ਪਠਾਨਕੋਟ, (ਸ਼ਾਰਦਾ)- ਪਿਛਲੇ ਪੰਜ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ 'ਤੇ ਅੱਜ ਸਵੱਛ ਭਾਰਤ ਮਜ਼ਦੂਰ ਯੂਨੀਅਨ ਵੱਲੋਂ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਅਗਵਾਈ ਰਜੇਸ਼ਵਰ ਲਵਲਾ ਨੇ ਕੀਤੀ। ਪ੍ਰਦਰਸ਼ਨਕਾਰੀ ਕੁਲਭੂਸ਼ਣ ਸ਼ਰਮਾ, ਅਮਿਤ ਕੁਮਾਰ, ਮੁਕੇਸ਼ ਸ਼ਰਮਾ, ਨਰੇਸ਼ ਕੁਮਾਰ, ਸੰਜੀਵ ਕੁਮਾਰ, ਨਰੇਸ਼ ਸੈਣੀ, ਦਵਿੰਦਰ ਕੁਮਾਰ, ਅੰਕੁਸ਼, ਕੇਵਲ ਕ੍ਰਿਸ਼ਨ, ਸੁਸ਼ੀਲ ਕੁਮਾਰ, ਵਰਿੰਦਰ ਕੁਮਾਰ, ਵਿਜੇ ਕੁਮਾਰ, ਅਮਨ ਆਦਿ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਪੰਜ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣਾ ਬਹੁਤ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਤਨਖਾਹ ਨਾ ਮਿਲਣ ਕਾਰਨ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ ਕਿਉਂਕਿ ਪੈਸੇ ਨਾ ਹੋਣ ਕਾਰਨ ਬੱਚਿਆਂ ਦੀ ਉਹ ਐਡਮਿਸ਼ਨ ਤੱਕ ਨਹੀਂ ਕਰਵਾ ਪਾ ਰਹੇ। ਉਨ੍ਹਾਂ ਕਿਹਾ ਕਿ ਜਦੋਂ ਤੋਂ ਨਗਰ ਨਿਗਮ ਬਣਿਆ ਹੈ, ਉਦੋਂ ਤੋਂ ਹੀ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਆਵਾਜ਼ ਉਠਾਉਂਦੇ ਹਨ ਤਾਂ ਉਨ੍ਹਾਂ ਨੂੰ ਇਕ ਮਹੀਨੇ ਦੀ ਤਨਖਾਹ ਦੇ ਕੇ ਚੁੱਪ ਕਰਵਾ ਦਿੱਤਾ ਜਾਂਦਾ ਹੈ ਜਦਕਿ ਬਾਕੀ ਦਾ ਬਕਾਇਆ ਨਹੀਂ ਦਿੱਤਾ ਜਾਂਦਾ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਹੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਬਣਦੀ ਤਨਖਾਹ ਨਾ ਦਿੱਤੀ ਗਈ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਕੀ ਕਹਿੰਦੇ ਹਨ ਨਿਗਮ ਅਫ਼ਸਰ?
ਉਕਤ ਸਮੱਸਿਆ ਸਬੰਧੀ ਜਦੋਂ ਐਕਸੀਅਨ ਸਤੀਸ਼ ਸੈਣੀ ਨਾਲ ਫੋਨ 'ਤੇ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਤਨਖਾਹ ਸਬੰਧੀ ਟੈਂਡਰ ਲਾਏ ਗਏ ਸਨ ਪਰ ਕਿਸੇ ਵੱਲੋਂ ਰੁਚੀ ਨਾ ਦਿਖਾਏ ਜਾਣ ਕਾਰਨ ਟੈਂਡਰ ਨਹੀਂ ਹੋ ਪਾਇਆ। ਉਨ੍ਹਾਂ ਦੱਸਿਆ ਕਿ ਜਲਦੀ ਹੀ ਦੁਬਾਰਾ ਟੈਂਡਰ ਲਾਏ ਜਾਣਗੇ।
ਮੋਟਰਸਾਈਕਲ ਸਵਾਰ ਕੋਲੋਂ ਅਣਪਛਾਤਿਆਂ ਨੇ ਕੀਤੀ ਲੁੱਟ-ਖੋਹ
NEXT STORY