ਜਲੰਧਰ/ਚੰਡੀਗੜ੍ਹ (ਧਵਨ)—ਪੰਜਾਬ ਸਰਕਾਰ ਨੇ ਦਸੰਬਰ ਮਹੀਨੇ ਦੇ ਅੱਧ ਵਿਚ ਕਾਰਪੋਰੇਸ਼ਨ ਚੋਣਾਂ ਕਰਵਾਉਣ ਦਾ ਮਨ ਬਣਾ ਲਿਆ ਹੈ। ਮੁੱਖ ਮੰਤਰੀ ਨੇ ਇਸ ਲਈ ਖੁਦ ਕਮਾਨ ਸੰਭਾਲ ਲਈ ਹੈ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਨੇ ਅੱਜ ਜਲੰਧਰ ਤੇ ਅੰਮ੍ਰਿਤਸਰ ਦੇ ਵਿਧਾਇਕਾਂ ਨਾਲ ਬੈਠਕ ਕੀਤੀ, ਜਿਸ ਵਿਚ ਦੋਵਾਂ ਸ਼ਹਿਰਾਂ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ।
ਮੁੱਖ ਮੰਤਰੀ ਨੇ ਸਵੇਰੇ ਜਲੰਧਰ ਦੇ ਸੰਸਦ ਮੈਂਬਰ ਸੰਤੋਖ ਚੌਧਰੀ ਸਮੇਤ ਚਾਰੇ ਵਿਧਾਇਕਾਂ ਪਰਗਟ ਸਿੰਘ, ਰਾਜਿੰਦਰ ਬੇਰੀ, ਬਾਵਾ ਹੈਨਰੀ ਤੇ ਸੁਸ਼ੀਲ ਰਿੰਕੂ ਨਾਲ ਬੈਠਕ ਕੀਤੀ। ਇਸ ਵਿਚ ਜਲੰਧਰ 'ਚ ਮੁੱਖ ਮੰਤਰੀ ਵੱਲੋਂ ਐਲਾਨ ਕੀਤੀਆਂ ਗਈਆਂ ਗ੍ਰਾਂਟਾਂ ਸਬੰਧੀ ਚਰਚਾ ਕੀਤੀ ਗਈ। ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਵਿਕਾਸ ਕਾਰਜਾਂ ਦੇ ਟੈਂਡਰ ਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਕਾਂਗਰਸੀ ਹਲਕਿਆਂ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਨੇ ਇਸ਼ਾਰਿਆਂ ਵਿਚ ਜਲੰਧਰ ਤੇ ਅੰਮ੍ਰਿਤਸਰ ਦੇ ਵਿਧਾਇਕਾਂ ਨੂੰ ਦੱਸ ਦਿੱਤਾ ਹੈ ਕਿ ਹੁਣ ਉਹ ਵਾਰਡਬੰਦੀ ਤੇ ਵੋਟਰ ਸੂਚੀ ਵੱਲ ਧਿਆਨ ਦਿੱਤੇ ਬਿਨਾਂ ਚੋਣਾਂ ਲਈ ਕਮਰ ਕੱਸ ਲੈਣ। ਇਨ੍ਹਾਂ ਦੋਵਾਂ ਬੈਠਕਾਂ ਵਿਚ ਮੁੱਖ ਮੰਤਰੀ ਦੇ ਨਾਲ ਸਥਾਨਕ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹੋਏ। ਸਿੱਧੂ ਨੇ ਵੀ ਚੋਣਾਂ ਸਬੰਧੀ ਆਪਣੇ ਵਿਚਾਰ ਮੁੱਖ ਮੰਤਰੀ ਸਾਹਮਣੇ ਰੱਖੇ। ਮੁੱਖ ਮੰਤਰੀ ਨੇ ਇਹ ਵੀ ਇਸ਼ਾਰਾ ਕੀਤਾ ਹੈ ਕਿ ਹੁਣ ਵੋਟਰ ਸੂਚੀ ਵਿਚ ਜ਼ਿਆਦਾ ਤਬਦੀਲੀ ਨਹੀਂ ਕੀਤੀ ਜਾਵੇਗੀ ਤੇ ਪਾਰਟੀ ਵਿਧਾਇਕਾਂ ਨੂੰ ਮੌਜੂਦਾ ਹਾਲਾਤ ਵਿਚ ਹੀ ਚੋਣਾਂ ਜਿੱਤਣੀਆਂ ਪੈਣਗੀਆਂ। ਦੇਰ ਸ਼ਾਮ ਮੁੱਖ ਮੰਤਰੀ ਨੇ ਅੰਮ੍ਰਿਤਸਰ ਦੇ ਵਿਧਾਇਕਾਂ ਨਾਲ ਬੈਠਕ ਕੀਤੀ, ਜਿਸ ਵਿਚ ਸਿੱਧੂ ਤੋਂ ਇਲਾਵਾ ਓ. ਪੀ. ਸੋਨੀ, ਸੁਨੀਲ ਦੱਤੀ, ਡਾ. ਰਾਜ ਕੁਮਾਰ ਵੇਰਕਾ ਤੋਂ ਇਲਾਵਾ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਵੀ ਹਿੱਸਾ ਲਿਆ। ਇਨ੍ਹਾਂ ਦੋਵਾਂ ਬੈਠਕਾਂ ਵਿਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਵੀ ਹਿੱਸਾ ਲਿਆ ਤੇ ਕਾਰਪੋਰੇਸ਼ਨ ਚੋਣਾਂ ਸਬੰਧੀ ਆਪਣੇ ਵਿਚਾਰ ਰੱਖੇ। ਮੰਨਿਆ ਜਾ ਰਿਹਾ ਹੈ ਕਿ ਅਗਲੇ 2-3 ਦਿਨਾਂ ਵਿਚ ਕਾਰਪੋਰੇਸ਼ਨ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਸਕਦਾ ਹੈ। ਮੁੱਖ ਮੰਤਰੀ ਚੋਣਾਂ ਨੂੰ ਅੱਗੇ ਪਾਉਣ ਦੇ ਪੱਖ ਵਿਚ ਨਹੀਂ ਸਨ। ਉਨ੍ਹਾਂ ਕਿਹਾ ਕਿ ਪਾਰਟੀ ਨੇ ਗੁਰਦਾਸਪੁਰ ਉਪ ਚੋਣ ਜਿੱਤੀ ਹੈ, ਇਸੇ ਤਰ੍ਹਾਂ ਹੋਰ ਸੂਬਿਆਂ ਵਿਚ ਵੀ ਕਾਂਗਰਸ ਨੂੰ ਫਤਿਹ ਹਾਸਲ ਹੋਈ ਹੈ, ਇਸ ਲਈ ਹੁਣ ਕਾਰਪੋਰੇਸ਼ਨ ਚੋਣਾਂ ਵਿਚ ਹੋਰ ਦੇਰ ਨਹੀਂ ਕਰਨੀ ਚਾਹੀਦੀ।
ਜੌਹਲ ਦੀ ਹਮਾਇਤ ਕਰਕੇ 'ਆਪ' ਆਈ. ਐੱਸ. ਆਈ. ਦੇ ਮਨਸੂਬੇ ਪੂਰੇ ਕਰ ਰਹੀ : ਭਾਜਪਾ
NEXT STORY