ਟਾਂਡਾ ਉੜਮੁੜ, (ਪੰਡਿਤ, ਮੋਮੀ, ਕੁਲਦੀਸ਼)- ਬੀਤੀ ਰਾਤ ਟਾਂਡਾ-ਹੁਸ਼ਿਆਰਪੁਰ ਮਾਰਗ 'ਤੇ ਪਿੰਡ ਕਲੋਆ ਅੱਡੇ ਨਜ਼ਦੀਕ ਕਿਸੇ ਨਿੱਜੀ ਸੰਸਥਾ ਵੱਲੋਂ ਕਿਸਾਨਾਂ ਦੇ ਖੇਤਾਂ ਵਿਚੋਂ ਇਕੱਠੀ ਕੀਤੀ ਗੰਨੇ ਦੀ ਖੋਰੀ ਦੇ ਡੰਪ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸਪਾਰਕਿੰਗ ਕਾਰਨ ਟਰਾਂਸਫਾਰਮਰ ਵਿਚੋਂ ਨਿਕਲੀ ਚੰਗਿਆੜੀ ਦੱਸਿਆ ਜਾ ਰਿਹਾ ਹੈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਕਾਰਨ ਡੰਪ ਵਿਚ ਸਟੋਰ ਕੀਤੀਆਂ ਖੋਰੀ ਦੀਆਂ ਹਜ਼ਾਰਾਂ ਗੱਠਾਂ ਸੜ ਕੇ ਸੁਆਹ ਹੋ ਗਈਆਂ। ਅੱਗ ਦੀਆਂ ਉੱਚੀਆਂ-ਉੱਚੀਆਂ ਲਾਟਾਂ ਦੇਖ ਕੇ ਸੈਂਕੜੇ ਲੋਕ ਇਕੱਠੇ ਹੋ ਗਏ। ਅੱਗ 'ਤੇ ਦੇਰ ਰਾਤ ਹੁਸ਼ਿਆਰਪੁਰ ਅਤੇ ਉੱਚੀ ਬੱਸੀ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਫਾਇਰ ਕਰਮੀਆਂ ਨੂੰ ਜ਼ਿਆਦਾ ਸਫਲਤਾ ਨਹੀਂ ਮਿਲੀ।
ਇਸ ਘਟਨਾ ਵਿਚ ਲਗਭਗ 2 ਏਕੜ ਤੋਂ ਜ਼ਿਆਦਾ ਜ਼ਮੀਨ 'ਤੇ ਵੱਡੇ ਢੇਰਾਂ ਦੇ ਰੂਪ ਵਿਚ ਸਟੋਰ ਕੀਤੀ ਖੋਰੀ ਸੜ ਕੇ ਸੁਆਹ ਹੋ ਗਈ। ਅੱਗ ਇੰਨੀ ਭਿਆਨਕ ਸੀ ਕਿ ਅੱਜ ਦੁਪਹਿਰ ਤਕ ਵੀ ਸੁਲਗ ਰਹੀ ਸੀ। ਲੁਧਿਆਣਾ ਨਾਲ ਸਬੰਧਤ ਸੰਦੀਪ ਅਤੇ ਉਸ ਦੇ ਭਰਾ ਵੱਲੋਂ ਉੱਦਮ ਕਰ ਕੇ ਲੱਖਾਂ ਰੁਪਏ ਦੀ ਬੇਲਰ ਮਸ਼ੀਨ ਅਤੇ ਕਰਮਚਾਰੀਆਂ ਦੀ ਮਦਦ ਨਾਲ ਕਈ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚੋਂ ਗੰਨੇ ਦੀ ਖੋਰੀ ਇਕੱਠੀ ਕਰ ਕੇ ਇਥੇ ਸਟੋਰ ਕੀਤੀ ਗਈ ਸੀ, ਜਿਸ ਦੀ ਇੰਡਸਟਰੀ ਲਈ ਵਰਤੋਂ ਕੀਤੀ ਜਾਣੀ ਸੀ।
ਸੰਦੀਪ ਨੇ ਦੱਸਿਆ ਕਿ ਉਨ੍ਹਾਂ ਖੋਰੀ ਅਤੇ ਫਸਲਾਂ ਦੀ ਰਹਿੰਦ-ਖੂੰਹਦ ਖੇਤਾਂ ਵਿਚੋਂ ਇਕੱਠੀ ਕਰਨ ਦਾ ਇਹ ਕੰਮ ਵਾਤਾਵਰਣ ਦੀ ਸੁਰੱਖਿਆ ਦੀ ਸੋਚ ਨੂੰ ਲੈ ਕੇ ਕੀਤਾ ਸੀ ਅਤੇ ਅਜੇ ਉਨ੍ਹਾਂ ਲੱਖਾਂ ਰੁਪਏ ਖਰਚ ਕੇ ਇਕੱਠੀ ਕੀਤੀ ਖੋਰੀ ਨੂੰ ਇੰਡਸਟਰੀ ਵਿਚ ਵਰਤੋਂ ਲਈ ਦੇਣਾ ਸੀ ਕਿ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਇਸ ਨਾਲ ਉਨ੍ਹਾਂ ਦਾ ਲਗਭਗ 26 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਕੂੜੇ ਦੇ ਢੇਰ 'ਚ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੇ ਸਿੱਖਾਂ ਦੇ ਕੈਲੰਡਰ ਵੇਖ ਭੜਕੇ ਲੋਕ
NEXT STORY