ਗੁਰਦਾਸਪੁਰ (ਵਿਨੋਦ)- ਬੀਤੇ ਦਿਨੀਂ ਗੁਰਦਾਸਪੁਰ ਦੀ ਇਕ ਮਹਿਲਾ ਜੱਜ ਦੀ ਸਰਕਾਰੀ ਰਿਹਾਇਸ਼ ’ਤੇ ਹੋਈ ਵੱਡੀ ਚੋਰੀ ਹੋਣ ਦੇ ਮਾਮਲੇ ਨੇ ਇਕ ਨਵਾਂ ਰੂਪ ਲੈ ਲਿਆ ਹੈ। ਇਸ ਚੋਰੀ ਸਬੰਧੀ ਮਹਿਲਾ ਜੱਜ ਦੇ ਘਰ ਸਫ਼ਾਈ ਆਦਿ ਦਾ ਕੰਮ ਕਰਨ ਵਾਲੀ ਕੁੜੀ ਮਮਤਾ ਨੂੰ ਬੀਤੇ ਦਿਨ ਸਿਵਲ ਹਸਪਤਾਲ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨੇ ਗੰਭੀਰ ਹਾਲਤ ’ਚ ਦਾਖ਼ਲ ਕਰਵਾਇਆ, ਕਿਉਂਕਿ ਕੁੜੀ ਨੇ ਦੋਸ਼ ਲਗਾਇਆ ਕਿ ਮਹਿਲਾ ਜੱਜ ਦੇ ਘਰ ਵਿਚ ਹੋਏ ਚੋਰੀ ਸਬੰਧੀ ਸਿਟੀ ਪੁਲਸ ਨੇ ਉਸ ਨੂੰ ਪੁੱਛਗਿੱਛ ਲਈ ਬੁਲਾ ਕੇ ਥਰਡ ਡਿਗਰੀ ਦਾ ਤਸ਼ੱਦਦ ਕੀਤਾ, ਜਿਸ ਕਾਰਨ ਉਸ ਦੀ ਹਾਲਤ ਖ਼ਰਾਬ ਹੋ ਗਈ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਜਦ ਕੁੜੀ ਨੂੰ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਦਾ ਰਸਤਾ ਅਪਣਾਇਆ ਜਾਵੇਗਾ। ਇਸ ਸਬੰਧੀ ਐੱਸ. ਐੱਸ. ਪੀ. ਹਰੀਸ਼ ਕੁਮਾਰ ਨੇ ਇਸ ਘਟਨਾ ਦੀ ਜਾਂਚ ਡੀ. ਐੱਸ. ਪੀ. ਸੁਖਪਾਲ ਸਿੰਘ ਨੂੰ ਸੌਂਪ ਕੇ ਜਲਦੀ ਰਿਪੋਰਟ ਦੇਣ ਨੂੰ ਕਿਹਾ।
ਇਹ ਵੀ ਪੜ੍ਹੋ- ਵਿਆਹੁਤਾ ਨੂੰ ਧਮਕਾਉਣ ਲਈ ਵਿਅਕਤੀ ਨੇ ਪਾਈ ਪੁਲਸ ਦੀ ਵਰਦੀ, ਹਥਿਆਰਾਂ ਨਾਲ ਭੇਜਦਾ ਸੀ ਤਸਵੀਰਾਂ
ਇਸ ਸਬੰਧੀ ਸਿਵਲ ਹਸਪਤਾਲ ’ਚ ਦਾਖ਼ਲ ਮਮਤਾ (23) ਪੁੱਤਰੀ ਤਰਸੇਮ ਮਸੀਹ ਵਾਸੀ ਪਿੰਡ ਆਲੇਚੱਕ ਨੇ ਦੱਸਿਆ ਕਿ ਉਹ ਮਹਿਲਾ ਜੱਜ ਦੇ ਘਰ ਸਫ਼ਾਈ ਦਾ ਕੰਮ ਕਰਦੀ ਹੈ ਅਤੇ ਪਿਛਲੇ ਦਿਨੀਂ ਮਹਿਲਾ ਜੱਜ ਦੇ ਘਰੋਂ 22 ਤੋਲੇ ਸੋਨੇ ਦੇ ਗਹਿਣੇ ਅਤੇ ਕਰੀਬ 20,000 ਰੁਪਏ ਚੋਰੀ ਹੋ ਗਏ ਸਨ। ਚੋਰੀ ਦੇ ਸ਼ੱਕ ’ਚ ਪਹਿਲੀ ਜੁਲਾਈ ਨੂੰ ਸਵੇਰੇ 11 ਵਜੇ ਉਸ ਨੂੰ ਘਰੋਂ ਚੁੱਕ ਲਿਆ। ਪੁਲਸ ਨੇ ਪਹਿਲਾਂ ਸਾਡੇ ਘਰ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਪਰ ਕੁਝ ਨਾ ਮਿਲਣ ਕਾਰਨ ਉਸ ਨੂੰ ਥਾਣਾ ਸਿਟੀ ਵਿਖੇ ਲਿਆਂਦਾ ਗਿਆ। ਪੁਲਸ ਨੇ ਉਸ ਨੂੰ ਸਿਟੀ ਥਾਣੇ ’ਚ ਰੱਖਣ ਦੀ ਬਜਾਏ ਪੁਲਸ ਕੁਆਰਟਰ ’ਚ 2 ਦਿਨ ਰੱਖ ਕੇ ਤਸ਼ੱਦਦ ਕੀਤਾ ਅਤੇ ਗੁਪਤ ਅੰਗਾਂ ’ਤੇ ਬਿਜਲੀ ਦਾ ਕਰੰਟ ਵੀ ਲਾਇਆ। ਐਤਵਾਰ ਰਾਤ ਕਰੀਬ 11 ਵਜੇ ਉਸ ਨੂੰ ਪਿੰਡ ਦੇ ਸਰਪੰਚ ਕੁਲਵੰਤ ਸਿੰਘ ਨੂੰ ਬੁਲਾ ਕੇ ਉਸ ਨਾਲ ਘਰ ਭੇਜ ਦਿੱਤਾ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, 3 ਅਣਪਛਾਤਿਆਂ ਨੇ ਨੌਜਵਾਨਾਂ 'ਤੇ ਅੰਨ੍ਹੇਵਾਹ ਚਲਾਈਆਂ ਗੋਲ਼ੀਆਂ
ਜਦੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਕਮੇਟੀ ਦੇ ਅਹੁਦੇਦਾਰਾਂ ਨੇ ਕੁੜੀ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਕਮੇਟੀ ਦੇ ਉਪ ਪ੍ਰਧਾਨ ਜਤਿੰਦਰ ਸਿੰਘ ਤੇ ਹੋਰ ਅਹੁਦੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਪੁਲਸ ਨੇ ਇਕ ਨੌਜਵਾਨ ਕੁੜੀ ਨੂੰ 2 ਦਿਨ ਨਾਜਾਇਜ਼ ਹਿਰਾਸਤ ’ਚ ਰੱਖ ਕੇ ਅਣਮਨੁੱਖੀ ਤਸ਼ੱਦਦ ਕੀਤਾ। ਇਸ ਦੌਰਾਨ ਇਕ ਵੀ ਮਹਿਲਾ ਕਰਮਚਾਰੀ ਮੌਕੇ ’ਤੇ ਨਹੀਂ ਸੀ। ਕੁੜੀ ਦੇ ਗੁਪਤ ਅੰਗ ’ਤੇ ਕਰੰਟ ਲਗਾਇਆ। ਇਨ੍ਹਾਂ ਆਗੂਆਂ ਨੇ ਕਿਹਾ ਕਿ ਜੇਕਰ ਪੁਲਸ ਨੂੰ ਕੁੜੀ ’ਤੇ ਚੋਰੀ ਦਾ ਸ਼ੱਕ ਹੁੰਦਾ ਤਾਂ ਉਸ ਖ਼ਿਲਾਫ਼ ਕੇਸ ਦਰਜ ਕਰ ਕੇ ਅਦਾਲਤ ਤੋਂ ਰਿਮਾਂਡ ਲੈ ਕੇ ਕਾਨੂੰਨੀ ਤੌਰ ’ਤੇ ਪੁੱਛਗਿੱਛ ਕੀਤੀ ਜਾ ਸਕਦੀ ਸੀ। ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਸ਼ਾਮ 5 ਵਜੇ ਤੋਂ ਬਾਅਦ ਕਿਸੇ ਵੀ ਔਰਤ ਨੂੰ ਥਾਣੇ ’ਚ ਨਹੀਂ ਰੱਖਿਆ ਜਾ ਸਕਦਾ। ਉਕਤ ਆਗੂਆਂ ਨੇ ਕੁੜੀ ’ਤੇ ਤਸ਼ੱਦਤ ਕਰਨ ਵਾਲੇ ਥਾਣਾ ਸਿਟੀ ਦੇ ਇੰਚਾਰਜ ਸਮੇਤ ਸਾਰੇ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਕੇ ਉੱਚ ਪੱਧਰੀ ਅਧਿਕਾਰੀ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਇਸ ਸਬੰਧੀ ਪਿੰਡ ਆਲੇਚੱਕ ਦੇ ਸਰਪੰਚ ਕੁਲਵੰਤ ਸਿੰਘ ਨੇ ਵੀ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਰਾਤ ਥਾਣਾ ਸਿਟੀ ਤੋਂ ਫੋਨ ਆਇਆ ਸੀ ਕਿ ਉਹ ਆ ਕੇ ਕੁੜੀ ਨੂੰ ਲੈ ਜਾਣ। ਜਦੋਂ ਉਹ ਉਸਨੂੰ ਲੈਣ ਸਿਟੀ ਥਾਣੇ ਪਹੁੰਚਿਆ ਤਾਂ ਉਸਦੀ ਹਾਲਤ ਬਹੁਤ ਖ਼ਰਾਬ ਸੀ ਅਤੇ ਬਹੁਤ ਕੁੱਟਮਾਰ ਕੀਤੀ ਗਈ ਸੀ। ਕੁੜੀ ਦਾ ਇਲਾਜ ਕਰ ਰਹੇ ਡਾਕਟਰ ਰਾਜ ਮਸੀਹ ਨੇ ਦੱਸਿਆ ਕਿ ਕੁੜੀ ਨੇ ਦੋਸ਼ ਲਾਇਆ ਕਿ ਥਾਣੇ ਦੇ ਕੁਆਰਟਰਾਂ ’ਚ ਉਸ ਨਾਲ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਹਨ। ਕੁੜੀ ਦੀਆਂ ਅੱਖਾਂ, ਮੂੰਹ, ਪਿੱਠ ਆਦਿ ’ਤੇ ਗੰਭੀਰ ਸੱਟਾਂ ਹਨ ਪਰ ਕੁੜੀ ਦੀ ਸਿਹਤ ’ਚ ਸੁਧਾਰ ਹੋ ਰਿਹਾ ਹੈ।
ਇਹ ਵੀ ਪੜ੍ਹੋ- ਬਾਬਾ ਬਰਫਾਨੀ ਦੀ ਲਗਨ 'ਚ ਲੀਨ 69 ਸਾਲਾ ਦਸ਼ਵੰਤੀ, ਸਰਕਾਰੀ ਨੌਕਰੀ ਛੱਡ 25 ਸਾਲਾਂ ਤੋਂ ਕਰ ਰਹੀ ਸੇਵਾ
ਜ਼ਿਲ੍ਹਾ ਪੁਲਸ ਮੁਖੀ ਨੇ ਮਾਮਲੇ ਦੀ ਜਾਂਚ ਡੀ. ਐੱਸ. ਪੀ. ਅਧਿਕਾਰੀ ਨੂੰ ਸੌਂਪੀ
ਜ਼ਿਲ੍ਹਾ ਪੁਲਸ ਮੁਖੀ ਹਰੀਸ਼ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘਟਨਾ ਬਾਰੇ ਪਤਾ ਲੱਗਾ ਹੈ। ਮਾਮਲੇ ਦੀ ਜਾਂਚ ਡੀ. ਐੱਸ. ਪੀ. ਸੁਖਪਾਲ ਸਿੰਘ ਨੂੰ ਸੌਂਪੀ ਗਈ ਹੈ। ਜਦੋਂਕਿ ਡੀ. ਐੱਸ. ਪੀ. ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਕੁੜੀ ਤੋਂ ਸਿਰਫ਼ ਪੁੱਛਗਿੱਛ ਕੀਤੀ ਗਈ ਹੈ। ਫਿਲਹਾਲ ਉਸ ਨਾਲ ਕੁੱਟਮਾਰ ਦਾ ਕੋਈ ਸਬੂਤ ਨਹੀਂ ਹੈ। ਫਿਰ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਕੈਨੇਡਾ ਨੇ ਕਰ 'ਤਾ ਵੱਡਾ ਐਲਾਨ , IELTS 'ਚ ਘੱਟ ਸਕੋਰ ਵਾਲਿਆਂ ਲਈ ਸੁਨਹਿਰੀ ਮੌਕਾ
NEXT STORY