ਲੁਧਿਆਣਾ, (ਜ.ਬ.)- ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ਵਿਚ ਹੋਏ ਝਗੜੇ ਦੌਰਾਨ ਫੈਕਟਰੀ ਮਾਲਕ ਨੇ ਆਪਣੇ ਵੱਡੇ ਭਰਾ 'ਤੇ ਕੈਂਚੀ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਭਰਾ ਤਾਂ ਬਚ ਗਿਆ ਪਰ ਉਸ ਦਾ 8 ਸਾਲ ਦਾ ਪੁੱਤਰ (ਭਾਵ ਮੁਲਜ਼ਮ ਦਾ ਭਤੀਜਾ) ਇਸ ਦੀ ਲਪੇਟ ਵਿਚ ਆ ਗਿਆ, ਜਿਸ ਨਾਲ ਉਸ ਦੀ ਗਰਦਨ ਕੱਟੀ ਗਈ ਅਤੇ ਉਸ ਨੇ ਤੜਫ-ਤੜਫ ਕੇ ਦਮ ਤੋੜ ਦਿੱਤਾ। ਇਸ ਦੌਰਾਨ ਚਾਚਾ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਘਟਨਾ ਵਾਲੀ ਥਾਂ 'ਤੇ ਪੁੱਜੀ ਪੁਲਸ ਨੇ ਸ਼ਾਹ ਹੁਸੈਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ। ਸ਼ਾਹ ਹੁਸੈਨ ਆਪਣੇ ਪਿਤਾ ਮੁਹੰਮਦ ਹੁਸੈਨ ਨਾਲ ਚਾਚੇ ਦੀ ਫੈਕਟਰੀ ਵਿਚ ਆਇਆ ਸੀ। ਨੂਰ ਵਾਲਾ ਰੋਡ ਦੇ ਆਨੰਦਪੁਰੀ ਇਲਾਕੇ ਦੇ ਰਹਿਣ ਵਾਲੇ ਮੁਹੰਮਦ ਹੁਸੈਨ ਨੇ ਦੱਸਿਆ ਕਿ ਉਹ ਆਪਣੇ ਵੱਡੇ ਭਰਾ ਮੁਹੰਮਦ ਜ਼ਮੀਲ ਦੀ ਫੈਕਟਰੀ ਵਿਚ ਕਟਰ ਮਾਸਟਰ ਦਾ ਕੰਮ ਕਰਦਾ ਸੀ। ਜ਼ਮਾਲ ਤੋਂ ਉਸ ਨੇ ਲਗਭਗ ਦੋ ਸਾਲਾ ਦਾ ਮਿਹਨਤਾਨਾ, ਜੋ ਲਗਭਗ 2 ਲੱਖ ਰੁਪਏ ਬਣਦਾ ਹੈ ਲੈਣਾ ਹੈ, ਜਦੋਂ ਵੀ ਉਸ ਕੋਲ ਪੈਸਿਆਂ ਦਾ ਜ਼ਿਕਰ ਕਰਦਾ ਤਾਂ ਉਹ ਹਰ ਵਾਲ ਕੋਈ ਨਾ ਕੋਈ ਬਹਾਨਾ ਬਣਾ ਕੇ ਟਾਲ ਦਿੰਦਾ ਸੀ ਪਰ ਅੱਜ ਨੇ ਉਸ ਨੂੰ ਜ਼ਮੀਲ ਦਾ ਫੋਨ ਆਇਆ ਕਿ ਉਹ ਫੈਕਟਰੀ ਵਿਚ ਆ ਕੇ ਪੈਸੇ ਲੈ ਜਾਵੇ, ਉਸ ਸਮੇਂ ਉਹ ਆਪਣੇ ਪਰਿਵਾਰ ਸਮੇਤ ਮਾਰਕੀਟ ਵਿਚ ਖਰੀਦਦਾਰੀ ਕਰ ਰਿਹਾ ਸੀ। ਉਸ ਦੇ ਨਾਲ ਉਸ ਦੀ ਪਤਨੀ ਜੈਸਮੀਨ, 11 ਸਾਲ ਦੀ ਪੁੱਤਰੀ ਨਾਜ਼ੀਆ, 8 ਸਾਲਾ ਦਾ ਪੁੱਤਰ ਸ਼ਾਹ ਹੁਸੈਨ ਅਤੇ 5 ਸਾਲ ਦਾ ਪੁੱਤਰ ਫਿਰੋਜ਼ ਸੀ ਉਹ ਉਨ੍ਹਾਂ ਨੂੰ ਵੀ ਆਪਣੇ ਨਾਲ ਲੈ ਕੇ ਆਜ਼ਾਦ ਨਗਰ ਦੇ ਗੋਬਿੰਦਪੁਰੀ ਇਲਾਕੇ ਵਿਚ ਸਥਿਤ ਜ਼ਮੀਲ ਦੀ ਫੈਕਟਰੀ ਨੂਰ ਗਾਰਮੈਂਟ ਵਿਚ ਪੁੱਜ ਗਿਆ। ਮੁਹੰਮਦ ਨੇ ਦੱਸਿਆ ਕਿ ਉਨ੍ਹਾਂ ਦੇ ਪਹੁੰਚਦੇ ਹੀ ਜ਼ਮੀਲ ਨੇ ਫੈਕਟਰੀ ਵਰਕਰਾਂ ਨੂੰ ਛੁੱਟੀ ਕਰ ਦਿੱਤੀ। ਵਰਕਰਾਂ ਦੇ ਜਾਣ ਤੋਂ ਬਾਅਦ ਜ਼ਮੀਲ ਨੇ ਫੈਕਟਰੀ ਦਾ ਗੇਟ ਅੰਦਰੋਂ ਬੰਦ ਕਰ ਲਿਆ ਅਤੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਮੌਕੇ 'ਤੇ ਉਸ ਦਾ ਤੀਸਰਾ ਭਰਾ ਮੁਹੰਮਦ ਆਲਮ ਵੀ ਮੌਜੂਦ ਸੀ। ਉਸ ਨੇ ਦੱਸਿਆ ਕਿ ਇਸ ਦੌਰਨ ਹਿਸਾਬ ਕਿਤਾਬ ਨੂੰ ਲੈ ਕੇ ਜ਼ਮੀਲ ਨਾਲ ਗਰਮਾ-ਗਰਮੀ ਹੋ ਗਈ। ਜ਼ਮਾਲ ਨੇ ਗੁੱਸੇ ਵਿਚ ਆ ਕੇ ਪਹਿਲਾਂ ਡੰਡਾ ਚੁੱਕ ਕੇ ਉਸ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਉਸ ਨੇ ਜ਼ਮੀਲ ਤੋਂ ਡੰਡਾ ਖੋਹ ਲਿਆ ਤਾਂ ਹਿੰਸਕ ਹੋਏ ਜ਼ਮੀਲ ਨੇ ਕੈਂਚੀ ਨਾਲ ਉਸ 'ਤੇ ਹਮਲਾ ਕਰ ਦਿੱਤਾ। ਉਹ ਤਾਂ ਕਿਸੇ ਤਰ੍ਹਾਂ ਬਚ ਗਿਆ ਪਰ ਉਸ ਕੈਂਚੀ ਨਾਲ ਨੇੜੇ ਖੜ੍ਹੇ ਉਸ ਦੇ ਪੁੱਤਰ ਸ਼ਾਹ ਹੁਸੈਨ ਦੀ ਗਰਦਨ ਕੱਟੀ ਗਈ। ਗਰਦਨ ਕੱਟਦੇ ਹੀ ਖੂਨ ਵਹਿਣ ਲੱਗਾ ਅਤੇ ਸ਼ਾਹ ਹੁਸੈਨ ਤੜਫਨ ਲੱਗਾ। ਰੌਲਾ ਸੁਣ ਕੇ ਨੇੜੇ ਦੇ ਲੋਕ ਇਕੱਠੇ ਹੋ ਗਏ ਉਹ ਸ਼ਾਹ ਹੁਸੈਨ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਕੁਝ ਦੇਰ ਬਾਅਦ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੇ ਬਸਤੀ ਜੋਧੇਵਾਲ ਦੇ ਥਾਣਾ ਇੰਚਾਰਜ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਮੁਹੰਮਦ ਹੁਸੈਨ ਦੀ ਸ਼ਿਕਾਇਤ 'ਤੇ ਮੁਹੰਮਦ ਜ਼ਮੀਲ ਖਿਲਾਫ ਹੱਤਿਆ ਦਾ ਕੇਸ ਦਰਜ ਕੀਤਾ ਜਾ ਰਿਹਾ ਹੈ। ਉਸ ਦੀ ਤਲਾਸ਼ ਵਿਚ ਪੁਲਸ ਦੀ ਇਕ ਟੀਮ ਨੂੰ ਲਾ ਦਿੱਤਾ ਗਿਆ ਹੈ। ਫੈਕਟਰੀ ਨੂੰ ਸੀਲ ਕਰ ਦਿੱਤਾ ਹੈ ਅਤੇ ਸਵੇਰੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾਵੇਗੀ।
ਬੱਸਾਂ ਦੇ ਪਰਮਿਟ ਰੀਨਿਊ ਨਾ ਹੋਣ ਕਾਰਨ ਮੁਸ਼ਕਿਲਾਂ ਨਾਲ ਜੂਝ ਰਹੇ ਨੇ ਟਰਾਂਸਪੋਰਟਰ
NEXT STORY