ਹੁਸ਼ਿਆਰਪੁਰ, (ਜ.ਬ.)- ਮੁਹੱਲਾ ਰੇਲਵੇ ਮੰਡੀ 'ਚ ਇਕ ਵਿਆਹ ਵਾਲੇ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦੇ ਹੋਏ ਕਰੀਬ 2 ਲੱਖ ਦੀ ਨਕਦੀ ਚੋਰੀ ਕਰ ਲਈ। ਪਰਿਵਾਰ ਨੂੰ ਇਸ ਬਾਰੇ ਸਵੇਰੇ ਉਸ ਸਮੇਂ ਪਤਾ ਲੱਗਾ ਜਦੋਂ ਬੈਗ ਜਿਸ 'ਚ ਚਾਬੀਆਂ ਰੱਖੀਆਂ ਸਨ ਅਤੇ ਜਿਹੜੀ ਪੈਂਟ 'ਚ ਪੈਸੇ ਰੱਖੇ ਸਨ, ਉਹ ਗਾਇਬ ਸਨ। ਪਰਿਵਾਰ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਤੁਰੰਤ ਇਸ ਦੀ ਜਾਣਕਾਰੀ ਮਾਡਲ ਟਾਊਨ ਪੁਲਸ ਨੂੰ ਦਿੱਤੀ, ਜਿਸ ਨੇ ਮੌਕੇ 'ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਕਾਨ ਮਾਲਕ ਧਰਮਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਵਿਆਹ 12 ਨਵੰਬਰ ਨੂੰ ਹੋਇਆ ਸੀ। ਜਦੋਂ ਰਾਤੀਂ ਧੀ ਨੂੰ ਵਿਦਾ ਕਰ ਕੇ ਕਰੀਬ 10 ਵਜੇ ਵਾਪਸ ਆਏ ਤਾਂ ਸਾਮਾਨ ਸੰਭਾਲਣ ਉਪਰੰਤ ਸੌਂਦਿਆਂ-ਸੌਂਦਿਆਂ 11 ਵੱਜ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪੈਂਟ ਦੀ ਜੇਬ 'ਚ ਪੈਲੇਸ ਵਾਲੇ ਅਤੇ ਕਿਸੇ ਹੋਰ ਦੀ ਅਦਾਇਗੀ ਲਈ ਕਰੀਬ 1.50 ਲੱਖ ਰੁਪਏ, ਜੋ ਕਿ 2-2 ਹਜ਼ਾਰ ਰੁਪਏ ਦੇ ਨੋਟ ਸਨ, ਰੱਖੇ ਹੋਏ ਸਨ। ਜਿਸ ਨੂੰ ਉਨ੍ਹਾਂ ਆਪਣੇ ਬੈੱਡ ਦੇ ਸਿਰਹਾਣੇ ਵੱਲ ਰੱਖਿਆ ਸੀ। ਉਨ੍ਹਾਂ ਦੱਸਿਆ ਕਿ ਸਵੇਰੇ 6 ਵਜੇ ਕਿਸੇ ਕੰਮ ਲਈ ਚਾਬੀਆਂ ਲੱਭ ਰਹੇ ਸੀ ਤਾਂ ਚਾਬੀਆਂ ਵਾਲਾ ਬੈਗ ਨਾ ਮਿਲਿਆ ਤਾਂ ਸ਼ੱਕ ਪੈਦਾ ਹੋਇਆ। ਸਾਮਾਨ ਦੇਖ ਕੇ ਪਤਾ ਲੱਗਾ ਕਿ ਉਨ੍ਹਾਂ ਦੀ ਪੈਂਟ ਵੀ ਗਾਇਬ ਹੈ, ਜਿਸ 'ਚ ਪੈਸੇ ਰੱਖੇ ਸਨ। ਉਨ੍ਹਾਂ ਤੁਰੰਤ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ।
ਉਨ੍ਹਾਂ ਦੱਸਿਆ ਕਿ ਘਰ ਤੋਂ ਥੋੜ੍ਹੀ ਦੂਰ ਇਕ ਡਾਇਰੀ ਤੇ ਪੈਂਟ ਮਿਲੀ ਹੈ, ਜਿਸ 'ਚ ਪੈਸੇ ਰੱਖੇ ਸਨ। ਪਾਰਕ 'ਚੋਂ ਉਨ੍ਹਾਂ ਦੀ ਭੈਣ ਦਾ ਪਰਸ ਤੇ ਇਕ ਥੈਲਾ ਵੀ ਮਿਲਿਆ, ਜਿਸ ਦਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਥੋੜ੍ਹੀ ਦੂਰੀ ਤੋਂ ਉਨ੍ਹਾਂ ਦੀ ਭੈਣ ਦਾ ਮੋਬਾਇਲ ਵੀ ਮਿਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਭੈਣ ਦੇ ਪਰਸ 'ਚ 20 ਹਜ਼ਾਰ ਤੋਂ ਜ਼ਿਆਦਾ ਦੀ ਨਕਦੀ ਸੀ। ਅਨੁਮਾਨ ਅਨੁਸਾਰ ਚੋਰ 2 ਲੱਖ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਥਾਣਾ ਮਾਡਲ ਟਾਊਨ ਦੀ ਪੁਲਸ ਨੇ ਚੋਰੀ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਖਰੀਦ ਨਾ ਹੋਣ ਕਾਰਨ ਕਿਸਾਨ ਮੰਡੀ 'ਚੋਂ ਝੋਨਾ ਚੁੱਕਣ ਲਈ ਮਜਬੂਰ
NEXT STORY