ਬਟਾਲਾ, (ਬੇਰੀ, ਸੈਂਡੀ, ਸਾਹਿਲ)- ਸ਼ਹਿਰ 'ਚ ਚਰਮਰਾ ਚੁੱਕੀ ਸੀਵਰੇਜ ਵਿਵਸਥਾ ਕਰ ਕੇ ਜਿਥੇ ਜਗ੍ਹਾ-ਜਗ੍ਹਾ ਗੰਦਾ ਪਾਣੀ ਖੜ੍ਹਾ ਹੋਣ ਦੀਆਂ ਖਬਰਾਂ ਮਿਲ ਰਹੀਆਂ ਹਨ, ਉਥੇ ਨਾਲ ਹੀ ਗੰਦਾ ਪਾਣੀ ਬੀਮਾਰੀਆਂ ਨੂੰ ਸੱਦਾ ਦਿੰਦਾ ਨਜ਼ਰ ਆ ਰਿਹਾ ਹੈ। ਇਸੇ ਲੜੀ ਤਹਿਤ ਅੱਜ ਹਾਥੀ ਗੇਟ ਨੇੜੇ ਭੱਠਾ, ਮੜੀਆਂਵਾਲ ਰੋਡ, ਮਲਾਵੇ ਦੀ ਕੋਠੀ ਸਮੇਤ ਰਾਮ ਨਗਰ 'ਚ ਸੀਵਰੇਜ ਦੀ ਸਫਾਈ ਨਾ ਹੋਣ ਅਤੇ ਵਾਟਰ ਸਪਲਾਈ 'ਚ ਸੀਵਰੇਜ ਦਾ ਗੰਦਾ ਪਾਣੀ ਮਿਲਣ ਦੇ ਰੋਸ ਵਜੋਂ ਉਕਤ ਇਲਾਕਾ ਵਾਸੀਆਂ ਵੱਲੋਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ । ਧਰਨੇ 'ਤੇ ਬੈਠੇ ਭਾਜਪਾ ਕੌਂਸਲਰ ਰਾਕੇਸ਼ ਭੱਟੀ ਸਮੇਤ ਇਲਾਕਾ ਵਾਸੀਆਂ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸਾਡੇ ਇਲਾਕਿਆਂ 'ਚ ਸੀਵਰੇਜ ਦੀ ਬਲਾਕੇਜ ਕਾਰਨ ਗੰਦਾ ਪਾਣੀ ਸੜਕਾਂ 'ਤੇ ਖੜ੍ਹਾ ਹੈ, ਜਿਸ ਨਾਲ ਲੋਕਾਂ ਨੂੰ ਘਰੋਂ ਬਾਹਰ ਨਿਕਲਣ 'ਚ ਭਾਰੀ ਪ੍ਰੇਸ਼ਾਨੀਆਂ ਆ ਰਹੀਆਂ ਹਨ। ਇਲਾਕਾ ਵਾਸੀਆਂ ਨੇ ਅੱਗੇ ਦੱਸਿਆ ਕਿ ਹੋਰ ਤਾਂ ਹੋਰ ਸੀਵਰੇਜ ਦਾ ਗੰਦਾ ਪਾਣੀ ਵਾਟਰ ਸਪਲਾਈ 'ਚ ਮਿਲ ਜਾਣ ਨਾਲ ਲੋਕਾਂ ਨੂੰ ਗੰਦਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜਿਸ ਕਾਰਨ ਹੈਜ਼ਾ, ਟਾਈਫਾਈਡ, ਪੀਲੀਆ ਆਦਿ ਨਾ-ਮੁਰਾਦ ਬੀਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਭਾਜਪਾ ਕੌਂਸਲਰ ਰਾਕੇਸ਼ ਭੱਟੀ ਸਮੇਤ ਲੋਕਾਂ ਨੇ ਮੰਗ ਕੀਤੀ ਕਿ ਸਾਡੇ ਇਲਾਕੇ ਦੀ ਸਫਾਈ ਵਿਵਸਥਾ ਨੂੰ ਦਰੁੱਸਤ ਕੀਤਾ ਜਾਵੇ ਅਤੇ ਸੀਵਰੇਜ ਦੀ ਸਾਫ-ਸਫਾਈ ਦਾ ਪ੍ਰਬੰਧ ਕਰਵਾਇਆ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਮਹਾਮਾਰੀ ਨਾ ਫੈਲ ਸਕੇ। ਇਸ ਦੌਰਾਨ ਪਹੁੰਚੇ ਜੇ. ਈ. ਸੀਵਰੇਜ ਬੋਰਡ ਹਰਪ੍ਰੀਤ ਸਿੰਘ ਨੂੰ ਇਕ ਮੰਗ-ਪੱਤਰ ਐੱਸ. ਡੀ. ਓ. ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਨਾਂ ਸੌਂਪਿਆ ਗਿਆ ਅਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਇਲਾਕਾ ਵਾਸੀ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਜੇ. ਈ. ਹਰਪ੍ਰੀਤ ਸਿੰਘ ਨੇ ਭਰੋਸਾ ਦਿੰਦਿਆਂ ਕਿਹਾ ਕਿ ਜਲਦ ਹੀ ਸੀਵਰੇਜ ਦੀ ਸਮੱਸਿਆ ਦਾ ਹੱਲ ਕਰ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ।
ਇਸੇ ਤਰ੍ਹਾਂ ਸਥਾਨਕ ਕਾਦੀਆਂ ਰੋਡ ਸਥਿਤ ਸੀਵਰੇਜ ਬੋਰਡ ਦਫਤਰ 'ਚ ਵਾਟਰ ਸਪਲਾਈ ਤੇ ਸੀਵਰੇਜ ਕਰਮਚਾਰੀ ਯੂਨੀਅਨ ਵੱਲੋਂ ਦੋ ਮਹੀਨਿਆਂ ਤੋਂ ਤਨਖਾਹਾਂ ਨਾ ਦਿੱਤੇ ਜਾਣ ਅਤੇ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਧਰਨਾ ਦਿੱਤਾ ਗਿਆ, ਜਿਸ ਦੀ ਅਗਵਾਈ ਅਜੈਪਾਲ ਪ੍ਰਧਾਨ ਕਰਮਚਾਰੀ ਯੂਨੀਅਨ ਤੇ ਸਕੱਤਰ ਅਜੀਤ ਰਾਮ ਨੇ ਸਾਂਝੇ ਤੌਰ 'ਤੇ ਕੀਤੀ।
ਗ੍ਰਿਫ਼ਤਾਰ ਦੋਸ਼ੀ ਦੀ ਨਿਸ਼ਾਨਦੇਹੀ 'ਤੇ ਚੋਰੀ ਦਾ ਸਾਮਾਨ ਬਰਾਮਦ
NEXT STORY