ਅੰਮ੍ਰਿਤਸਰ, (ਰਮਨ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਤੋਂ ਦੁਖੀ ਹੋ ਕੇ ਦੇਸ ਰਾਜ ਸ਼ਰਮਾ ਵਾਸੀ ਗੁਰਨਾਮ ਨਗਰ ਸੁਲਤਾਨਵਿੰਡ ਰੋਡ ਸਵੇਰੇ 11 ਵਜੇ ਪਿੰਕ ਪਲਾਜ਼ਾ ਪਾਣੀ ਵਾਲੀ ਟੈਂਕੀ 'ਤੇ ਪੈਟਰੋਲ ਦੀ ਬੋਤਲ ਲੈ ਕੇ ਖੁਦਕੁਸ਼ੀ ਕਰਨ ਲਈ ਚੜ੍ਹ ਗਿਆ। ਮੌਕੇ 'ਤੇ ਥਾਣਾ ਇੰਚਾਰਜ ਸ਼ਿਵਦਰਸ਼ਨ ਸਿੰਘ, ਐਕਸੀਅਨ ਸਤਿੰਦਰ ਸ਼ਰਮਾ ਤੇ ਸਿਮਰਪਾਲ ਸੈਣੀ ਪੁੱਜੇ, ਜਿਨ੍ਹਾਂ ਉਕਤ ਨੌਜਵਾਨ ਨੂੰ ਇਹ ਭਰੋਸਾ ਦੇ ਕੇ ਟੈਂਕੀ ਤੋਂ ਉਤਾਰਿਆ ਕਿ ਉਸ ਦਾ ਜੋ ਵੀ ਹਰਜਾਨਾ ਹੈ ਉਹ ਆਪਣੀ ਜੇਬ 'ਚੋਂ ਦੇ ਦੇਣਗੇ। ਇਸ ਸਬੰਧੀ ਪੁਲਸ ਨੇ ਐੱਸ. ਈ. ਬਾਲਕ੍ਰਿਸ਼ਨ ਨਾਲ ਗੱਲਬਾਤ ਕੀਤੀ, ਜਿਸ ਨਾਲ ਪਾਵਰਕਾਮ ਦੇ ਦਸਤਾਵੇਜ਼ਾਂ ਵਿਚ ਸਮਾਂ ਜ਼ਿਆਦਾ ਲੱਗਦਾ ਦੇਖ ਕੇ ਅਧਿਕਾਰੀਆਂ ਨੇ ਦੇਸ ਰਾਜ ਨਾਲ ਬੈਠ ਕੇ ਮਾਮਲਾ ਸੁਲਝਾ ਲਿਆ ਅਤੇ ਉਸ ਦਾ ਹਰਜਾਨਾ ਆਪਣੀ ਜੇਬ 'ਚੋਂ ਦੇ ਦਿੱਤਾ।
ਦੇਸ ਰਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਕਿਰਾਏ 'ਤੇ ਰਹਿੰਦਾ ਹੈ ਅਤੇ ਟਰਾਂਸਫਾਰਮਰ ਨੂੰ ਅੱਗ ਲੱਗਣ ਨਾਲ ਉਸ ਦੇ ਘਰ ਵੀ ਅੱਗ ਲੱਗ ਗਈ ਸੀ, ਜਿਸ ਨਾਲ ਉਸ ਦਾ ਕਾਫ਼ੀ ਨੁਕਸਾਨ ਹੋਇਆ, ਜਿਸ ਸਬੰਧੀ ਉਹ ਪਾਵਰਕਾਮ ਦੇ ਅਧਿਕਾਰੀਆਂ ਨੂੰ ਕਈ ਵਾਰ ਮਿਲਿਆ ਪਰ ਕਿਸੇ ਨੇ ਉਸ ਨੂੰ ਨਿਆਂ ਨਹੀਂ ਦਿੱਤਾ। ਹਰ ਵਾਰ ਉਸ ਨੂੰ ਅਧਿਕਾਰੀ ਧੱਕੇ ਮਾਰ ਕੇ ਆਫਿਸ 'ਚੋਂ ਕੱਢ ਦਿੰਦੇ ਸਨ। ਜਦੋਂ ਉਸ ਦੇ ਘਰ ਅੱਗ ਲੱਗੀ ਸੀ ਤਾਂ ਉਸ ਦੀ ਪੁਲਸ ਵਿਚ ਐੱਫ. ਆਈ. ਆਰ. ਵੀ ਦਰਜ ਕਰਵਾਈ ਅਤੇ ਸਾਰੇ ਅਧਿਕਾਰੀਆਂ ਨੂੰ ਸਾਮਾਨ ਵੀ ਦਿਖਾਇਆ ਗਿਆ ਕਿ ਉਸ ਦਾ 2 ਤੋਂ 2.50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਪਰ ਅਧਿਕਾਰੀ ਉਸ ਨੂੰ 10 ਹਜ਼ਾਰ ਰੁਪਏ ਦੇਣ ਦੀ ਗੱਲ ਕਹਿੰਦੇ ਰਹੇ। ਜਦੋਂ ਕਿਸੇ ਵੱਲੋਂ ਨਿਆਂ ਨਹੀਂ ਮਿਲਿਆ ਤਾਂ ਉਸ ਨੂੰ ਟੈਂਕੀ 'ਤੇ ਚੜ੍ਹਨਾ ਪਿਆ।
ਦੇਸ ਰਾਜ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਕ ਵਾਰ ਸੁਸਾਈਡ ਨੋਟ ਦਿੱਤਾ ਗਿਆ ਸੀ ਪਰ ਹਰ ਵਾਰ ਅਧਿਕਾਰੀਆਂ ਨੇ ਉਸ ਨੂੰ ਨਜ਼ਰ-ਅੰਦਾਜ਼ ਕੀਤਾ। ਇਸ ਸਬੰਧੀ ਉਹ ਹਲਕਾ ਵਿਧਾਇਕ ਕੋਲ ਵੀ ਗਿਆ। ਪੁਲਸ ਤੇ ਅਧਿਕਾਰੀਆਂ ਨੇ ਦੇਸ ਰਾਜ ਨੂੰ ਸਮਝਾ ਕੇ ਉਸ ਨੂੰ ਆਪਣੀ ਜੇਬ 'ਚੋਂ ਹਰਜਾਨਾ ਦਿੱਤਾ ਅਤੇ ਸ਼ਾਂਤ ਕਰ ਕੇ ਘਰ ਭੇਜਿਆ। ਐੱਸ. ਈ. ਬਾਲਕ੍ਰਿਸ਼ਨ ਨੇ ਕਿਹਾ ਕਿ ਇਸ ਸਬੰਧੀ ਕੰਮ ਕੀਤਾ ਜਾ ਰਿਹਾ ਸੀ ਪਰ ਦੇਸ ਰਾਜ ਅੱਜ ਭਾਵੁਕ ਹੋ ਗਿਆ, ਬੈਠ ਕੇ ਸਮਝਾਇਆ ਤੇ ਸ਼ਾਂਤ ਕਰਵਾ ਦਿੱਤਾ ਗਿਆ ਸੀ।
ਕਾਂਗਰਸੀ ਗ੍ਰਾਮ ਪੰਚਾਇਤ ਮੈਂਬਰ ਦੀ ਕੁੱਟ-ਮਾਰ
NEXT STORY