈ। ਆਮ ਆਦਮੀ ਪਾਰਟੀ ਦੇ ਆਗੂ ਇਸ ਕੰਮ ਨਾਲ ਸਬੰਧਤ ਫਾਈਲ ਨੂੰ ਸੈਂਪਲ ਬਣਾ ਕੇ ਭ੍ਰਿਸ਼ਟਾਚਾਰ ਦੀ ਜਾਂਚ ਸ਼ੁਰੂ ਕਰ ਸਕਦੇ ਹਨ।
ਇਹ ਵੀ ਪੜ੍ਹੋ: ‘ਆਪ’ ਵਿਧਾਇਕ ਇੰਨੀ ਮਿਹਨਤ ਕਰਨ ਕਿ ਅੱਗੇ ਵੀ ਭਗਵੰਤ ਮਾਨ ਦੀ ਸਰਕਾਰ ਬਣੇ: ਰਾਘਵ ਚੱਢਾ
ਵਿਜੀਲੈਂਸ ਨੇ ਜ਼ਿੰਮੇਵਾਰੀ ਨਹੀਂ ਨਿਭਾਈ, ਜਿਸ ਕਾਰਨ ਹੈਲਪਲਾਈਨ ਨੰਬਰ ਦੀ ਨੌਬਤ ਆਈ
ਆਮ ਆਦਮੀ ਪਾਰਟੀ ਨਾਲ ਜੁੜੇ ਉੱਚ ਆਗੂਆਂ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਦੌਰਾਨ ਪੁਲਸ ਦਾ ਵਿਜੀਲੈਂਸ ਵਿਭਾਗ ਬਿਲਕੁਲ ਸੁੱਤਾ ਰਿਹਾ, ਜਿਸ ਕਾਰਨ ਭ੍ਰਿਸ਼ਟਾਚਾਰ ’ਤੇ ਰੋਕ ਤਾਂ ਨਹੀਂ ਲੱਗ ਸਕੀ, ਸਗੋਂ ਇਸ ’ਚ ਵਾਧਾ ਹੀ ਹੋਇਆ। ਭ੍ਰਿਸ਼ਟਾਚਾਰ ਬਾਰੇ ਵਿਜੀਲੈਂਸ ਕੋਲ ਜਿਹੜੀਆਂ ਫਾਈਲਾਂ ਪਹੁੰਚੀਆਂ ਵੀ, ਉਨ੍ਹਾਂ ’ਤੇ ਵੀ ਕਈ ਸਾਲ ਕੋਈ ਕਾਰਵਾਈ ਨਹੀਂ ਕੀਤੀ ਗਈ। ਵਿਜੀਲੈਂਸ ਵਿਭਾਗ ’ਤੇ ਯਕੀਨ ਖਤਮ ਹੋਣ ਕਾਰਨ ਹੀ ਮੁੱਖ ਮੰਤਰੀ ਦਫ਼ਤਰ ਨੂੰ ਹੈਲਪਲਾਈਨ ਨੰਬਰ ਜਾਰੀ ਕਰਨਾ ਪੈ ਰਿਹਾ ਹੈ, ਜਿਸ ਕਾਰਨ ਭ੍ਰਿਸ਼ਟਾਚਾਰ ਨਾਲ ਸਬੰਧਤ ਸ਼ਿਕਾਇਤਾਂ ਹੁਣ ਸਿੱਧੀਆਂ ਮੁੱਖ ਮੰਤਰੀ ਦਫ਼ਤਰ ਪਹੁੰਚਣਗੀਆਂ ਅਤੇ ਉਥੋਂ ਹੀ ਇਨ੍ਹਾਂ ਦਾ ਨੋਟਿਸ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਵਿਜੀਲੈਂਸ ਨੇ ਜਲੰਧਰ ਨਗਰ ਨਿਗਮ ’ਚ ਵੀ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਕੋਈ ਖਾਸ ਕੋਸ਼ਿਸ਼ ਨਹੀਂ ਕੀਤੀ ਅਤੇ ਨਿਗਮ ਨਾਲ ਸਬੰਧਤ ਵਧੇਰੇ ਫਾਈਲਾਂ ਸਾਲਾਂ ਤੋਂ ਦੱਬੀਆਂ ਹੋਈਆਂ ਹਨ।
ਇਹ ਵੀ ਪੜ੍ਹੋ: ਹੋਲੇ-ਮਹੱਲੇ ਦੌਰਾਨ ਵਾਪਰੀ ਵੱਡੀ ਘਟਨਾ, ਸਰੋਵਰ 'ਚ ਡੁੱਬਣ ਕਾਰਨ ਸ਼ਰਧਾਲੂ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਰਾਜ ਸਭਾ ਚੋਣਾਂ ਨੂੰ ਲੈ ਕੇ CM ਭਗਵੰਤ ਮਾਨ ਨੂੰ ਰਾਜਾ ਵੜਿੰਗ ਨੇ ਲਿਖਿਆ ਪੱਤਰ, ਕੀਤੀ ਇਹ ਅਪੀਲ
NEXT STORY