ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਗੁਰੂਹਰਸਹਾਏ ਸ਼ਹਿਰ ਅੰਦਰ ਚੋਰੀਆਂ ਰੁਕਣ ਦਾ ਨਾਂ ਨਹੀ ਲੈ ਰਹੀਆਂ ਹਨ ਅਤੇ ਰੋਜ਼ਾਨਾ ਚੋਰ ਲਗਾਤਾਰ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਿੱਚ ਲੱਗੇ ਹੋਏ ਹਨ। ਇਸ ਕਾਰਨ ਸ਼ਹਿਰ ਵਾਸੀ ਪਰੇਸ਼ਾਨ ਹਨ ਅਤੇ ਪੁਲਸ ਪ੍ਰਸ਼ਾਸਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ। ਬੀਤੀ ਰਾਤ ਵੀ ਚੋਰ ਇਕ ਘਰ ਅੰਦਰ ਦਾਖ਼ਲ ਹੋ ਗਿਆ ਅਤੇ ਘਰ 'ਚੋਂ ਮੋਬਾਇਲ ਚੁੱਕ ਕੇ ਫਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਰੀਬ ਦਿਹਾੜੀਦਾਰ ਪੀੜਤ ਵਰਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਜੰਡ ਵਾਲਾ ਦਾ ਰਹਿਣ ਵਾਲਾ ਹੈ ਅਤੇ ਇੱਥੇ ਫਰੀਦਕੋਟ ਰੋਡ 'ਤੇ ਸਥਿਤ ਵਿਸ਼ਵਕਰਮਾ ਚੌਂਕ ਦੇ ਨਾਲ ਬਣੀ ਕਾਲੋਨੀ ਦੀ ਗਲੀ ਨੰਬਰ-3 'ਚ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਹੈ। ਬੀਤੀ ਐਤਵਾਰ ਦੀ ਰਾਤ ਨੂੰ ਜਦ ਉਸਦੇ ਬੱਚਿਆਂ ਨੂੰ ਗਰਮੀ ਲੱਗੀ ਤਾਂ ਉਸ ਨੇ ਆਪਣੇ ਘਰ ਦਾ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਬਾਹਰ ਮੇਨ ਗੇਟ ਨੂੰ ਤਾਲਾ ਲਗਾ ਦਿੱਤਾ ਸੀ।
ਇਸ ਦੌਰਾਨ ਦੇਰ ਰਾਤ ਤਕਰੀਬਨ 2-3 ਵਜੇ ਦੇ ਕਰੀਬ ਚੋਰ ਮੇਨ ਗੇਟ ਟੱਪ ਕੇ ਘਰ ਅੰਦਰ ਦਾਖ਼ਲ ਹੋ ਗਿਆ ਅਤੇ ਘਰ ਵਿੱਚ ਰੱਖਿਆ ਮੋਬਾਇਲ ਚੁੱਕ ਕੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਗਲੀ 'ਚ ਕਿਸੇ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਚ ਕੈਦ ਹੋ ਗਈ। ਪੀੜਤ ਵਰਿੰਦਰ ਸਿੰਘ ਨੇ ਦੱਸਿਆ ਕਿ ਜਦ ਉਹ ਸਵੇਰੇ ਉੱਠਿਆ ਤਾਂ ਉਸ ਨੇ ਦੇਖਿਆ ਕਿ ਉਸ ਦਾ ਮੋਬਾਇਲ ਘਰ 'ਚ ਨਹੀਂ ਪਿਆ ਸੀ ਤਾਂ ਉਸਨੇ ਤੁਰੰਤ ਮੋਬਾਇਲ 'ਤੇ ਫੋਨ ਕੀਤਾ ਤਾਂ ਅੱਗੋਂ ਕਿਸੇ ਕੁੜੀ ਨੇ ਫ਼ੋਨ ਚੱਕਿਆ ਤਾਂ ਉਹ ਕਹਿੰਦੀ ਮੈਨੂੰ ਇਹ ਮੋਬਾਇਲ ਕੋਈ ਗਹਿਣੇ ਰੱਖ ਕੇ ਮੇਰੇ ਕੋਲੋ 2 ਹਜ਼ਾਰ ਰੁਪਏ ਲੈ ਗਿਆ ਹੈ। ਉਸਨੇ ਕਿਹਾ ਕਿ ਇਹ ਮੋਬਾਇਲ ਮੇਰਾ ਹੈ, ਜੋ ਮੇਰੇ ਘਰ 'ਚੋਂ ਕਿਸੇ ਨੇ ਚੋਰੀ ਕਰ ਲਿਆ ਹੈ ਤਾਂ ਉਸ ਕੁੜੀ ਨੇ ਕਿਹਾ ਤੁਸੀ ਜੰਡ 'ਤੇ ਆ ਜਾਓ, ਪੈਸੇ ਦੇ ਕੇ ਮੋਬਾਇਲ ਲੈ ਜਾਓ। ਜਦੋਂ ਪੀੜਤ ਪਰਿਵਾਰ ਜੰਡ ਪਹੁੰਚਿਆ ਤਾਂ ਉਨ੍ਹਾਂ ਨੇ ਜਾ ਕੇ ਉੱਥੇ ਮੋਬਾਇਲ 'ਤੇ ਫੋਨ ਕੀਤਾ ਤਾਂ ਕਿਸੇ ਨੇ ਮੋਬਾਇਲ ਨਹੀਂ ਚੁੱਕਿਆ। ਥੋੜ੍ਹੇ ਸਮੇਂ ਬਾਅਦ ਮੋਬਾਇਲ ਬੰਦ ਹੋ ਗਿਆ। ਇਸ ਦੌਰਾਨ ਪੀੜਤ ਨੇ ਕਿਹਾ ਕਿ ਉਸ ਵੱਲੋਂ ਸਾਂਝ ਕੇਂਦਰ ਅੰਦਰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਪੀੜਤ ਨੇ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਚੋਰ ਨੂੰ ਫੜ੍ਹ ਕੇ ਉਸ ਤੋਂ ਮੋਬਾਇਲ ਬਰਾਮਦ ਕਰਕੇ ਉਸਨੂੰ ਵਾਪਸ ਦਿੱਤਾ ਜਾਵੇ।
ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਿਮਰਨ ਦੁਆਰ ਵਿਖੇ ਵੱਡਾ ਹਾਦਸਾ, ਪੈ ਗਈਆਂ ਭਾਜੜਾਂ
NEXT STORY