ਗੁਰੂਹਰਸਹਾਏ,(ਆਵਲਾ)- ਸ਼੍ਰੀ ਹਜ਼ੂਰ ਸਾਹਿਬ ਦੀ ਯਾਤਰਾ ਕਰਕੇ ਇਕ ਮਹੀਨੇ ਬਾਅਦ ਇਥੋਂ ਦਾ ਇੱਕ ਵਿਅਕਤੀ ਆਪਣੇ ਘਰ ਵਾਪਸ ਪਰਤਿਆ ਹੈ। ਦੇਸ਼ ਵਿਚ ਚੱਲ ਰਹੇ ਲਾਕਡਾਊਨ ਅਤੇ ਪੰਜਾਬ ਵਿਚ ਕਰਫਿਊ ਲੱਗਾ ਹੋਣ ਦੇ ਬਾਵਜੂਦ ਇਹ ਵਿਅਕਤੀ ਸ੍ਰੀ ਹਜ਼ੂਰ ਸਾਹਬ ਤੋਂ ਵਾਪਸ ਆਪਣੇ ਘਰ ਕਿਵੇਂ ਆਇਆ? ਇਹ ਬੁਝਾਰਤ ਬਣੀ ਹੋਈ ਹੈ ਤੇ ਸ਼ਹਿਰ ਵਿਚ ਇਸਦੀ ਚਰਚਾ ਜੋਰਾਂ 'ਤੇ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਿਅਕਤੀ ਸ਼ਹਿਰ ਦੇ ਸ਼੍ਰੀ ਬੇਰ ਸਾਹਿਬ ਗੁਰਦੁਆਰਾ ਅਤੇ ਸ਼੍ਰੀ ਪੋਥੀਮਾਲਾ ਸਾਹਿਬ ਦੇ ਆਸ ਪਾਸ ਦਾ ਵਸਨੀਕ ਹੋ ਸਕਦਾ ਹੈ, ਜੋ ਕਿ ਪਿਛਲੇ ਮਹੀਨੇ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਸ਼ਹਿਰ ਤੋਂ ਗਿਆ ਸੀ ਤੇ ਉਹਨਾਂ ਦਿਨਾਂ ਵਿਚ ਦੇਸ਼-ਵਿਦੇਸ਼ ਵਿਚ ਫੈਲੇ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਕਾਰਨ ਭਾਰਤ ਵਿਚ ਵੀ ਸਰਕਾਰ ਵੱਲੋਂ ਲਾਕਡਾਊਨ ਅਤੇ ਪੰਜਾਬ ਵਿਚ ਕਰਫਿਊ ਲਗਾਉਣ ਦਾ ਐਲਾਨ ਕੀਤਾ ਗਿਆ, ਜਿਸ ਕਾਰਨ ਪਿਛਲੇ ਇੱਕ ਮਹੀਨੇ ਤੋਂ ਆਵਾਜਾਈ ਦੇ ਸਾਰੇ ਸਾਧਨ ਬੰਦ ਹਨ। ਇਸਦੇ ਬਾਵਜੂਦ ਇਹ ਵਿਅਕਤੀ ਪਿਛਲੇ ਇੱਕ ਦੋ ਦਿਨਾਂ ਤੋਂ ਸ਼ਹਿਰ ਵਿੱਚ ਵੇਖਿਆ ਗਿਆ ਹੈ ਅਤੇ ਲੋਕਾਂ ਤੋਂ ਇਹ ਸੁਣਨ ਵਿੱਚ ਆ ਰਿਹਾ ਹੈ ਕਿ ਇਹ ਵਿਅਕਤੀ ਅਤੇ ਇਸਦੇ ਨਾਲ ਪੰਜ ਛੇ ਲੋਕ ਜੋ ਵੱਖੋ ਵੱਖਰੇ ਸ਼ਹਿਰਾਂ ਅਤੇ ਪ੍ਰਾਂਤਾਂ ਦੇ ਹੋ ਸਕਦੇ ਹਨ ਅਤੇ ਉਥੋਂ ਇਕੱਠੇ ਕਿਸ ਤਰ੍ਹਾਂ ਆਪਣੇ ਘਰ ਤੱਕ ਪਹੁੰਚੇ, ਇਹ ਇੱਕ ਬੁਝਾਰਤ ਬਣੀ ਹੋਈ ਹੈ। ਸਥਾਨਕ ਸ਼ਹਿਰ ਦੇ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਵਿਅਕਤੀ ਦੀ ਪਛਾਣ ਕੀਤੀ ਜਾਵੇ ਅਤੇ ਇਸਦਾ ਮੈਡੀਕਲ ਕਰਵਾਇਆ ਜਾਵੇ ਤੇ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਹ ਲਾਕਡਾਊਨ ਦੌਰਾਨ ਸ੍ਰੀ ਹਜ਼ੂਰ ਸਾਹਿਬ ਤੋਂ ਘਰ ਕਿਵੇਂ ਪਹੁੰਚੇ।
ਮੋਹਾਲੀ : ਪਿੰਡ ਮੁੱਲਾਂਪੁਰ 'ਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
NEXT STORY