ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਪਿਛਲੇ ਦਿਨੀਂ ਪਿੰਡ ਨੰਗਲ ਸਿਰਸਾ ਨਜ਼ਦੀਕ ਪਿੰਡ ਦੀਵਾੜੀ ਦੇ ਸਟੋਨ ਕਰੱਸ਼ਰ ਤੋਂ ਮੋਟਰਾਂ ਅਤੇ ਸਾਮਾਨ ਚੋਰੀ ਕਰਨ ਵਾਲੇ ਤਿੰਨ ਮੈਂਬਰੀ ਗਿਰੋਹ ਨੂੰ ਭਰਤਗੜ੍ਹ ਪੁਲਸ ਨੇ ਕਾਬੂ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਰਤਗੜ੍ਹ ਪੁਲਸ ਚੌਕੀ ਦੇ ਇੰਚਾਰਜ ਇੰਦਰਜੀਤ ਸਿੰਘ, ਤਫ਼ਤੀਸ਼ੀ ਅਧਿਕਾਰੀ ਹੌਲਦਾਰ ਹਰਜੀਤ ਸਿੰਘ ਤੇ ਮੇਹਰ ਸਿੰਘ ਨੇ ਦੱਸਿਆ ਕਿ ਚੋਰੀ ਦੇ ਸਾਮਾਨ ਸਮੇਤ ਕਾਬੂ ਕੀਤੇ ਤਿੰਨ ਵਿਅਕਤੀਆਂ 'ਚੋਂ ਦੋ ਵਿਅਕਤੀ ਬਿਹਾਰ ਦੇ ਅਤੇ ਇਕ ਵਿਅਕਤੀ ਯੂ.ਪੀ. ਨਾਲ ਸਬੰਧਤ ਹੈ। ਜਾਣਕਾਰੀ ਅਨੁਸਾਰ ਕਰੱਸ਼ਰ ਮਾਲਕ ਗੁਰਮੇਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਚੋਰੀ ਦਾ ਮਾਮਲਾ ਦਰਜ ਕਰ ਕੇ ਪੁਲਸ ਵੱਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਸ ਨੇ ਨੰਗਲ ਸਰਸਾ ਪੁਲ ਨੇੜੇ ਕੱਚੇ ਰਸਤੇ 'ਤੇ ਨਾਕਾ ਲਾਇਆ ਹੋਇਆ ਸੀ। ਇਥੇ ਇਕ ਮੋਟਰਸਾਈਕਲ 'ਤੇ ਆ ਰਹੇ ਵਿਅਕਤੀਆਂ ਨੂੰ ਪੁਲਸ ਨੇ ਰੋਕਿਆ ਤਾਂ ਉਹ ਘਬਰਾ ਗਏ। ਜਦੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਕਰੱਸ਼ਰ 'ਤੇ ਚੋਰੀ ਕਰਨ ਦੀ ਗੱਲ ਕਬੂਲੀ।
ਪੁਲਸ ਨੇ ਉਨ੍ਹਾਂ ਦੀ ਨਿਸ਼ਾਨਦੇਹੀ ਤੋਂ 5 ਹਾਰਸ ਪਾਵਰ ਦੀਆਂ 2 ਬਿਜਲੀ ਦੀਆਂ ਮੋਟਰਾਂ, ਜੇ. ਸੀ. ਬੀ. ਦੇ 2 ਲੋਹੇ ਦੇ ਰਿਮ, ਕਰੱਸ਼ਰ ਦੇ ਰੋਲਰ, 1 ਛੱਤ ਵਾਲਾ ਪੱਖਾ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਕੇਸ਼ ਕੁਮਾਰ ਪੁੱਤਰ ਖੁਸ਼ੀ ਲਾਲ, ਵਾਸੀ ਤੁੰਮਕਲਾਂ ਜ਼ਿਲਾ ਸਿਰਸਾ (ਬਿਹਾਰ), ਅਨੰਦ ਕੁਮਾਰ ਪੁੱਤਰ ਕੈਲਾਸ਼ ਰਿਸ਼ੀ ਦੇਵ ਵਾਸੀ ਢੋਲਵੱਜਾ ਜ਼ਿਲਾ ਅਰੱਈਆਂ (ਬਿਹਾਰ) ਤੇ ਰੌਕੀ ਕੁਮਾਰ ਪੁੱਤਰ ਲਾਲਾ ਰਾਮ, ਵਾਸੀ ਕਨਥਰੀ ਜ਼ਿਲਾ ਸੰਭਲ (ਬਿਹਾਰ) ਵਜੋਂ ਹੋਈ ਹੈ। ਇਨ੍ਹਾਂ ਵਿਚੋਂ ਇਕ ਮੁਲਜ਼ਮ ਪਹਿਲਾਂ ਹੀ ਕਰੱਸ਼ਰ 'ਤੇ ਕੰਮ ਕਰਦਾ ਸੀ, ਜਿਸ ਨੇ ਆਪਣੇ ਸਾਥੀਆਂ ਨਾਲ ਮਿਲ ਕਿ ਕਰੱਸ਼ਰ 'ਤੇ ਚੋਰੀ ਕਰਨ ਦੀ ਯੋਜਨਾ ਬਣਾਈ ਸੀ। ਪੁਲਸ ਨੇ ਤਿੰਨਾਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਅਤੇ ਜੱਜ ਸਾਹਿਬ ਤੋਂ ਦੋਸ਼ੀਆਂ ਦਾ ਦੋ ਦਿਨ ਦਾ ਪੁਲਸ ਰਿਮਾਂਡ ਲੈ ਲਿਆ ਹੈ।
ਦਿਓਰਾਂ ਨੇ ਭਰਜਾਈ ਨੂੰ ਕਹੀ ਮਾਰ ਕੇ ਕੀਤਾ ਜ਼ਖਮੀ
NEXT STORY