ਅੰਮ੍ਰਿਤਸਰ, (ਛੀਨਾ)- ਸੁਖਦੇਵ ਸਿੰਘ ਡੋਲ ਤੇ ਵਰਿਆਮ ਸਿੰਘ ਡੋਲ ਪੁੱਤਰ ਸਵ. ਜੋਗਿੰਦਰ ਸਿੰਘ ਵਾਸੀ ਅਲਫਾ ਸਿਟੀ ਨੇ ਅੱਜ ਇਥੇ ਗੱਲਬਾਤ ਕਰਦਿਆਂ ਕਿਹਾ ਕਿ ਮਹਿਤਾ ਛਾਪ ਦੇ ਨਾਂ 'ਤੇ ਉਹ ਖਲ, ਫੀਡ, ਚੋਕਰ ਆਦਿ ਪਸ਼ੂਆਂ ਦੀ ਖੁਰਾਕ ਵੇਚਣ ਦਾ ਕਾਰੋਬਾਰ ਕਰਦੇ ਹਨ ਪਰ ਪਿਛਲੇ ਕੁਝ ਸਮੇਂ ਤੋਂ ਸਥਾਨਕ ਪੁਲਸ ਨੇ ਸਿਆਸੀ ਦਬਾਅ ਹੇਠ ਉਨ੍ਹਾਂ ਦਾ ਜਿਊਣਾ ਮੁਹਾਲ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਮਹਿਤਾ ਛਾਪ ਟਰੇਡ ਮਾਰਕਾ ਸੁਖਦੇਵ ਸਿੰਘ ਡੋਲ, ਵਰਿਆਮ ਸਿੰਘ ਡੋਲ ਤੇ ਸਾਡੀ ਮਾਤਾ ਸਵ. ਸਵਿੰਦਰ ਕੌਰ ਦੇ ਨਾਂ 'ਤੇ ਸੀ ਪਰ ਸਾਡੇ ਭਰਾ ਬਲਦੇਵ ਸਿੰਘ ਡੋਲ ਨੇ 2008 'ਚ ਧੋਖੇ ਨਾਲ ਗਲਤ ਕਾਗਜ਼ਾਤ ਬਣਾ ਕੇ ਮਹਿਤਾ ਛਾਪ ਟਰੇਡ ਮਾਰਕਾ ਆਪਣੀ ਪਤਨੀ ਦਰਸ਼ਨ ਕੌਰ ਦੇ ਨਾਂ 'ਤੇ ਕਰਵਾ ਦਿੱਤਾ।
ਉਨ੍ਹਾਂ ਕਿਹਾ ਕਿ 2016 'ਚ ਬਲਦੇਵ ਸਿੰਘ ਡੋਲ ਨੇ ਜਦੋਂ ਸ਼ਰੇਆਮ ਮਹਿਤਾ ਛਾਪ ਟਰੇਡ ਮਾਰਕਾ ਦੇ ਨਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਤਾਂ ਅਸੀਂ ਉਸ ਖਿਲਾਫ ਅੰਮ੍ਰਿਤਸਰ ਦੀ ਮਾਣਯੋਗ ਅਦਾਲਤ ਅਤੇ ਦਿੱਲੀ ਦੀ ਮਾਰਕਾ ਰਜਿਸਟਰਡ ਅਦਾਲਤ 'ਚ ਕੇਸ ਦਾਇਰ ਕਰ ਦਿੱਤਾ, ਜਿਸ ਤੋਂ ਬਾਅਦ ਬਲਦੇਵ ਸਿੰਘ ਡੋਲ ਨੇ ਸਾਨੂੰ ਦਬਾਉਣ ਲਈ ਸਿਆਸੀ ਦਬਾਅ ਹੇਠ ਪੁਲਸ ਦੀ ਦੁਰਵਰਤੋਂ ਕਰਦਿਆਂ ਸਾਡੇ 'ਤੇ ਨਾਜਾਇਜ਼ ਹੀ ਪੁਲਸ ਕੇਸ ਦਰਜ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ 19 ਮਾਰਚ 2018 ਨੂੰ ਦਿੱਲੀ ਦੀ ਮਾਰਕਾ ਰਜਿਸਟਰਡ ਅਦਾਲਤ ਨੇ ਕੇਸ ਸਾਡੇ ਹੱਕ 'ਚ ਕਰ ਦਿੱਤਾ, ਜਿਸ ਦੇ ਬਾਵਜੂਦ ਸਥਾਨਕ ਪੁਲਸ ਸਾਡੀ ਕੋਈ ਵੀ ਗੱਲ ਸੁਣਨ ਲਈ ਤਿਆਰ ਨਹੀਂ ਅਤੇ ਸਾਡੇ 'ਤੇ ਲਗਾਤਾਰ 2 ਹੋਰ ਪੁਲਸ ਕੇਸ ਦਰਜ ਕਰ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਜਿਸ ਕਾਰੋਬਾਰ ਨੂੰ ਖੜ੍ਹਾ ਕਰਨ ਲਈ ਸਾਡੀ ਉਮਰ ਬੀਤ ਗਈ, ਉਸ ਨੂੰ ਢਾਅ ਲਾਉਣ ਦੇ ਮਕਸਦ ਨਾਲ ਪੁਲਸ ਵੱਲੋਂ ਦੁਕਾਨਾਂ 'ਚ ਪਿਆ ਸਾਡਾ ਮਾਲ ਜਬਰੀ ਜ਼ਬਤ ਕੀਤਾ ਜਾ ਰਿਹਾ ਹੈ, ਜਿਸ ਨਾਲ ਸਾਡੇ ਮਾਣ-ਸਨਮਾਨ ਨੂੰ ਵੀ ਭਾਰੀ ਠੇਸ ਪੁੱਜ ਰਹੀ ਹੈ। ਅੱਜ ਵੀ ਥਾਣਾ ਸੀ-ਡਵੀਜ਼ਨ ਦੀ ਪੁਲਸ ਨੇ ਸਾਡੇ ਮਾਲ ਦੀਆਂ 260 ਬੋਰੀਆਂ ਜ਼ਬਤ ਕਰ ਲਈਆਂ, ਜਿਨ੍ਹਾਂ 'ਚ ਮਹਿਤਾ ਛਾਪ, ਡੋਲ ਬ੍ਰਾਂਡ ਤੇ ਮਹਿਕ ਬ੍ਰਾਂਡ ਦਾ ਮਾਲ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਦਾ ਸਾਡੇ ਪ੍ਰਤੀ ਮਾੜਾ ਰਵੱਈਆ ਜਾਰੀ ਰਿਹਾ ਤਾਂ ਅਸੀਂ ਪਰਿਵਾਰ ਸਮੇਤ ਖੁਦਕੁਸ਼ੀ ਕਰ ਲਵਾਂਗੇ, ਜਿਸ ਲਈ ਸਿੱਧੇ ਤੌਰ 'ਤੇ ਗੁਰੂ ਨਗਰੀ ਦੀ ਪੁਲਸ ਜ਼ਿੰਮੇਵਾਰ ਹੋਵੇਗੀ।
ਇਸ ਸਬੰਧੀ ਜਦੋਂ ਦੂਜੀ ਧਿਰ ਬਲਦੇਵ ਸਿੰਘ ਡੋਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ 2007-08 'ਚ ਅਸੀਂ ਕਾਰੋਬਾਰ ਵੱਖ ਕੀਤਾ ਸੀ ਤੇ ਉਸ ਮੌਕੇ ਰਿਸ਼ਤੇਦਾਰਾਂ ਦੀ ਹਾਜ਼ਰੀ 'ਚ ਮਹਿਤਾ ਛਾਪ ਖਲ ਦਾ ਟਰੇਡ ਮਾਰਕਾ ਮੈਨੂੰ ਦੇ ਦਿੱਤਾ ਗਿਆ ਸੀ ਤੇ 2011 'ਚ ਉਸ ਦੀ ਬਾਕਾਇਦਾ ਲਿਖਤ ਕੀਤੀ ਗਈ ਸੀ, ਜਿਸ ਨੂੰ ਮੇਰੇ ਭਰਾ ਝੂਠੀ ਦੱਸ ਰਹੇ ਹਨ। 2016 'ਚ ਸੁਖਦੇਵ ਸਿੰਘ ਡੋਲ ਤੇ ਵਰਿਆਮ ਸਿੰਘ ਡੋਲ ਨੇ ਆਪਣੇ ਫੈਸਲੇ ਦੇ ਉਲਟ ਜਾਂਦਿਆਂ ਮਹਿਤਾ ਛਾਪ ਖਲ ਦੇ ਟਰੇਡ ਮਾਰਕੇ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਹੀ ਉਨ੍ਹਾਂ 'ਤੇ ਕਾਨੂੰਨੀ ਕਾਰਵਾਈ ਹੋ ਰਹੀ ਹੈ।
ਦਿਨ-ਦਿਹਾੜੇ ਘਰ 'ਚੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ
NEXT STORY