ਮੋਗਾ, (ਗਰੋਵਰ, ਗੋਪੀ)- ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਨੇ ਅੱਜ ਮੋਗਾ ਦੇ ਰੋਡਵੇਜ਼ ਡਿਪੂ 'ਤੇ ਰੋਸ ਧਰਨਾ ਲਾ ਕੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਤੇ ਥਰਮਲ ਪਲਾਂਟਾਂ ਨੂੰ ਬੰਦ ਕਰਨ ਦੇ ਲਏ ਗਏ ਫੈਸਲੇ ਤੋਂ ਬਾਅਦ ਹੁਣ ਪੰਜਾਬ ਰੋਡਵੇਜ਼ ਨੂੰ ਬੰਦ ਕਰ ਕੇ ਕਾਰਪੋਰੇਸ਼ਨ 'ਚ ਤਬਦੀਲ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਆਊਟਸੋਰਸ 'ਤੇ ਭਰਤੀ ਲਗਾਤਾਰ ਜਾਰੀ ਹੈ ਅਤੇ ਕੇਂਦਰ ਸਰਕਾਰ ਵੱਲੋਂ 4 ਜਨਵਰੀ, 2018 ਨੂੰ ਰਾਜ ਸਭਾ 'ਚ ਸੇਫਟੀ ਬਿੱਲ ਵੀ ਪਾਸ ਕਰਵਾ ਲਿਆ ਗਿਆ ਹੈ, ਜਿਸ ਕਾਰਨ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਮੁਲਾਜ਼ਮਾਂ 'ਚ ਭਾਰੀ ਘਬਰਾਹਟ ਪਾਈ ਜਾ ਰਹੀ ਹੈ, ਜਿਸ ਨੂੰ ਮੁਲਾਜ਼ਮ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਊਟਸੋਰਸ 'ਤੇ ਪੂਰਨ ਪਾਬੰਦੀ ਹੋਣ ਦੇ ਬਾਵਜੂਦ ਟਰਾਂਸਪੋਰਟ ਦੇ ਉੱਚ ਅਧਿਕਾਰੀ ਠੇਕੇ 'ਤੇ ਭਰਤੀ ਕਰਨ ਦੀ ਬਜਾਏ ਠੇਕੇਦਾਰ ਨਾਲ ਮਿਲੀਭੁਗਤ ਕਰ ਕੇ ਆਊਟਸੋਰਸ ਭਰਤੀ ਕਰਨ 'ਤੇ ਅੜਿੰਗ ਹੈ। ਟਰਾਂਸਪੋਰਟ ਪਾਲਿਸੀ ਵੀ ਪ੍ਰਾਈਵੇਟਾਂ ਦੇ ਹੱਕ 'ਚ ਲਿਆ ਕੇ ਨੈਸ਼ਨਲ ਰੂਟਾਂ 'ਤੇ ਸਰਕਾਰੀ ਕੋਟਾ 75 ਫੀਸਦੀ ਤੋਂ ਘੱਟ ਕਰ ਕੇ 50 ਫੀਸਦੀ ਕਰ ਦਿੱਤਾ ਹੈ। ਕਿਲੋਮੀਟਰ ਸਕੀਮ ਬੱਸਾਂ ਪਾਉਣ ਬਾਰੇ ਵੀ ਵਿਭਾਗ ਦੀ ਨੀਤੀ 'ਚ ਕੋਈ ਘਾਟ ਨਹੀਂ ਆਈ। ਉਨ੍ਹਾਂ ਕਿਹਾ ਕਿ ਐਕਸ਼ਨ ਕਮੇਟੀ ਨੇ ਫੈਸਲਾ ਕੀਤਾ ਹੈ ਕਿ 29 ਜਨਵਰੀ ਤੇ 19 ਫਰਵਰੀ ਨੂੰ ਪੰਜਾਬ ਦੇ 18 ਡਿਪੂਆਂ 'ਤੇ ਮੰਗਾਂ ਸਬੰਧੀ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਅਤੇ 21 ਫਰਵਰੀ ਨੂੰ ਇਕ ਦਿਨ ਦੀ ਮੁਕੰਮਲ ਹੜਤਾਲ ਕੀਤੀ ਜਾਵੇਗੀ, ਜੇਕਰ ਸਰਕਾਰ ਵੱਲੋਂ ਫਿਰ ਵੀ ਆਪਣੇ ਫੈਸਲੇ 'ਤੇ ਦੁਬਾਰਾ ਵਿਚਾਰ ਕਰਨ ਦੀ ਜ਼ਰੂਰਤ ਨਾ ਸਮਝੀ ਗਈ ਤਾਂ ਐਕਸ਼ਨ ਕਮੇਟੀ ਮਜਬੂਰ ਹੋ ਕੇ ਕੋਈ ਸਖਤ ਫੈਸਲਾ ਵੀ ਲੈ ਸਕਦੀ ਹੈ।
ਇਸ ਤੋਂ ਪਹਿਲਾਂ 6 ਫਰਵਰੀ ਨੂੰ ਜਲੰਧਰ ਪ੍ਰੈੱਸ ਕਲੱਬ 'ਚ ਪ੍ਰੈੱਸ ਕਾਨਫਰੰਸ ਕਰ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਪੋਹਲਾ ਸਿੰਘ ਬਰਾੜ, ਗੁਰਜੰਟ ਸਿੰਘ ਕੋਕਰੀ, ਬਲਕਰਨ ਮੋਗਾ, ਬਚਿੱਤਰ, ਸੁਰਿੰਦਰ ਸਿੰਘ ਬਰਾੜ, ਇੰਦਰਜੀਤ ਸਿੰਘ ਭਿੰਡਰ, ਕਰਮਚਾਰੀ ਦਲ ਦੇ ਨੇਤਾ ਰਛਪਾਲ ਸਿੰਘ, ਪਨਬੱਸ ਕੰਟਰੈਕਟ ਵਰਕਰਜ਼ ਦੇ ਨੇਤਾ ਬਲਜਿੰਦਰ ਸਿੰਘ, ਲਖਵੀਰ ਸਿੰਘ ਲੱਖਾ, ਇੰਟਕ ਦੇ ਖੁਸ਼ਪਾਲ ਰਿਸ਼ੀ, ਕੁਲਦੀਪ ਚੰਦ ਆਦਿ ਹਾਜ਼ਰ ਸਨ।
ਪੰਜਾਬ ਲੈਂਡ ਰਿਫਾਰਮਜ਼ (ਸੋਧ) ਐਕਟ 2017 ਹੋਇਆ ਨੋਟੀਫਾਈ
NEXT STORY