ਚੰਡੀਗੜ੍ਹ (ਬਿਊਰੋ) - ਪੰਜਾਬ ਲੈਂਡ ਰਿਫਾਰਮਜ਼ (ਸੋਧ) ਐਕਟ, 2017 ਵਿਚ 2 ਸੋਧਾਂ ਕੀਤੀਆਂ ਗਈਆਂ ਹਨ। ਪਹਿਲੀ ਸੋਧ ਪੰਜਾਬ ਲੈਂਡ ਰਿਫਾਰਮਜ਼ ਐਕਟ 1972 ਦੀ ਧਾਰਾ 3(8) ਵਿਚ ਕੀਤੀ ਗਈ ਹੈ, ਜਿਸ ਤਹਿਤ ਪਹਿਲਾਂ ਅਮਰੂਦ, ਕੇਲੇ ਦੇ ਦਰੱਖ਼ਤਾਂ ਅਤੇ ਅੰਗੂਰਾਂ ਦੇ ਬੂਟਿਆਂ ਹੇਠ ਆਉਂਦੀ ਭੂਮੀ ਨੂੰ ਬਾਗ ਨਹੀਂ ਮੰਨਿਆ ਜਾਂਦਾ ਸੀ। ਖੇਤੀ ਪੈਦਾਵਾਰ ਵਿਚ ਵਿਭਿੰਨਤਾ ਲਿਆਉਣ ਦੇ ਮੱਦੇਨਜ਼ਰ ਅਤੇ ਸੂਬੇ ਨੂੰ ਕਣਕ, ਝੋਨੇ ਦੇ ਚੱਕਰ 'ਚੋਂ ਕੱਢ ਕੇ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਵੱਲ ਪ੍ਰੇਰਿਤ ਕਰਨ ਲਈ ਸੂਬਾ ਸਰਕਾਰ ਨੇ ਲੈਂਡ ਰਿਫਾਰਮਜ਼ ਐਕਟ ਦੀ ਧਾਰਾ 3(8) ਵਿਚ ਸੋਧ ਕੀਤੀ ਹੈ, ਜਿਸ ਮੁਤਾਬਕ ਹੁਣ ਅਮਰੂਦ, ਕੇਲੇ ਦੇ ਦਰੱਖ਼ਤਾਂ ਅਤੇ ਅੰਗੂਰਾਂ ਦੇ ਬੂਟਿਆਂ ਹੇਠ ਆਉਂਦੀ ਜ਼ਮੀਨ ਨੂੰ ਵੀ ਬਾਗ ਮੰਨਿਆ ਜਾਵੇਗਾ। ਇਹ ਜਾਣਕਾਰੀ ਵਿੱਤ ਕਮਿਸ਼ਨਰ, ਮਾਲੀਆ ਵਿਭਾਗ, ਪੰਜਾਬ, ਵਿੰਨੀ ਮਹਾਜਨ ਨੇ ਦਿੱਤੀ। ਇਸ ਸੋਧ ਨਾਲ ਇਨ੍ਹਾਂ ਫਸਲਾਂ ਦੀ ਪੈਦਾਵਾਰ ਵਿਚ ਵਾਧਾ ਹੋਵੇਗਾ ਅਤੇ ਖੇਤੀ ਵਿਭਿੰਨਤਾ ਨੂੰ ਹੁਲਾਰਾ ਮਿਲੇਗਾ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਵਿਚ ਕਿੰਨੂ ਤੋਂ ਬਾਅਦ ਅਮਰੂਦ ਸੂਬੇ ਦਾ ਦੂਜਾ ਪ੍ਰਮੁੱਖ ਫਲ ਹੈ, ਜਿਸ ਦੀ ਸਾਲਾਨਾ ਪੈਦਾਵਾਰ 182089 ਮੀਟ੍ਰਿਕ ਟਨ ਹੈ।
ਪੰਜਾਬ ਲੈਂਡ ਰਿਫਾਰਮਜ਼ ਐਕਟ ਵਿਚ ਦੂਜੀ ਸੋਧ ਧਾਰਾ 27 (ਜੇ) ਵਿਚ ਕੀਤੀ ਗਈ ਹੈ, ਜਿਸ ਅਨੁਸਾਰ ਖੇਤੀਬਾੜੀ ਹੇਠ ਆਉਂਦੀ ਜ਼ਮੀਨ, ਜੋ ਕਿ ਗੈਰ-ਕਾਸ਼ਤਕਾਰੀ ਮੰਤਵਾਂ ਜਿਵੇਂ ਕਿ ਰਿਹਾਇਸ਼ੀ, ਉਦਯੋਗਿਕ, ਸਪੈਸ਼ਲ ਇਕਨਾਮਿਕ ਜ਼ੋਨ (ਐੱਸ. ਈ. ਜ਼ੈੱਡ) ਸੈਰ-ਸਪਾਟਾ ਯੂਨਿਟ (ਹੋਟਲ, ਰਿਜ਼ੋਰਟ), ਵੇਅਰਹਾਊਸਿੰਗ, ਕਮਰਸ਼ੀਅਲ, ਸੱਭਿਆਚਾਰਕ, ਖੇਡਾਂ ਅਤੇ ਧਾਰਮਿਕ ਸੰਸਥਾਵਾਂ ਲਈ ਵਰਤੀ ਜਾ ਰਹੀ ਹੈ, ਨੂੰ ਇਸ ਐਕਟ ਤੋਂ ਬਾਹਰ ਰੱਖਿਆ ਗਿਆ ਹੈ। ਇਸ ਐਕਟ ਵਿਚ ਇਹ ਉਪਬੰਧ ਹੈ ਕਿ ਖੇਤੀਬਾੜੀ ਵਾਲੀ ਜ਼ਮੀਨ ਨੂੰ ਅਜਿਹੇ ਮੰਤਵਾਂ ਲਈ ਵਰਤਣ ਵਾਲੇ ਪੰਜਾਬ ਲੈਂਡ ਰਿਫਾਰਮਜ਼ ਐਕਟ ਦੀ ਇਸ ਸੋਧ ਦੇ ਪ੍ਰਕਾਸ਼ਿਤ ਹੋਣ ਦੀ ਤਰੀਕ ਤੋਂ ਇਕ ਸਾਲ ਦੇ ਅੰਦਰ ਜਾਂ ਅਜਿਹੀ ਭੂਮੀ ਲੈਣ ਵਾਲੇ ਇਕ ਸਾਲ ਦੇ ਅੰਦਰ ਆਪਣੀ ਜ਼ਮੀਨ ਦੀ ਅਸਲ ਵਰਤੋਂ ਵਿਚ ਬਦਲਾਓ ਦੇ ਵੇਰਵੇ ਕੁਲੈਕਟਰ ਨੂੰ ਸੌਂਪਣਗੇ।
ਪਿਤਾ ਦੀ ਮੌਤ ਤੋਂ ਬਾਅਦ ਸਿਪਾਹੀ ਭਰਤੀ ਕੀਤਾ ਬੇਟਾ ਨਿਕਲਿਆ ਸਮੱਗਲਰ
NEXT STORY