ਸੰਗਰੂਰ (ਬੇਦੀ) — ਪੁਲਸ ਨੇ ਮੂਣਕ ਵਿਖੇ ਮੋਬਾਇਲ ਮਾਲਕ 'ਤੇ ਜਾਨਲੇਵਾ ਹਮਲਾ ਕਰਕੇ ਮੋਬਾਇਲ ਲੁੱਟਣ ਵਾਲੇ ਤਿੰਨ ਵਿਅਕਤੀਆਂ ਨੂੰ 22 ਮੋਬਾਇਲਾਂ ਸਮੇਤ ਕਾਬੂ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਸ ਮੁਖੀ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮਿਤੀ 4 ਦਸੰਬਰ 2017 ਸਮਾਂ ਤਕਰੀਬਨ 7.50 ਵਜੇ ਮਨੀਸ਼ ਜੈਨ ਪੁਤਰ ਰਮੇਸ਼ ਜੈਨ ਵਾਸੀ ਵਾਰਡ ਨੰ : 2 ਨੇ ਮੁਕੱਦਮਾ ਦਰਜ ਕਰਵਾਇਆ ਕਿ ਉਸ ਦਾ ਭਰਾ ਅਸ਼ੀਸ਼ ਜੈਨ ਦੁਕਾਨ ਬੰਦ ਕਰਨ ਲਈ ਤਿਆਰੀ ਸੀ ਕਿ ਇਕ ਮੋਟਰਸਾਇਕਲ ਤੇ ਦੋ ਨੌਜਵਾਨ ਆਏ, ਜਿਨ੍ਹਾਂ 'ਚੋਂ ਇਕ ਨੌਜਵਾਨ ਨੇ ਦੁਕਾਨ ਅੰਦਰ ਆ ਕੇ ਮੁਦੱਈ ਦੇ ਭਰਾ ਅਸ਼ੀਸ਼ ਜੈਨ ਦੇ ਸਿਰ 'ਤੇ ਵਾਰ ਕਰਕੇ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ ਅਤੇ ਕਾਊਂਟਰ 'ਤੇ ਰੱਖੇ ਵੱਖ-ਵੱਖ 25 ਮੋਬਾਇਲਾਂ ਨਾਲ ਭਰੇ ਬੈਗ ਨੂੰ ਖੋਹ ਕੇ ਮੋਟਰਸਾਇਲ 'ਤੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਮੂਣਕ ਵਿਖੇ ਅਸਲਾ ਐਕਟ ਦੀਆਂ ਧਰਾਵਾਂ ਤਹਿਤ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲ ਦਰਜ ਕੀਤਾ ਗਿਆ ਸੀ।
ਸਿੱਧੂ ਨੇ ਅੱਗੇ ਦੱਸਿਆ ਕਿ ਅਜੇਪਾਲ ਸਿੰਘ ਉਪ ਕਪਤਾਨ ਪੁਲਸ ਮੂਣਕ, ਥਾਣੇਦਾਰ ਰਮਨਦੀਪ ਸਿੰਘ ਮੁੱਖ ਅਫ਼ਸਰ ਥਾਣਾ ਮੂਣਕ ਵੱਲੋਂ ਮਿਹਨਤ ਕਰਕੇ ਡੂੰਘਾਈ ਨਾਲ ਤਫਤੀਸ਼ ਕੀਤੀ ਗਈ। ਦੌਰਾਨੇ ਤਫਤੀਸ਼ 17 ਜਨਵਰੀ ਨੂੰ ਥਾਣੇਦਾਰ ਰਮਨਦੀਪ ਸਿੰਘ ਮੁੱਖ ਅਫ਼ਸਰ ਥਾਣਾ ਮੂਣਕ ਸਮੇਤ ਪੁਲਸ ਪਾਰਟੀ ਦੇ ਪਿੰਡ ਲਹਿਲ ਕਲਾਂ ਦੌਰਾਨੇ ਨਾਕਾਬੰਦੀ ਦੋਸ਼ੀ ਪੱਪੀ ਸਿੰਘ ਪੁੱਤਰ ਭੋਲਾ ਵਾਸੀ ਸੇਖੂਵਾਸ ਥਾਣਾ ਲਹਿਰਾ, ਜਗਜੀਤ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਵਾਰਡ ਨੰ : 10 ਲਹਿਰਾ, ਜਗਸੀਰ ਸਿੰਘ ਉਰਫ਼ ਲੱਭੂ ਪੁੱਤਰ ਟਹਿਲ ਸਿੰਘ ਵਾਸੀ ਲਹਿਲ ਖੁਰਦ ਨੂੰ ਮੋਟਰਸਾਇਕਲ ਮਾਰਕਾ ਪਲਸਰ ਸਮੇਤ ਕਾਬੂ ਕਰਕੇ ਗ੍ਰਿਫਤਾਰ ਕੀਤਾ। ਮੁਲਜ਼ਮ ਪੱਪੀ ਸਿੰਘ ਪਾਸੋਂ ਇਕ ਕਮਾਨੀਦਾਰ ਚਾਕੂ, ਇਕ ਪਿੱਠੂ ਬੈਗ 'ਚੋਂ 11 ਮੋਬਾਇਲ ਫੋਨ ਮਾਰਕਾ ਸੈਮਸੰਗ, ਦੋਸ਼ੀ ਜਗਜੀਤ ਸਿੰਘ ਦੇ ਪਿੱਠੂ ਬੈਗ 'ਚੋਂ 8 ਮੋਬਾਇਲ ਫੋਨ ਮਾਰਕਾ ਲਾਵਾ ਤੇ ਸੈਮਸੰਗ, ਦੋਸ਼ੀ ਜਗਸੀਰ ਦੇ ਪਿੱਠੂ ਬੈਗ 'ਚੋਂ 3 ਮੋਬਾਇਲ ਫੋਨ ਮਾਰਕਾ ਸੈਮਸੰਗ ਤੇ ਨੌਕੀਆ ਬਰਾਮਦ ਕਰਵਾਏ। ਪੁਲਸ ਵੱਲੋਂ ਦੋਸ਼ੀਆਂ ਦਾ ਰਿਮਾਂਡ ਲੈ ਕੇ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਰਿਚਾਰਜ ਦਾ ਬਹਾਨਾ ਲਾ ਕੇ ਕੀਤਾ ਮਾਲਕ ਜ਼ਖਮੀ
ਦੌਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਕਿ ਦੋਸ਼ੀਆਨ ਦਾ ਅਪਰਾਧਕ ਪਿਛੋਕੜ ਹੈ। ਘਟਨਾ ਵਾਲੇ ਦਿਨ ਤਿੰਨੇ ਦੋਸ਼ੀਆਨ ਮੋਟਰਸਾਇਕਲ 'ਤੇ ਸਵਾਰ ਤੇਜ਼ ਹਥਿਆਰ ਨਾਲ ਲੈਸ ਹੋ ਕੇ ਮੂਣਕ ਵਿਖੇ ਜੈਨ ਟੈਲੀਕਾਮ ਦੀ ਦੁਕਾਨ 'ਤੇ ਪੁੱਜੇ ਦੋਸ਼ੀ ਜਗਜੀਤ ਸਿੰਘ ਮੋਟਰਸਾਇਕਲ ਸਟਾਰਟ ਕਰਕੇ ਤਿਆਰ ਖੜਾ ਰਿਹਾ ਦੂਸਰਾ ਜਗਸੀਰ ਸਿੰਘ ਨਿਗਰਾਨੀ ਲਈ ਦੁਕਾਨ ਦੀ ਸਾਇਡ 'ਤੇ ਖੜਾ ਰਿਹਾ ਤੇ ਤੀਸਰਾ ਦੋਸ਼ੀ ਪੱਪੀ ਸਿੰਘ ਦੁਕਾਨ ਅੰਦਰ ਦਾਖਲ ਹੋ ਕੇ ਅਸ਼ੀਸ਼ ਜੈਨ ਨੂੰ ਮੋਬਾਇਲ ਰਿਚਾਰਜ ਕਰਨ ਦਾ ਬਹਾਨਾ ਬਣਾ ਕੇ ਮੌਕਾ ਦੇਖ ਕੇ ਅਸ਼ੀਸ਼ ਜੈਨ 'ਤੇ ਮਾਰ ਦੇਣ ਦੀ ਨੀਯਤ ਨਾਲ ਤੇਜ਼ ਹਥਿਆਰ ਨਾਲ ਵਾਰ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ। ਉਸਦੇ ਕਾਊਂਟਰ 'ਤੇ ਰੱਖੇ ਮੋਬਾਇਲਾਂ ਨਾਲ ਭਰੇ ਬੈਗ ਨੂੰ ਖੋਹ ਕੇ ਮੋਟਰਸਾਇਕਲ ਤੇ ਸਵਾਰ ਹੋ ਕੇ ਭੱਜ ਗਏ। ਦੋਸ਼ੀਆਂ ਨੇ ਲੁੱਟੇ ਹੋਏ ਮੋਬਾਇਲ ਆਪਸ 'ਚ ਵੰਡ ਲਏ, ਜੋ ਮੋਬਾਇਲਾਂ ਨੂੰ ਅੱਗੇ ਵੇਚਣ ਜਾ ਰਹੇ ਸਨ, ਜਿਨ੍ਹਾਂ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ।
ਸਕੂਲ ਵੈਨ ਚਾਲਕਾਂ ਨੂੰ ਆਵਾਜਾਈ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ: ਏ. ਡੀ. ਸੀ.
NEXT STORY