ਜਲੰਧਰ, (ਪ੍ਰੀਤ)— ਗਾਜ਼ੀ ਗੁੱਲਾ ਚੌਕ ਵਿਖੇ ਨਾਕੇ ਦੌਰਾਨ 'ਸੇਵਾ ਜਾਂ ਚਲਾਨ' ਦਾ ਫੰਡਾ ਅਪਣਾਉਣਾ ਹੈੱਡ ਕਾਂਸਟੇਬਲ ਨੂੰ ਮਹਿੰਗਾ ਪੈ ਗਿਆ। ਜਾਗਰੂਕ ਨਾਗਰਿਕ ਦੁਆਰਾ ਨਾਕੇ 'ਤੇ ਸ਼ਰੇਆਮ ਵਾਹਨ ਚਾਲਕ ਤੋਂ ਰਿਸ਼ਵਤ ਲੈਂਦੇ ਕਲਿਪ ਵੇਖ ਕੇ ਗੁੱਸੇ ਵਿਚ ਆਏ ਪੁਲਸ ਕਮਿਸ਼ਨਰ ਨੇ ਹੈੱਡ ਕਾਂਸਟੇਬਲ ਜਸਬੀਰ ਸਿੰਘ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਤੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ।
ਜਾਣਕਾਰੀ ਮੁਤਾਬਕ ਅੱਜ ਸ਼ਾਮ ਦੇ ਸਮੇਂ ਥਾਣਾ ਨੰਬਰ 1 ਵਿਚ ਤਾਇਨਾਤ ਏ. ਐੱਸ. ਆਈ. ਬ੍ਰਹਮ ਲਾਲ ਅਤੇ ਉਨ੍ਹਾਂ ਦੀ ਟੀਮ ਵਲੋਂ ਗਾਜ਼ੀ ਗੁੱਲਾ ਚੌਕ ਵਿਖੇ ਨਾਕਾਬੰਦੀ ਕੀਤੀ ਗਈ ਸੀ। ਨਾਕੇ 'ਤੇ ਵਾਹਨ ਚਾਲਕਾਂ ਨੂੰ ਰੋਕ ਕੇ ਚੈਕਿੰਗ ਅਤੇ ਚਲਾਨ ਕੱਟੇ ਜਾ ਰਹੇ ਸਨ। ਇਸੇ ਦੌਰਾਨ ਪੁਲਸ ਟੀਮ ਨੇ ਕ੍ਰਿਸ਼ਨਾ ਨਗਰ ਨਿਵਾਸੀ ਗੌਰਵ ਰਾਏ ਨੂੰ ਚੈਕਿੰਗ ਲਈ ਰੋਕਿਆ। ਗੌਰਵ ਨੇ ਦੱਸਿਆ ਕਿ ਉਸਨੇ ਵਾਹਨ ਦੇ ਦਸਤਾਵੇਜ਼ ਦਿਖਾਏ। ਸਾਰੇ ਦਸਤਾਵੇਜ਼ ਪੂਰੇ ਸਨ ਪਰ ਉਸਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ। ਉਸ ਨੇ ਬੇਨਤੀ ਕੀਤੀ ਪਰ ਕਰਮਚਾਰੀ ਨੇ ਸਿੱਧਾ ਹੀ ਉਸ ਨੂੰ ਕਿਹਾ ਕਿ 'ਸੇਵਾ ਜਾਂ ਚਲਾਨ'।
ਗੌਰਵ ਦਾ ਦੋਸ਼ ਹੈ ਕਿ ਕਰਮਚਾਰੀ ਨੇ ਉਸ ਤੋਂ 100 ਰੁਪਏ ਮੰਗੇ ਪਰ ਉਸਨੇ ਰਿਸ਼ਵਤ ਦੇਣ ਤੋਂ ਮਨ੍ਹਾ ਕਰਕੇ ਚਲਾਨ ਕੱਟਣ ਲਈ ਕਿਹਾ ਪਰ ਇਸੇ ਦੌਰਾਨ ਉਸਨੇ ਦੇਖਿਆ ਕਿ ਨਾਕੇ 'ਤੇ ਤਾਇਨਾਤ ਕਰਮਚਾਰੀ ਰਿਸ਼ਵਤ ਲੈ ਕੇ ਵਾਹਨ ਚਾਲਕਾਂ ਨੂੰ ਜਾਣ ਦੇ ਰਹੇ ਹਨ। ਉਹ ਤੁਰੰਤ ਇਕ ਸਾਈਡ ਖੜ੍ਹਾ ਹੋ ਗਿਆ ਅਤੇ ਕਰਮਚਾਰੀਆਂ ਦੇ ਕਰਤੂਤਾਂ ਦੀ ਮੋਬਾਇਲ 'ਤੇ ਕਲਿਪ ਬਣਾ ਲਈ। ਗੌਰਵ ਰਾਏ ਨੇ ਦੱਸਿਆ ਕਿ ਉਸਨੇ ਕਰਮਚਾਰੀ ਨੂੰ ਰਿਸ਼ਵਤ ਲੈਂਦੇ ਮੋਬਾਇਲ ਵਿਚ ਕੈਦ ਕੀਤਾ ਅਤੇ ਕਲਿਪ ਸਿੱਧੇ ਪੁਲਸ ਕਮਿਸ਼ਨਰ ਪ੍ਰਵੀਨ ਸਿਨ੍ਹਾ ਦੇ ਵਟਸਐਪ 'ਤੇ ਭੇਜੀ ਅਤੇ ਫੋਨ 'ਤੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਪੁਲਸ ਕਮਿਸ਼ਨਰ ਨੇ ਹੈੱਡ ਕਾਂਸਟੇਬਲ ਜਸਬੀਰ ਸਿੰਘ ਨੂੰ ਸਸਪੈਂਡ ਕਰਨ ਦੇ ਨਿਰਦੇਸ਼ ਦੇ ਕੇ ਜਾਂਚ ਦੇ ਹੁਕਮ ਦੇ ਦਿੱਤੇ ਹਨ।
ਆੜ੍ਹਤੀਆਂ ਨਾਲ ਠੱਗੀ ਮਾਰ ਕੇ ਭੱਜਿਆ ਮੁਲਜ਼ਮ ਅੰਮ੍ਰਿਤਸਰ ਤੋਂ ਕਾਬੂ
NEXT STORY