ਘਨੌਲੀ(ਸ਼ਰਮਾ) - ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਿਖੇ ਬੀਤੀ ਰਾਤ ਇਕ ਕਰਮਚਾਰੀ ਦੀ ਰਹੱਸਮਈ ਢੰਗ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਥਰਮਲ ਕਰਮਚਾਰੀ ਗੁਰਮੇਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਬਜਰੂੜ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਜ਼ਿਲਾ ਰੂਪਨਗਰ ਥਰਮਲ ਪਲਾਂਟ ਵਿਖੇ ਬਤੌਰ ਏ. ਜੇ. ਐਸ. ਇਲੈਕਟਰੀਲ ਤੈਨਾਤ ਸੀ। 14 ਅਗਸਤ ਦੀ ਰਾਤ ਨੂੰ ਕਰੀਬ 7 ਵਜੇ ਥਰਮਲ ਪਲਾਂਟ ਦੇ 220 ਕੇ. ਵੀ. ਸਬ-ਸਟੇਸ਼ਨ ਦੀ ਬੱਸੀ ਪਠਾਣਾ ਲਾਈਨ ਦੇ ਕਰੰਟ ਟਰਾਂਸਫਾਰਮਰ ਨੂੰ ਅਚਾਨਕ ਅੱਗ ਲੱਗਣ ਕਾਰਨ ਟਰਾਂਸਫਾਰਮਰ ਸੜ ਗਿਆ ਅਤੇ ਉਕਤ ਡਵੀਜ਼ਨ ਨਾਲ ਸਬੰਧਤ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬੁਲਾਇਆ ਗਿਆ। ਜਾਣਕਾਰੀ ਮਿਲੀ ਹੈ ਕਿ ਉਕਤ ਕਰਮਚਾਰੀ ਦੀ ਉਕਤ ਟਰਾਂਸਫਾਰਮਰ ਦੇ ਕੋਲ ਸੇਫਟੀ ਬੈਲਟ ਦੀ ਮੱਦਦ ਨਾਲ ਉਚਾਈ 'ਤੇ ਕੰਮ ਕਰਦੇ ਹੋਏ ਅਚਾਨਕ ਮੌਤ ਹੋ ਗਈ। ਸੂਚਨਾ ਮਿਲਦੇ ਥਰਮਲ ਪਲਾਂਟ ਦੇ ਮੁੱਖ ਇੰਜੀਨੀਅਰ ਅਤੇ ਹੋਰ ਉਚ ਅਧਿਕਾਰੀ ਹਾਦਸੇ ਵਾਲੀ ਥਾਂ 'ਤੇ ਪਹੁੰਚ ਗਏ ਅਤੇ ਕਰੀਬ 20-25 ਫੁੱਟ ਦੀ ਉਚਾਈ 'ਤੇ ਸੇਫਟੀ ਬੈਲਟ ਦੇ ਸਹਾਰੇ ਲਟਕੀ ਉਕਤ ਕਰਮਚਾਰੀ ਦੀ ਲਾਸ਼ ਨੂੰ ਥਰਮਲ ਦੇ ਹਾਈਡਰਾ ਕਰੇਨ ਦੀ ਮੱਦਦ ਨਾਲ ਹੇਠਾਂ ਉਤਾਰਿਆ ਗਿਆ।
ਦੂਜੇ ਪਾਸੇ ਘਨੌਲੀ ਪੁਲਸ ਵੱਲੋਂ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਪਰ ਮ੍ਰਿਤਕ ਗੁਰਮੇਲ ਸਿੰਘ ਦੀ ਮੌਤ ਦੇ ਅਸਲੀ ਕਾਰਨਾਂ ਦਾ ਹਾਲੇ ਤੱਕ ਪਤਾ ਨਹੀ ਲੱਗਾ। ਮ੍ਰਿਤਕ ਆਪਣੇ ਪਿਛੇ ਆਪਣੀ ਪਤਨੀ, ਚਾਰ ਲੜਕੀਆਂ ਅਤੇ ਇਕ ਲੜਕਾ ਛੱਡ ਗਿਆ ਹੈ। ਕਰਮਚਾਰੀ ਦੀ ਡਿਊਟੀ ਦੇ ਦੌਰਾਨ ਹੋਈ ਅਚਾਨਕ ਮੌਤ 'ਤੇ ਇੰਪਲਾਈਜ਼ ਫੈਡਰੇਸ਼ਨ/ਪੀ. ਐਸ. ਈ. ਬੀ., ਪੰਜਾਬ ਦੇ ਸੂਬਾ ਪ੍ਰਧਾਨ ਹਰਮੇਸ਼ ਧੀਮਾਨ, ਇੰਟਕ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ, ਆਰ. ਟੀ. ਪੀ. ਇੰਪ: ਯੂਨੀਅਨ ਦੇ ਪ੍ਰਧਾਨ ਕੰਵਲਜੀਤ ਸਿੰਘ ਅਤੇ ਏਟਕ ਦੇ ਪ੍ਰਧਾਨ ਰਾਜ ਕੁਮਾਰ ਤਿਵਾੜੀ ਨੇ ਜਿਥੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ, ਉਥੇ ਹੀ ਥਰਮਲ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਉਕਤ ਕਰਮਚਾਰੀ ਦੀ ਮੌਤ ਦੇ ਅਸਲੀ ਕਾਰਨਾ ਦਾ ਪਤਾ ਲਗਾਇਆ ਜਾਵੇ ਅਤੇ ਕਰਮਚਾਰੀ ਦਾ ਪਰਿਵਾਰ ਨੂੰ ਇੰਨਸਾਫ ਦਿੱਤਾ ਜਾਵੇ ।
ਅਣਪਛਾਤੇ ਲੁਟੇਰਿਆਂ ਘਰ ਨੂੰ ਬਣਾਇਆ ਨਿਸ਼ਾਨ, ਕੀਤੀ ਲੱਖਾਂ ਦੀ ਚੋਰੀ
NEXT STORY