ਪਟਿਆਲਾ, (ਬਲਜਿੰਦਰ, ਜੋਸਨ, ਰਾਣਾ)- ਪੰਜਾਬ ਸਰਕਾਰ ਵੱਲੋਂ ਠੇਕੇਦਾਰੀ ਸਿਸਟਮ ਖਤਮ ਨਾ ਕਰਨ ਤੋਂ ਭੜਕੇ ਹਜ਼ਾਰਾਂ ਪੱਲੇਦਾਰ ਮਜ਼ਦੂਰਾਂ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਸ਼ਹਿਰ ਵਿਚ ਜਿੱਥੇ ਪਹਿਲਾਂ ਵਿਸ਼ਾਲ ਰੋਸ ਮਾਰਚ ਕੀਤਾ ਅਤੇ ਫਿਰ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਇਕ ਲਾ-ਮਿਸਾਲ ਧਰਨਾ ਦਿੰਦੇ ਹੋਏ ਇਕ ਵਾਰ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ। ਨਵੀਂ ਅਨਾਜ ਮੰਡੀ ਤੋਂ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਚਾਰੇ ਪਾਸੇ ਸੜਕਾਂ 'ਤੇ ਮਜ਼ਦੂਰ ਹੀ ਮਜ਼ਦੂਰ ਦਿਖਾਈ ਦੇ ਰਹੇ ਸਨ। ਉਹ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ 'ਤੇ ਵਾਅਦੇ ਤੋਂ ਮੁਕਰਨ ਦਾ ਦੋਸ਼ ਲਾ ਰਹੇ ਸਨ। ਮਜ਼ਦੂਰਾਂ ਨੇ ਆਪਣੇ ਹੱਥਾਂ ਵਿਚ ਝੰਡੇ ਫੜੇ ਹੋਏ ਸਨ। ਆਕਾਸ਼ ਗੁੰਜਾਊ ਨਾਅਰਿਆਂ ਨਾਲ ਮਜ਼ਦੂਰਾਂ ਨੇ ਅੱਜ ਪੁਰਜ਼ੋਰ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੀ ਆਵਾਜ਼ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ, ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਫੂਡ ਸੈਕਟਰੀ ਕੇ. ਪੀ. ਸਿਨਹਾ ਤੱਕ ਪਹੁੰਚ ਜਾਵੇ।
ਦੂਜੇ ਪਾਸੇ ਯੂਨੀਅਨ ਆਗੂਆਂ ਨੇ ਸਾਫ ਤੌਰ 'ਤੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਆਪਣੇ ਹੱਕਾਂ ਲਈ ਸੜਕਾਂ 'ਤੇ ਉਤਰਿਆ ਜਾਵੇਗਾ। ਧਰਨੇ ਤੋਂ ਬਾਅਦ ਐੈੱਸ. ਪੀ. ਸਿਟੀ ਕੇਸਰ ਸਿੰਘ, ਡੀ. ਐੈੱਸ. ਪੀ. ਸੁਖਅੰਮ੍ਰਿਤ ਸਿੰਘ ਰੰਧਾਵਾ, ਡੀ. ਐੈੱਸ. ਪੀ. ਸਿਟੀ-1 ਸੌਰਵ ਜਿੰਦਲ ਨੇ ਯੂਨੀਅਨ ਦੇ ਆਗੂਆਂ ਨਾਲ ਗੱਲ ਕਰ ਕੇ ਇਕ ਵਫਦ ਨੂੰ ਮੁੱਖ ਮੰਤਰੀ ਨਿਵਾਸ ਨਿਊ ਮੋਤੀ ਮਹਿਲ ਲੈ ਗਏ। ਉਨ੍ਹਾਂ ਮੁੱਖ ਮੰਤਰੀ ਦੇ ਓ. ਐੱਸ. ਡੀ. ਤੇ ਪੀ. ਸੀ. ਐੱਸ. ਅਧਿਕਾਰੀ ਰਾਜੇਸ਼ ਸ਼ਰਮਾ ਨਾਲ ਮੁਲਾਕਾਤ ਕੀਤੀ। ਇਥੇ ਸ਼੍ਰੀ ਸ਼ਰਮਾ ਨੇ 2 ਦਿਨ ਦਾ ਸਮਾਂ ਲਿਆ ਕਿਉਂਕਿ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਸ਼ਹਿਰ ਤੋਂ ਬਾਹਰ ਹਨ। ਇਸ ਤੋਂ ਪਹਿਲਾਂ ਪੰਜਾਬ ਪੱਲੇਦਾਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਪੱਧਰੀ ਰੋਸ ਰੈਲੀ ਮਿੰਨੀ ਸਕੱਤਰੇਤ ਪਟਿਆਲਾ ਵਿਖੇ ਵਿਸ਼ਾਲ ਇਕੱਠ ਕਰ ਕੇ ਕੀਤੀ ਗਈ। ਇਸ ਦੀ ਅਗਵਾਈ ਮਾਸਟਰ ਤੇਲੂ ਰਾਮ ਧੂਰੀ ਸੂਬਾ ਪ੍ਰਧਾਨ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ, ਪੰਜਾਬ ਪ੍ਰਦੇਸ਼ ਗੱਲਾ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਗੋਲਡੀ, ਪੰਜਾਬ ਪੱਲੇਦਾਰ ਯੂਨੀਅਨ ਏਟਕ ਦੇ ਡਿਪਟੀ ਜਨਰਲ ਸਕੱਤਰ ਰਣਜੀਤ ਸਿੰਘ ਕਲਿਆਣ ਅਤੇ ਐੈੱਫ. ਸੀ. ਆਈ. ਤੇ ਪੰਜਾਬ ਫੂਡ ਏਜੰਸੀਜ਼ ਪੱਲੇਦਾਰ ਅਜਾਦ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਵੱਲੋਂ ਕੀਤੀ ਗਈ।
ਇਨ੍ਹਾਂ ਅਹੁਦੇਦਾਰਾਂ ਨੇ ਧਰਨੇ ਦੌਰਾਨ ਦੱਸਿਆ ਕਿ 9 ਸਤੰਬਰ 2016 ਨੂੰ ਜਦੋਂ ਕੈ. ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ, ਉਦੋਂ 'ਕੌਫੀ ਵਿਦ ਕੈਪਟਨ' ਪ੍ਰੋਗਰਾਮ ਦੌਰਾਨ ਉਨ੍ਹਾਂ ਸੰਗਰੂਰ ਦੀ ਅਨਾਜ ਮੰਡੀ ਵਿਖੇ ਹਜ਼ਾਰਾਂ ਪੱਲੇਦਾਰਾਂ ਨਾਲ ਕਾਂਗਰਸ ਦੇ ਸੱਤਾ ਵਿਚ ਆਉਣ 'ਤੇ ਪੱਲੇਦਾਰੀ ਸਿਸਟਮ ਖਤਮ ਕਰਨ ਦਾ ਵਾਅਦਾ ਕੀਤਾ ਸੀ। ਹੁਣ ਮੁੱਖ ਮੰਤਰੀ ਵੱਲੋਂ ਪੱਲੇਦਾਰ ਯੂਨੀਅਨ ਦੇ ਨੁਮਾਇੰਦਿਆਂ ਨਾਲ ਮਿਲਣ ਤੱਕ ਦਾ ਸਮਾਂ ਨਹੀਂ ਦਿੱਤਾ ਗਿਆ। ਹਾਲਾਂਕਿ ਕਈ ਵਾਰ ਮਨਪ੍ਰੀਤ ਬਾਦਲ ਨਾਲ ਇਸ ਵਿਸ਼ੇ 'ਤੇ ਮੀਟਿੰਗਾਂ ਵੀ ਹੋਈਆਂ ਪਰ ਫੂਡ ਸਕੱਤਰ ਕੇ. ਪੀ. ਸਿਨਹਾ ਵੱਲੋਂ ਠੇਕੇਦਾਰੀ ਸਿਸਟਮ ਨਾ ਖਤਮ ਹੋਣ ਵਾਲੀ ਗੱਲ ਕਹਿ ਕੇ ਟਾਲ-ਮਟੋਲ ਕੀਤਾ ਗਿਆ ਹੈ। ਆਗੂਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਾਡੇ ਨਾਲ ਕੈ. ਅਮਰਿੰਦਰ ਸਿੰਘ ਨੇ ਜੋ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕੀਤਾ ਜਾਵੇ।
ਜੇਕਰ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾ ਸਕਦਾ ਹੈ ਤਾਂ ਪੱਲੇਦਾਰਾਂ ਤੋਂ ਠੇਕੇਦਾਰੀ ਸਿਸਟਮ ਖਤਮ ਕਿਉਂ ਨਹੀਂ ਕੀਤਾ ਜਾ ਸਕਦਾ। ਅੱਜ ਦੇ ਧਰਨੇ ਤੋਂ ਬਾਅਦ ਜੇਕਰ ਪੰਜਾਬ ਸਰਕਾਰ ਨੇ ਮੰਗਾਂ 'ਤੇ ਧਿਆਨ ਨਾ ਦਿੱਤਾ ਤਾਂ ਸਾਡਾ ਸੰਘਰਸ਼ ਸਮੂਹ ਪੰਜਾਬ ਦੀਆਂ ਜਥੇਬੰਦੀਆਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਹੋਰ ਤਿੱਖਾ ਕਰਦਿਆਂ ਸੜਕਾਂ 'ਤੇ ਨਿਕਲਣ ਲਈ ਮਜਬੂਰ ਹੋਣਾ ਪਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਡਾ. ਸੁਭਾਸ਼ ਸ਼ਰਮਾ ਪੰਜਾਬ ਇੰਟਕ ਸੂਬਾ ਪ੍ਰਧਾਨ, ਸੁਖਦੇਵ ਸਿੰਘ ਰੋਪੜ ਕਾਰਜਕਾਰਨੀ ਪ੍ਰਧਾਨ ਇੰਟਕ ਅਤੇ ਸ਼ਿੰਦਰਪਾਲ ਚਕੇਰੀਆ ਸੂਬਾ ਸਕੱਤਰ ਵੀ ਹਾਜ਼ਰ ਸਨ।
ਆਦਰਸ਼ ਸਕੂਲ 'ਚ ਅੱਧੀ ਦਰਜਨ ਪਿੰਡਾਂ ਦੇ ਪੜ੍ਹਦੇ ਬੱਚਿਆਂ ਦੇ ਭਵਿੱਖ 'ਤੇ ਲਟਕੀ ਤਲਵਾਰ
NEXT STORY